ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ, 23 ਨਵੰਬਰ – ਭਾਜਪਾ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਵਿੱਚ ਨਾਕਾਮ ਹੋਣ ਉੱਤੇ ‘ਆਪ’ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ 8 ਮਹੀਨਿਆਂ ਵਿੱਚ ਨਸ਼ਿਆਂ ਦੇ ਮਾਮਲਿਆਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਥਾਂ ‘ਚਿੱਟਾ’ ਆਸਾਨੀ ਨਾਲ ਮਿਲਣਾ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ਵਿੱਚ ਸਿਰਫ ਇੱਕ ਜ਼ਿਲ੍ਹੇ ਜਲੰਧਰ ਵਿੱਚ 27 ਡਰੱਗ ਹੌਟ ਸਪੋਟ ਦੀ ਪਛਾਣ ਕੀਤੀ ਗਈ ਹੈ, ਜੋ ਕਿ ਪੰਜਾਬ ਵਿੱਚ ਚਿੰਤਾਜਨਕ ਸਥਿਤੀ ਵੱਲ ਇਸ਼ਾਰਾ ਕਰਦਾ ਹੈ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਆਲ ਕਰਦੇ ਹੋਏ ਕਿਹਾ ਤੁਸੀਂ ਅਤੇ ਤੁਹਾਡੇ ਸਿਆਸੀ ਆਗੂ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨਾਲ ਜੋ ਵਾਅਦੇ ਅਤੇ ਐਲਾਨ ਕੀਤੇ ਸਨ ਕਿ ਤੁਸੀਂ ਸੱਤਾ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚੋਂ ਨਸ਼ਾਖੋਰੀ ਨੂੰ ਜੜ੍ਹੋ ਖ਼ਤਮ ਕਰ ਦੇਵੋਗੇ, ਉਸ ਦਾ ਕੀ ਹੋਇਆ? ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਸਾਰੀਆਂ ਗਤੀਵਿਧੀਆਂ ‘ਆਪ’ ਸਰਕਾਰ ਦੇ ਨੱਕ ਹੇਠ ਹੋ ਰਹੀਆਂ ਹਨ।ਪੰਜਾਬ ਦੇ ਲੋਕ ਰੋਜ਼ਾਨਾ ਸੋਸ਼ਲ ਮੀਡੀਆ ਅਤੇ ਖ਼ਬਰਾਂ ਵਿੱਚ ਦੁਖਦਾਈ ਤਸਵੀਰਾਂ ਅਤੇ ਵੀਡੀਓ ਦੇਖਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਕੈਬਨਿਟ ਮੰਤਰੀਆਂ ਗੁਜਰਾਤ ਦੇ ਵੋਟਰਾਂ ਨੂੰ ਲੁਭਾਉਣ ਲਈ ਪੰਜਾਬ ਨੂੰ ਰੱਬ ਦੇ ਭਰੋਸੇ ‘ਤੇ ਛੱਡ ਦਿੱਤਾ ਹੈ। ਇੱਥੇ ਹਰ ਮੋਰਚੇ ‘ਤੇ ਪੰਜਾਬ ਸਰਕਾਰ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ।
‘ਆਪ’ ਦਾ ਪੰਜਾਬ ‘ਚੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਦੇ ਦਾਅਵਾ ਦੀ ਅਸਲੀਅਤ ਸਾਹਮਣੇ ਆ ਰਹੀ ਹੈ। ਉਨ੍ਹਾਂ ਦੇ ਕੀਤੇ ਗਏ ਖੋਖਲੇ ਵਾਅਦਿਆਂ ਦਾ ਇਕ ਤੋਂ ਬਾਅਦ ਇਕ ਪਰਦਾਫਾਸ਼ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਜਲਦ ਤੋਂ ਜਲਦ ਗੁਜਰਾਤ ਤੋਂ ਵਾਪਸ ਪਰਤਣ ਅਤੇ ਸੂਬੇ ਵਿੱਚ ਨਸ਼ਿਆਂ ਦੇ ਸੰਵੇਦਨਸ਼ੀਲ ਮੁੱਦਿਆਂ ਨੂੰ ਹੱਲ ਕਰਨ ਲਈ ਸਖ਼ਤ ਕਦਮ ਚੁੱਕਣ।ਇੰਜ ਜਾਪਦਾ ਹੈ ਕਿ ‘ਆਪ’ ਸਰਕਾਰ ਕੋਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣ ਲਈ ਇੱਛਾ ਸ਼ਕਤੀ ਅਤੇ ਰਣਨੀਤੀ ਦੋਵਾਂ ਦੀ ਹੀ ਘਾਟ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਡਰੱਗ ਮਾਫੀਆ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਅਤੇ ਸਰਹੱਦੀ ਖੇਤਰਾਂ ਵਿੱਚ ਸਖ਼ਤ ਨਜ਼ਰ ਨਾ ਰੱਖਣ ਕਾਰਣ ਨਸ਼ੇ ਦੀ ਤਸੱਕਰੀ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ।
‘ਆਪ’ ਪੰਜਾਬ ‘ਚ ਨਸ਼ਾਖੋਰੀ ਨਾਲ ਨਜਿੱਠਣ ‘ਚ ਅਸਫਲ- ਬਲਬੀਰ ਸਿੱਧੂ
7 Views