ਸੰਭਾਵੀ ਫ਼ੇਰਬਦਲ ਦੌਰਾਨ ਵਜ਼ਾਰਤ ’ਚ ਜਗ੍ਹਾਂ ਮਿਲਣ ਦੀ ਸੰਭਾਵਨਾ ਹੋਈ ਖ਼ਤਮ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਅਪਣੀ ਤਲਵੰਡੀ ਸਾਬੋ ਹਲਕੇ ਤੋਂ ਦੂਜੀ ਵਾਰ ਦੀ ਵਿਧਾਇਕਾ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣ ਦਾ ਫੈਸਲਾ ਲਿਆ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਵਿਧਾਨ ਸਭਾ ’ਚ ਪਾਰਟੀ ਦੀ ਚੀਫ਼ ਵਿੱਪ ਬਣਾਈ ਗਈ ਬੀਬੀ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਦੇਣ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ‘ਦਿ ਸੈਲਰੀਜ਼ ਐਂਡ ਅਲਾਊਂਸਿਜ਼ ਆਫ ਦਿ ਚੀਫ ਵਿੱਪ ਇਨ ਪੰਜਾਬ ਲੈਜਿਸਲੇਟਿਵ ਅਸੈਂਬਲੀ ਐਕਟ, 2022’ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸਤੋਂ ਬਾਅਦ ਹੁਣ ਇਹ ਤੈਅ ਹੋ ਗਿਆ ਹੈ ਕਿ ਆਉਣ ਵਲੇ ਸਮੇਂ ਵਿਚ ਬਲਜਿੰਦਰ ਕੌਰ ਨੂੰ ਸੂਬਾ ਸਰਕਾਰ ਦੇ ਮੰਤਰੀਆਂ ਦੇ ਬਰਾਬਰ ਦਰਜਾ, ਤਨਖਾਹ, ਭੱਤੇ ਤੇ ਹੋਰ ਸਹੂਲਤਾਂ ਮਿਲਣਗੀਆਂ। ਪੰਜਾਬ ਸਰਕਾਰ ਨੇ ਇਸਦੇ ਪਿੱਛੇ ਤਰਕ ਦਿੱਤਾ ਹੈ ਕਿ ਭਾਰਤੀ ਸੰਸਦੀ ਪ੍ਰਣਾਲੀ ਵਿੱਚ ਪਾਰਟੀ ਦਾ ਚੀਫ ਵਿੱਪ ਅਹਿਮ ਰੋਲ ਨਿਭਾਉਂਦਾ ਹੈ ਅਤੇ ਸਦਨ ਦੀ ਕਾਰਵਾਈ ਸੁਚਾਰੂ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਚੱਲਣੀ ਯਕੀਨੀ ਬਣਾਉਂਦਾ ਹੈ। ਇਸ ਲਈ ਸਰਕਾਰ ਨੇ ਬਹੁਮਤ ਵਾਲੀ ਪਾਰਟੀ ਦੇ ਚੀਫ ਵਿੱਪ ਨੂੰ ਮੰਤਰੀ ਦੇ ਬਰਾਬਰ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ’ਚ ਸੰਭਾਵੀ ਫ਼ੇਰਬਦਲ ਦੌਰਾਨ ਬਲਜਿੰਦਰ ਕੌਰ ਦੇ ਕੈਬਨਿਟ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਦਿੱਤਾ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਮੀਡੀਆ ਵਿਚਕਾਰ ਚੱਲ ਰਹੀਆਂ ਚਰਚਾਵਾਂ ਦੌਰਾਨ ਆਉਣ ਵਾਲੇ ਦਿਨਾਂ ‘ਚ ਭਗਵੰਤ ਮਾਨ ਵਜ਼ਾਰਤ ਵਿਚ ਹੋਣ ਵਾਲੀ ਸੰਭਾਵੀਂ ਤਬਦੀਲੀ ਵਿਚ ਬੀਬੀ ਬਲਜਿੰਦਰ ਕੌਰ ਦਾ ਨਾਮ ਮੂਹਰਲੀ ਸਫ਼ਾ ਵਿਚ ਚੱਲ ਰਿਹਾ ਸੀ। ਉਹ ਨਾ ਸਿਰਫ਼ ਸਿੱਖਾਂ ਦੇ ਚੌਥੇ ਤਖ਼ਤ ਮੰਨੇ ਜਾਂਦੇ ਇਤਿਹਾਸਕ ਨਗਰ ਤਲਵੰਡੀ ਸਾਬੋ ਤੋਂ ਵਿਧਾਇਕਾ ਹਨ, ਬਲਕਿ ਪਾਰਟੀ ਲਈ ਚਾਰ ਵਾਰ ਚੋਣਾਂ ਵੀ ਲੜ੍ਹ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਦੇ ਗਠਨ ਤੋਂ ਲੈ ਕੇ ਹੀ ਪਾਰਟੀ ਨਾਲ ਔਖੇ ਸਮਿਆਂ ਤੋਂ ਜੁੜੇ ਆ ਰਹੇ ਹਨ। ਚਰਚਾ ਮੁਤਾਬਕ ਬਲਜਿੰਦਰ ਕੌਰ ਦੇ ਮੁੱਖ ਮੰਤਰੀ ਖੇਮੇ ਦੀ ਬਜ਼ਾਏ ਦਿੱਲੀ ਨਾਲ ਸਿੱਧੀ ਜੁੜੀ ਹੋਣ ਕਾਰਨ ਹੀ ਉਸਦੇ ਵਜ਼ਾਰਤ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਮੱਧਮ ਕਰ ਰਿਹਾ ਹੈ।
Share the post "ਆਪ ਵਿਧਾਇਕਾ ਬਲਜਿੰਦਰ ਕੌਰ ਨੂੰ ਮਿਲੇਗਾ ਕੈਬਨਿਟ ਰੈਂਕ, ਮੰਤਰੀ ਮੰਡਲ ਨੇ ਦਿੱਤੀ ਮੰਨਜੂਰੀ"