15 Views
ਸੁਖਜਿੰਦਰ ਮਾਨ
ਬਠਿੰਡਾ,22 ਮਈ: ਨਗਰ ਨਿਗਮ ਵੱਲੋਂ ਹਰ ਸਾਲ ਕਾਓ ਸੈੱਸ ਦੇ ਨਾਂ ‘ਤੇ ਸ਼ਹਿਰੀਆਂ ਕੋਲੋਂ ਕਰੋਡ਼ਾਂ ਰੁਪਏ ਟੈਕਸ ਦੇ ਰੂਪ ਵਿਚ ਇਕੱਠੇ ਕਰਨ ਦੇ ਬਾਵਜੂਦ ਸਹਿਰ ‘ਚ ਆਏ ਦਿਨ ਆਵਾਰਾ ਪਸ਼ੂਆਂ ਕਾਰਨ ਵਿਅਕਤੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਬੀਤੀ ਰਾਤ ਅਜਿਹੇ ਹੀ ਇੱਕ ਵਾਪਰੇ ਹਾਦਸੇ ਵਿਚ ਸਥਾਨਕ ਸ਼ਹਿਰ ਦੇ ਵਾਸੀ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੁਖਦੀਪ ਸਿੰਘ ਸਿੱਧੂ ਪੁੱਤਰ ਹਰਪਾਲ ਸਿੰਘ ਵਾਸੀ ਹਜ਼ੂਰਾ ਕਪੂਰਾ ਕਲੋਨੀ ਦੇ ਤੌਰ ‘ਤੇ ਹੋਈ ਹੈ, ਜਿਹੜਾ ਰੋਜ਼ ਦੀ ਤਰ੍ਹਾਂ ਸ਼ਹਿਰ ਵਿਚ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਨ ਤੋਂ ਬਾਅਦ ਦੇਰ ਸ਼ਾਮ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਇਕ ਸਾਨ੍ਹ ਉਸਦੇ ਮੋਟਰਸਾਈਕਲ ਸਾਹਮਣੇ ਆ ਗਿਆ ਅਤੇ ਜਿਸ ਨਾਲ ਉਸ ਦੀ ਟੱਕਰ ਹੋ ਗਈ। ਇਹ ਹਾਦਸਾ ਬਰਨਾਲਾ ਬਾਈਪਾਸ ‘ਤੇ ਸਥਿਤ ਸਟੈਲਾ ਹੋਟਲ ਦੇ ਕੋਲ ਵਾਪਰਿਆ । ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਮੌਕੇ ‘ਤੇ ਪੁੱਜੇ ਅਤੇ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਤਾ ਲੱਗਿਆ ਹੈ ਕਿ ਮ੍ਰਿਤਕ ਸੁਖਦੀਪ ਸਿੰਘ ਸਿੱਧੂ ਦਾ ਕਰੀਬ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦੇ ਇੱਕ ਛੇ ਮਹੀਨਿਆਂ ਦੀ ਬੱਚੀ ਵੀ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਸੋਗ ਅਤੇ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਾਸੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੂੰ ਸਾਂਝਾ ਕਰਦਿਆਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਗੁੱਸਾ ਕੱਢਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਅਵਾਰਾ ਪਸ਼ੂਆਂ ਦੇ ਕਾਰਨ ਇਕੱਲੇ ਬਠਿੰਡਾ ਸ਼ਹਿਰ ਵਿੱਚ ਹੀ ਦਰਜਨਾਂ ਮੌਤਾਂ ਹੋ ਚੁੱਕੀਆਂ ਹਨ ਪ੍ਰੰਤੂ ਨਗਰ ਨਿਗਮ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹਾਲੇ ਤੱਕ ਹੱਲ ਨਹੀਂ ਕਰ ਪਾਇਆ ਹੈ।