ਡਿਪਟੀ ਸੀਐਮ ਲਈ ਕਰ ਰਿਹਾ ਸੀ ਜੈਕੇਟ ਦੀ ਚੋਣ
ਸਿੱਧੂ ਤੇ ਜਾਖ਼ੜ ਧੜੇ ਦਾ ਵਿਰੋਧ ਰੰਧਾਵਾ ਨੂੰ ਪਿਆ ਮਹਿੰਗਾ
ਸੁਖਜਿੰਦਰ ਮਾਨ
ਬਠਿੰਡਾ, 19 ਸਤੰਬਰ –ਕਹਿੰਦੇ ਨੇ ਸਿਆਸਤ ’ਚ ਕੋਈ ਵੀ ਚੀਜ਼ ਸਥਾਈ ਨਹੀਂ ਹੁੰਦੀ ਤੇ ਖ਼ਾਸਕਰ ਕਾਂਗਰਸ ਵਰਗੀ ਪਾਰਟੀ ’ਚ। ਅਜਿਹਾ ਹੀ ਕੁੱਝ ਵਾਪਰਿਆਂ ਸੁਨੀਲ ਜਾਖੜ ਤੇ ਮਾਂਝੇ ਦੇ ਜਰਨੈਲ ਸੁਖਜਿੰਦਰ ਸਿੰਘ ਰੰਧਾਵਾ ਨਾਲ, ਜਿਹੜੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਲਈ ਰਾਜਪਾਲ ਨੂੰ ਮਿਲਣ ਜਾਂਦੇ-ਜਾਂਦੇ ਖ਼ਾਲੀ ਹੱਥ ਰਹਿ ਗਏ। ਸਪੋਕਸਮੈਨ ਦੇ ਇਸ ਪ੍ਰਤੀਨਿਧ ਵਲੋਂ ਕਾਂਗਰਸ ਪਾਰਟੀ ਦੇ ਉਚ ਸੂਤਰਾਂ ਨਾਲ ਕੀਤੀ ਗੱਲਬਾਤ ਦੌਰਾਨ ਸਾਹਮਣੇ ਆਇਆ ਕਿ ਰੰਧਾਵਾ ਦਾ ਨਾਮ ਲਗਭਗ ਤੈਅ ਹੋਣ ਅਤੇ ਖ਼ੁਦ ਨੂੰ ਉਪ ਮੁੱਖ ਮੰਤਰੀ ਦੇ ਅਹੁੱਦੇ ਦਾ ਇਸ਼ਾਰਾ ਮਿਲਣ ਤੋਂ ਬਾਅਦ ਲਈ ਸਹੁੰ ਚੁੱਕਣ ਵਾਸਤੇ ਪਹਿਨਣ ਲਈ ਗੱਡੀ ਵਿਚ ਜਾਂਦੇ ਸਮੇਂ ਅਪਣੇ ਸਾਥੀਆਂ ਨਾਲ ‘ਡਰੈਸ’ ਦੀ ਚਰਚਾ ਕਰਦੇ-ਕਰਦੇ ਚਰਨਜੀਤ ਸਿੰਘ ਚੰਨੀ ਦੀ ਅਚਾਨਕ ਕਿਸਮਤ ਜਾਗ ਪਈ। ਜਦੋਂਕਿ ਸਾਰਾ ਦਿਨ ਚੰਨੀ ਤੇ ਰੰਧਾਵਾ ਅਤੇ ਹੋਰ ਸਾਰੇ ਸਾਥੀ ਇੱਕ ਦੂਜੇ ਦੇ ਨਾਲ ਹੀ ਰਹੇ। ਚੰਨੀ ਦੇ ਨਾਲ ਰਹੇ ਇੱਕ ਕਾਂਗਰਸੀ ਆਗੂ ਨੇ ਅਪਣਾ ਨਾਮ ਨਾ ਛਾਪਣ ਦੀ ਸਰਤ ’ਤੇ ਦਸਿਆ ਕਿ ‘‘ ਹੋਟਲ ਦੇ ਰਾਸਤੇ ਤੱਕ ਜਾਂਦੇ ਸਮੇਂ ਖ਼ੁਦ ਉਨ੍ਹਾਂ ਨੂੰ ਖੁਦ ਕੁੱਝ ਪਤਾ ਨਹੀਂ ਸੀ । ’’ ਉਨ੍ਹਾਂ ਅੱਗੇ ਦਸਿਆ ਕਿ ਅੱਜ ਸੁਬਹ ਤੋਂ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੁੱਖ ਮੰਤਰੀ ਬਣਨ ਬਾਰੇ ਲਗਭਗ ਫ਼ਾਈਨਲ ਸੀ ਤੇ ਲਾਲ ਸਿੰਘ ਸ: ਰੰਧਾਵਾ ਦੇ ਘਰ ਆ ਕੇ ਸੀਐਲਪੀ ਦਾ ਲੀਡਰ ਚੁਣਨ ਲਈ ਰਸਮੀ ਕਾਰਵਾਈਆਂ ਪੂਰੀਆਂ ਕਰਨ ਵਾਸਤੇ ਦਸਖ਼ਤ ਵੀ ਕਰਵਾ ਕੇ ਲੈ ਗਏ ਸਨ। ਫ਼ਿਰ ਅਜਿਹਾ ਕੀ ਹੋਇਆ ਕਿ ਬਾਦਲਾਂ ਵਿਰੁਧ ਧਾਕੜ ਮੰਨੇ ਜਾਣ ਵਾਲੇ ਇਸ ਮਝੈਲ ਜਰਨੈਲ ਦੇ ਰਾਸਤੇ ਵਿਚ ਕੰਡੇ ਵਿਛ ਗਏ ਤੇ 57 ਸਾਲਾਂ ਬਾਅਦ ਮਾਲਵੇ ਤੋਂ ਮੁੱਖ ਮੰਤਰੀ ਦਾ ਅਹੁੱਦਾ ਮਾਝੇ ਵਿਚ ਜਾਂਦਾ ਜਾਂਦਾ ਰਹਿ ਗਿਆ? ਸੂਤਰਾਂ ਮੁਤਾਬਕ ਜਿੱਥੇ ਰੰਧਾਵਾ ਦੀ ਕਿਸਮਤ ਐਨ ਮੌਕੇ ’ਤੇ ਹਾਰ ਗਈ, ਉਥੇ ਨਵਜੋਤ ਸਿੱਧੂ ਤੇ ਜਾਖੜ ਧੜੇ ਦਾ ਅੰਦਰਖ਼ਾਤੇ ਵਿਰੋਧ ਵੀ ਉਨ੍ਹਾਂ ’ਤੇ ਭਾਰੂ ਪੈ ਗਿਆ। ਸੂਚਨਾ ਮੁਤਾਬਕ ਬੀਤੀ ਦੇਰ ਰਾਤ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਮੁੱਖ ਮੰਤਰੀ ਦੇ ਅਹੁੱਦੇ ਲਈ ਤੈਅ ਸੀ ਤੇ ਉਨ੍ਹਾਂ ਦੇ ਨਾਲ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਨੂੰ ਉਪ ਮੁੱਖ ਬਣਾਇਆ ਜਾਣਾ ਸੀ ਪ੍ਰੰਤੂ ਮਾਂਝਾ ਬਿ੍ਰਗੇਡ ਦੁਆਰਾ ਜਾਖੜ ਦੇ ਹਿੰਦੂ ਚੇਹਰੇ ਤੇ ਵਿਧਾਨ ਸਭਾ ਦੇ ਮੈਂਬਰ ਨਾ ਹੋਣ ਦਾ ਮੁੱਦਾ ਚੁੱਕ ਕੇ ਉਨ੍ਹਾਂ ਦਾ ਰਾਸਤਾ ਰੋਕ ਦਿੱਤਾ ਗਿਆ। ਜਦੋਂਕਿ ਹਾਈਕਮਾਂਡ ਵਲੋਂ ਸੱਦੀ ਸੀਨੀਅਰ ਮਹਿਲਾ ਆਗੂ ਅੰਬਿਕਾ ਸੋਨੀ ਨੇ ਵੀ ਇਹ ਕਹਿ ਕੇ ਬਲਦੀ ’ਤੇ ਤੇਲ ਪਾ ਦਿੱਤਾ ਕਿ ‘‘ ਦੇਸ ਦੇ ਇਕਲੌਤੇ ਸੂਬੇ ਪੰਜਾਬ ਵਿਚ ਗੈਰ ਸਿੱਖ ਚਿਹਰਾ ਅੱਗੇ ਲਿਆਉਣਾ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਹੈ।’’ ਜਿਸਤੋਂ ਬਾਅਦ ਕਹਾਣੀ ਬਦਲ ਗਈ ਤੇ ਸੁਖਜਿੰਦਰ ਰੰਧਾਵਾ ਵਿਧਾਇਕਾਂ ਤੇ ਹਾਈਕਮਾਂਡ ਦੀ ਪਸੰਦ ਬਣਨ ਲੱਗੇ। ਪ੍ਰੰਤੂ ਸੂਤਰਾਂ ਮੁਤਾਬਕ ਇਸ ਦੌਰਾਨ ਹੀ ਨਵਜੋਤ ਸਿੱਧੂ ਦੇ ਕੰਨ ਵਿਚ ਕਿਸੇ ਨੇ ਇਹ ਗੱਲ ਪਾ ਦਿੱਤੀ ਕਿ ਜੇਕਰ ਕਾਬਲ ਆਗੂ ਮੰਨੇ ਜਾਂਦੇ ਸੁਖਜਿੰਦਰ ਸਿੰਘ ਰੰਧਾਵਾ ਦੀ ਕਾਰਗੁਜ਼ਾਰੀ ਜਿਆਦਾ ਵਧੀਆ ਰਹੀ ਤਾਂ ਉਸਦੇ ਲਈ 2022 ਦਾ ਰਾਸਤਾ ਵੀ ਬੰਦ ਹੋ ਜਾਵੇਗਾ। ਇਸਦੇ ਇਲਾਵਾ ਅਪਣੇ ਘਰੋਂ ਨਿਕਲਦੇ ਸਮੇਂ ਰੰਧਾਵਾ ਦੁਆਰਾ ਇੱਕ ਸੁਲਝੇ ਆਗੂ ਵਾਂਗ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਾਂ ਬਾਰੇ ਕੀਤੀਆਂ ਬੇਬਾਕ ਟਿੱਪਣੀਆਂ ਵੀ ਕਈਆਂ ਦੇ ਮਨ ਨੂੰ ਦੁਖੀ ਕਰ ਗਈਆਂ। ਜਿਸਦੇ ਚੱਲਦੇ ਸਵੇਰ ਤੋਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਬਾਅਦ ਮੁੱਖ ਮੰਤਰੀ ਬਣਨ ਦੀ ਦੋੜ ’ਚ ਲੱਗੇ ‘ਗੁਰੂ’ ਵੀ ਇਸ ਅਹੁੱਦੇ ਲਈ ਅੜ ਗਏ ਤੇ ਹਾਈਕਮਾਂਡ ਲਈ ਅੱਗੇ ਦਾ ਰਾਸਤਾ ਕਾਫ਼ੀ ਔਖਾ ਹੋ ਗਿਆ। ਇਸ ਦੌਰਾਨ ਹਾਈਕਮਾਂਡ ਤੱਕ ਪਹੁੰਚ ਰੱਖਣ ਵਾਲੇ ਇੱਕ ਮਲਵਾਈ ਮੰਤਰੀ ਨੇ ਪੰਜਾਬ ’ਚ 32 ਫ਼ੀਸਦੀ ਦਲਿਤ ਆਬਾਦੀ ਤੇ ਵਿਰੋਧੀ ਪਾਰਟੀਆਂ ਵਲੋਂ ਦਲਿਤ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਣਾਉਣ ਦੇ ਕੀਤੇ ਐਲਾਨਾਂ ਦਾ ਹਵਾਲਾ ਦੇ ਕੇ ‘ਗੇਮ’ ਚੰਨੀ ਦੇ ਹੱਕ ਵਿਚ ਕਰ ਦਿੱਤੀ। ਇਸਦੇ ਨਾਲ ਜਾਖੜ ਤੇ ਸਿੱਧੂ ਵੀ ਸ਼ਾਂਤ ਹੋ ਗਏ। ਉਜ ਇਹ ਗੱਲ ਵੀ ਦਸਣੀ ਜਰੂਰੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦਿਓ ਲਾਉਣ ਦੇ ਛਿੜੇ ਮਹਾਂਯੁੱਧ ਵਿਚ ਨਵਜੋਤ ਸਿੱਧੂ ਦੇ ਨਾਲ ਮਾਂਝਾ ਬਿ੍ਰਗੇਡ ਦੇ ਇਲਾਵਾ ਚਰਨਜੀਤ ਸਿੰਘ ਚੰਨੀ ਦੀ ਵੀ ਵੱਡੀ ਭੂਮਿਕਾ ਰਹੀ ਹੈ। ਜਿਸਦੇ ਚੱਲਦੇ ਆਉਣ ਵਾਲੇ ਦਿਨਾਂ ‘ਚ ਸਿੱਧੂ ਤੇ ਮਾਂਝਾ ਬਿ੍ਰਗੇਡ ਦੀ ਚੰਨੀ ਨਾਲ ਚਾਲ ਮਿਲਣ ’ਚ ਜਿਆਦਾ ਦਿੱਕਤ ਆਉਣ ਦੀ ਸੰਭਾਵਨਾ ਨਹੀਂ ਹੈ।