ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਲੋਕ ਮੋਰਚਾ ਪੰਜਾਬ ਵੱਲੋਂ ਵਿੱਢੀ “ਇਨਕਲਾਬੀ ਬਦਲ ਉਸਾਰੋ“ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ ਪਿੰਡ ਘੁੱਦਾ ਵਿਖੇ ਵਿਸਾਲ ਇਕੱਤਰਤਾ ਕੀਤੀ ਗਈ। ਜਿਸ ਵਿੱਚ ਨੇੜਲੇ ਪਿੰਡਾਂ ਦੇ ਕਿਸਾਨਾਂ, ਮਜਦੂਰਾਂ, ਅਧਿਆਪਕਾਂ, ਮੁਲਾਜਮਾਂ, ਵਿਦਿਆਰਥੀਆਂ, ਨੌਜਵਾਨਾਂ ਨੇ ਹਿੱਸਾ ਲਿਆ।ਇਕੱਤਰਤਾ ਵਿੱਚ ਬੋਲਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਲੋਕ ਮੋਰਚਾ ਪੰਜਾਬ ਦੇ ਲੋਕਾਂ ਨੂੰ ਸਰਕਾਰ ਨਹੀਂ, ਰਾਜ ਬਦਲਣ ਲਈ ਜੂਝਣ ਦਾ ਸੱਦਾ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸੰਕਟਾਂ ਵਿਚ ਘਿਰੇ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੀ ਦਾਰੂ ਇਹ ਵਿਧਾਨ ਸਭਾ ਨਹੀਂ ਹੈ।ਇਹ ਤਾਂ ਸਰਮਾਏਦਾਰਾਂ, ਜਗੀਰਦਾਰਾਂ ਤੇ ਸਾਮਰਾਜੀਆਂ ਦਾ ਪਾਣੀ ਭਰਦੀ ਹੈ।ਇਥੇ ਇਹਨਾਂ ਦੀ ਹੀ ਪੁੱਗਦੀ ਹੈ। ਲੋਕਾਂ ਦੀ ਤਾਂ ਸੰਘਰਸਾਂ ਦੇ ਜੋਰ ਹੀ ਪੁੱਗਦੀ ਹੈ। ਉਹਨਾਂ ਲੋਕਾਂ ਨੂੰ ਆਪਣੀ ਜਥੇਬੰਦ ਤਾਕਤ ਦਾ ਕਿਲ੍ਹਾ ਤਕੜਾ ਕਰਦਿਆਂ ਸਰਕਾਰ ਦੀ ਬਜਾਏ ਰਾਜ ਤੇ ਸਮਾਜ ਬਦਲਣ ਲਈ ਜੂਝਣ ਦੀ ਦਿਸਾ ਵਿੱਚ ਅੱਗੇ ਵਧਣ ਦਾ ਸੱਦਾ ਦਿੱਤਾ।ਮੋਰਚੇ ਦੀ ਸਹਿਯੋਗੀ ਕਮੇਟੀ ਮੈਂਬਰ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਲੋਕਾਂ ਦੇ ਮੌਜੂਦਾ ਸੰਘਰਸਾਂ ਦੀਆਂ ਮੰਗਾਂ ਨੂੰ ਸਰਕਾਰੀ ਨੀਤੀਆਂ ਕਾਨੂੰਨਾਂ ਨਾਲ ਜੁੜਦੀਆਂ ਮੰਗਾਂ ਵਿਚ ਤਬਦੀਲ ਕਰਨ ਦਾ ਸੱਦਾ ਦਿੱਤਾ। ਉਹਨਾਂ ਗਰੀਬੀ, ਬੇਰੁਜਗਾਰੀ, ਮਹਿੰਗਾਈ, ਕਰਜੇ, ਖੁਦਕੁਸੀਆਂ ਤੇ ਗੰਧਲੇ ਵਾਤਾਵਰਨ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਸਾਮਰਾਜੀ ਅਤੇ ਜਗੀਰਦਾਰੀ ਤੇ ਸੂਦਖੋਰੀ ਲੁੱਟ ਤੇ ਦਾਬੇ ਦੇ ਖਾਤਮੇ ਦੀ ਲੋੜ ਨੂੰ ਉਭਾਰਦਿਆਂ ਜਮੀਨਾਂ ਤੇ ਸੰਦ ਸਾਧਨਾਂ ਦੀ ਮੁੜ ਵੰਡ ਕਰਕੇ ਹਰ ਪੱਧਰ ਉੱਤੇ ਲੋਕਾਂ ਦੀ ਪੁੱਗਤ ਕਾਇਮ ਕਰਨ ਲਈ ਦੇਸ ਦੇ ਸਾਰੇ ਧਨ ਦੌਲਤਾਂ ਤੇ ਕੁਦਰਤੀ ਸੋਮੇ ਲੋਕਾਂ ਲਈ ਜੁਟਾਉਣ ਆਦਿ ਮੰਗਾਂ ‘ਤੇ ਸੰਘਰਸਾਂ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ।ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸੀਰੀਂ ਨੇ ਲੋਕਾਂ ਨੂੰ ਮੌਜੂਦਾ ਰਾਜ ਦੀਆਂ ਸੰਸਥਾਵਾਂ ਦੀ ਲੋਕ ਵਿਰੋਧੀ ਖਸਲਤ ਨੂੰ ਸਮਝ ਕੇ ਲੋਕਾਂ ਦੀ ਪੁੱਗਤ ਦੀਆਂ ਸੰਸਥਾਵਾਂ ਉਸਾਰਨ ਨੂੰ ਸਰਗਰਮੀਆਂ ਦਾ ਹਿੱਸਾ ਬਣਾਉਣ ਲਈ ਕਦਮ ਵਧਾਉਣ ਦੀ ਲੋੜ ‘ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਕਿਸਾਨ ਸੰਘਰਸ ਸਮੇਤ ਲੋਕਾਂ ਦੇ ਅਨੇਕਾਂ ਘੋਲ ਲੋਕਾਂ ਦੀ ਆਵਦੀ ਪੁੱਗਤ ਸਥਾਪਤੀ ਲਈ ਮੌਜੂਦਾ ਸੰਸਥਾਵਾਂ ਦੇ ਮੁਕਾਬਲੇ ਆਪਣੀ ਪੁੱਗਤ ਦੇ ਅਦਾਰੇ ਉਸਾਰਨ ਲਈ ਆਧਾਰ ਮੁਹੱਈਆ ਕਰਦੇ ਹਨ ਅਤੇ ਉਤਸਾਹ ਤੇ ਦਿਸਾ ਦਿੰਦੇ ਹਨ। ਮੋਰਚੇ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸਵਨੀ ਘੁੱਦਾ ਨੇ ਕਿਹਾ ਵੋਟਾਂ ਵਟੋਰਨ ਚੜ੍ਹੀਆਂ ਸਭਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਕੋਲ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਬੇਰੁਜਗਾਰੀ, ਕਰਜੇ, ਖੁਦਕੁਸੀਆਂ, ਮਹਿੰਗਾਈ ਤੇ ਭਿਰਸਟਾਚਰ ਨੂੰ ਖਤਮ ਕਰਨ ਦਾ ਕੋਈ ਠੋਸ ਪ੍ਰੋਗਰਾਮ ਨਹੀਂ।
Share the post "ਇਨਕਲਾਬੀ ਬਦਲ ਉਸਾਰਨ ਦਾ ਸੱਦਾ, ਲੋਕ ਦੋਖੀ ਨੀਤੀਆਂ ਨੂੰ ਸੰਘਰਸਾਂ ਦਾ ਮੁੱਦਾ ਬਣਾਓ: ਲੋਕ ਮੋਰਚਾ"