ਅਧਿਕਾਰੀਆਂ ਵਲੋਂ ਪਲੋਸਣ ਦਾ ਯਤਨ
ਸੁਖਜਿੰਦਰ ਮਾਨ
ਬਠਿੰਡਾ, 12 ਅਪ੍ਰੈਲ: ਪਹਿਲਾਂ ਹੀ ਬੇਮੌਸਮੀ ਬਾਰਸ਼ਾਂ ਤੇ ਗੜ੍ਹੇਮਾਰੀ ਕਾਰਨ ਨੁਕਸਾਨੀ ਗਈ ਕਣਕ ਦੀ ਖਰੀਦ ਉਪਰ ਕੇਂਦਰ ਵਲੋਂ ਲਗਾਏ ਕੱਟ ਦਾ ਮਾਮਲਾ ਹਾਲੇ ਸੁਲਝਿਆਂ ਨਹੀਂ ਸੀ ਤੇ ਅੱਜ ਬਠਿੰਡਾ ਜ਼ਿਲ੍ਹੇ ਵਿਚ ਇੱਕ ਖੁਰਾਕ ਸਪਲਾਈ ਇੰਸਪੈਕਟਰ ਨੂੰ ਮੁਅੱਤਲ ਕਰਨ ਦੇ ਵਿਰੋਧ ’ਚ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਕਣਕ ਖਰੀਦ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਖਰੀਦ ਅਧਿਕਾਰੀਆਂ ਦੀ ਹੜਤਾਲ ਨੂੰ ਦੇਖਦਿਆਂ ਆਉਣ ਵਾਲੇ ਦਿਨਾਂ ‘ਚ ਮੁਸ਼ਕਿਲ ਖੜੀ ਹੋ ਸਕਦੀ ਹੈ, ਜਿਸਦੇ ਚੱਲਦੇ ਅਧਿਕਾਰੀਆਂ ਨੇ ਤੁਰੰਤ ਹੜਤਾਲੀ ਕਰਮਚਾਰੀਆਂ ਨੂੰ ਸ਼ਾਂਤ ਕਰਦਿਆਂ ਉਨ੍ਹਾਂ ਨੂੰ ਪਲੋਸਣ ਦਾ ਯਤਨ ਕੀਤਾ ਜਾਣ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਜਿਲੇ ਦੇ ਇੱਕ ਖਰੀਦ ਕੇਂਦਰ ਚਾਉਕੇ ਵਿਖੇ ਪਨਗ੍ਰੇਨ ਏਜੰਸੀ ਦੇ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਬਤੌਰ ਖਰੀਦ ਨਿਰੀਖਕ ਡਿਊਟੀ ਲੱਗੀ ਹੋਈ ਸੀ। ਇਸ ਦੌਰਾਨ 9 ਅਪ੍ਰੈਲ ਨੂੰ ਇੱਕ ਕਿਸਾਨ ਵੱਲੋਂ ਕਣਕ ਵੇਚਣ ਲਈ ਮੰਡੀ ਲਿਆਂਦੀ ਗਈ, ਜਿਸਦੀ ਸਫ਼ਾਈ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਅਤੇ ਉਕਤ ਨਿਰੀਖਕ ਦੀ ਉੱਚ ਅਧਿਕਾਰੀਆਂ ਨੂੰ ਸਿਕਾਇਤ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ। ਜਿਸਤੋਂ ਬਾਅਦ ਸਮੂਹ ਖ਼ਰੀਦ ਏਜੰਸੀਆਂ ਦੇ ਨਿਰੀਖਕਾਂ ਨੇ ਖਰੀਦ ਦਾ ਕੰਮ ਬੰਦ ਕਰਨ ਦਾ ਐਲਾਨ ਕਰ ਦਿੱਤਾ ਤੇ ਸਥਾਨਕ ਮਿੰਨੀ ਸਕੱਤਰੇਤ ਵਿਖੇ ਪੁੱਜ ਕੇ ਵਿਭਾਗ ਦੇ ਡਿਪਟੀ ਡਾਇਰੇਕਟਰ ਨੂੰ ਮੰਗ ਪੱਤਰ ਦਿੱਤਾ। ਖਰੀਦ ਦੇ ਕੰਮ ਵਿਚ ਜੁਟੇ ਨਿਰੀਖਕਾਂ ਨੇ ਦੋਸ਼ ਲਗਾਇਆ ਕਿ ਵਿਭਾਗ ਵੱਲੋਂ ਉਨ੍ਹਾਂ ਦੇ ਨਿਰੀਖਕ ਸਾਥੀ ਨੂੰ ਬਿਨ੍ਹਾਂ ਪੜਤਾਲ ਦੇ ਮੁਅੱਤਲ ਕਰ ਦਿੱਤਾ ਗਿਆ ਅਤੇ ਜਿਲ੍ਹੇ ਦੇ ਮੁੱਖ ਅਫਸਰ ਨੂੰ ਚਾਰਜਸ਼ੀਟ ਵੀ ਕੀਤਾ ਗਿਆ।ਜਦੋਂ ਕਿ ਨਿਰੀਖਕ ਵੱਲੋਂ ਕਣਕ ਨੂੰ ਨਾ ਖਰੀਦਣ ਸਬੰਧੀ ਕੋਈ ਟਾਲ ਮਟੋਲ ਨਹੀ ਕੀਤਾ ਗਿਆ।ਕਣਕ ਨੂੰ ਪੱਖਾ ਨਾ ਲੱਗਣ ਅਤੇ ਸਫਾਈ ਨਾ ਹੋਣ ਕਰਕੇ ਨਿਰੀਖਕ ਕਣਕ ਖਰੀਦਣ ਤੋਂ ਅਸਮਰਥ ਸੀ ਅਤੇ ਉਸ ਦਾ ਕਿਸਾਨ ਨੂੰ ਕਿਸੇ ਪ੍ਰਕਾਰ ਦੀ ਕੋਈ ਹਰਾਸਮੈਂਟ ਦੇਣ ਦਾ ਕੋਈ ਮਕਸਦ ਨਹੀਂ ਸੀ।ਇਸ ਮੌਕੇ ਉਨ੍ਹਾਂ ਐਲਾ ਕੀਤਾ ਕਿ ਜਦੋਂ ਤੱਕ ਨਿਰੀਖਕ ਭੁਪਿੰਦਰ ਸਿੰਘ ਨੂੰ ਮੁੜ ਬਹਾਲ ਨਹੀ ਕੀਤਾ ਜਾਂਦਾ ਉਦੋਂ ਤੱਕ ਜਿਲ੍ਹਾ ਬਠਿੰਡਾ ਵਿਚ ਸਮੂਹ ਖ਼ਰੀਦ ਏਜੰਸੀਆਂ ਵਲੋਂ ਕਣਕ ਖਰੀਦ ਦਾ ਮੁਕੰਮਲ ਤੌਰ ਤੇ ਬਾਈਕਾਟ ਰਹੇਗਾ।
Share the post "ਇੰਸਪੈਕਟਰ ਨੂੰ ਮੁਅੱਤਲ ਕਰਨ ਵਿਰੁਧ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਕਣਕ ਖਰੀਦ ਦੇ ਬਾਈਕਾਟ ਦਾ ਐਲਾਨ"