ਪੰਜਾਬੀ ਖ਼ਬਰਸਾਰ ਬਿਉਰੋ
ਬਰਨਾਲਾ, 27 ਜੂਨ : ਅੱਜ ਇੱਥੇ ਤਰਕਸੀਲ ਭਵਨ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਆਗੂ ਕਮੇਟੀ ਦੀ ਵਿਸੇਸ ਮੀਟਿੰਗ ਕੀਤੀ ਗਈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਭਾਰਤਮਾਲਾ ਹਾਈਵੇ ਪ੍ਰਾਜੈਕਟ ਲਈ ਧੱਕੇਸਾਹੀ ਨਾਲ ਜਮੀਨਾਂ ‘ਤੇ ਕਾਰਪੋਰੇਟਾਂ ਦੇ ਕਬਜੇ ਕਰਵਾ ਰਹੀ ਪੰਜਾਬ ਪੁਲਿਸ ਵਿਰੁੱਧ ਪਥਰਾਲਾ (ਬਠਿੰਡਾ) ਅਤੇ ਕੋਟਆਗਾ (ਲੁਧਿਆਣਾ) ਵਿਖੇ ਲਾਏ ਗਏ ਪੱਕੇ ਧਰਨਿਆਂ ਵਿਖੇ 29 ਜੂਨ ਨੂੰ ਹੋਰ ਵੀ ਵਿਸਾਲ ਰੋਸ ਪ੍ਰਦਰਸਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਥੇਬੰਦੀ ਦਾ ਮੱਤ ਹੈ ਕਿ ਇਨ੍ਹਾਂ ਜਮੀਨਾਂ ਦੇ ਮਾਲਕ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਧਾਰੀ ਹੋਈ ਮੁਜਰਮਾਨਾ ਚੁੱਪ ਨੂੰ ਤੋੜਨਾ ਜਰੂਰੀ ਹੈ। ਬੇਸੱਕ 25 ਜੂਨ ਦੇ ਪੁਲਿਸ ਜਬਰ ਵਿਰੁੱਧ ਦੋਨੋਂ ਜਿਲ੍ਹਿਆਂ ਵਿੱਚ ਰੋਸ ਵਜੋਂ ਸੈਂਕੜਿਆਂ ਦੀ ਤਾਦਾਦ ਵਿੱਚ ਪ੍ਰਵਾਰਾਂ ਸਮੇਤ ਇਕੱਠੇ ਹੋ ਕੇ ਕਿਸਾਨਾਂ ਵੱਲੋਂ 10 ਤੋਂ 4 ਵਜੇ ਤੱਕ ਸੜਕ ਮਾਰਗ ਜਾਮ ਕੀਤੇ ਗਏ ਸਨ। ਪ੍ਰੰਤੂ ਇਨ੍ਹਾਂ ਰੋਸ ਪ੍ਰਦਰਸਨਾਂ ਨੂੰ ਨਜਰਅੰਦਾਜ ਕਰ ਰਹੀ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਲਈ ਹੁਣ ਇਹ ਵਿਸਾਲ ਰੋਸ ਪ੍ਰਦਰਸਨ ਉਲੀਕੇ ਗਏ ਹਨ। ਮੀਟਿੰਗ ਵਿੱਚ ਪ੍ਰਧਾਨ ਤੇ ਜਨਰਲ ਸਕੱਤਰ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ ਅਤੇ ਰੂਪ ਸਿੰਘ ਛੰਨਾਂ ਤੋਂ ਇਲਾਵਾ ਸੰਬੰਧਤ ਜਿਲ੍ਹਿਆਂ ਬਠਿੰਡਾ ਤੇ ਲੁਧਿਆਣਾ ਦੇ ਆਗੂ ਵੀ ਹਾਜਰ ਸਨ। ਕਿਸਾਨ ਆਗੂਆਂ ਅਨੁਸਾਰ ਜਥੇਬੰਦੀ ਦਾ ਅਟੱਲ ਫੈਸਲਾ ਹੈ ਕਿ ਹਾਈਵੇ ਦੀ ਉਸਾਰੀ ਰੋਕਣ ਲਈ ਕਿਸਾਨਾਂ ਦੇ ਪੱਕੇ ਧਰਨੇ ਉਦੋਂ ਤੱਕ ਦਿਨੇ ਰਾਤ ਜਾਰੀ ਰੱਖੇ ਜਾਣਗੇ ਜਦੋਂ ਤੱਕ ਕਿਸਾਨਾਂ ਦੀ ਸਹਿਮਤੀ ਨਾਲ ਜਮੀਨਾਂ ਦੇ ਪੂਰੇ ਰੇਟ ਨਹੀਂ ਦਿੱਤੇ ਜਾਂਦੇ। ਇਸਤੋਂ ਬਗੈਰ ਧੱਕੇ ਨਾਲ ਕਿਸਾਨਾਂ ਦੀ ਇੱਕ ਇੰਚ ਜਮੀਨ ਉੱਤੇ ਵੀ ਕਬਜਾ ਨਹੀਂ ਹੋਣ ਦਿੱਤਾ ਜਾਵੇਗਾ, ਭਾਵੇਂ ਕਿੰਨੇ ਵੀ ਤਿੱਖੇ ਸਰਕਾਰੀ ਜਬਰ ਦਾ ਮੁਕਾਬਲਾ ਕਿਉਂ ਨਾ ਕਰਨਾ ਪੈ ਜਾਵੇ। ਇਸ ਮੁੱਖ ਮੰਗ ਤੋਂ ਇਲਾਵਾ ਧਰਨਾਕਾਰੀ ਕਿਸਾਨਾਂ ਦੀ ਮੰਗ ਹੈ ਕਿ ਗੰਭੀਰ ਜਖਮੀ ਕਿਸਾਨਾਂ ਦਾ ਪੂਰਾ ਇਲਾਜ ਮੁਫਤ ਕਰਵਾਇਆ ਜਾਵੇ ਅਤੇ ਕੰਮ ਦੇ ਨੁਕਸਾਨ ਬਦਲੇ ਉਨ੍ਹਾਂ ਨੂੰ 2-2 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ। ਇਸ ਵਹਿਸੀ ਕਾਰੇ ਦੇ ਦੋਸੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੀਟਿੰਗ ਵੱਲੋਂ ਸਮੂਹ ਕਿਸਾਨਾਂ ਮਜਦੂਰਾਂ ਤੇ ਇਨਸਾਫਪਸੰਦ ਲੋਕਾਂ ਨੂੰ ਇਨ੍ਹਾਂ ਰੋਸ ਪ੍ਰਦਰਸਨਾਂ ਵਿੱਚ ਪ੍ਰਵਾਰਾਂ ਸਮੇਤ ਵਧ ਚੜ੍ਹ ਕੇ ਸਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਕਿ ਭਾਰਤਮਾਲਾ ਹਾਈਵੇ ਦੇ ਠੇਕੇਦਾਰ ਲੁਟੇਰੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਪੰਜਾਬ ਸਰਕਾਰ ਨੂੰ ਜੋਰਦਾਰ ਹਲੂਣਾ ਦੇ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਸੁਣਨ ਤੇ ਮੰਨਣ ਲਈ ਮਜਬੂਰ ਕੀਤਾ ਜਾ ਸਕੇ।
ਪੁਲਿਸ ਨਾਲ ਸੰਘਰਸ ਦੌਰਾਨ ਜਖਮੀਆਂ ਦੇ ਇਲਾਜ਼ ਦਾ ਖ਼ਰਚਾ ਝੱਲੇਗੀ ਪੰਜਾਬ ਸਰਕਾਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਜੂਨ: ਬਠਿੰਡਾ ਡੱਬਵਾਲੀ ਸੜਕ ’ਤੇ 25 ਜੂਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਧੱਕੇ ਨਾਲ ਕੰਮ ਚਲਾਉਣ ਦੌਰਾਨ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੌਰਾਨ ਇੱਕ ਕਿਸਾਨ ਦਾ ਚੂਲਾ ਟੁੱਟ ਗਿਆ ਤੇ ਇੱਕ ਹੋਰ ਕਿਸਾਨ ਦੇ ਗੰਭੀਰ ਸੱਟਾਂ ਲੱਗੀਆਂ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਸ਼ਾਸਨ ਦੀ ਕਥਿਤ ਧੱਕੇਸ਼ਾਹੀ ਦੇ ਵਿਰੋਧ ’ਚ ਅੱਜ ਕਿਸਾਨ ਆਗੂਆਂ ਦਾ ਇੱਕ ਵਫ਼ਦ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲਿਆ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਹਾਲੇ ਸੜਕ ਦਾ ਕੰਮ ਨਾ ਚਲਾਉਣ ਅਤੇ ਜ਼ਖਮੀਆਂ ਦਾ ਸਰਕਾਰੀ ਖਰਚ ’ਤੇ ਇਲਾਜ ਕਰਨ ਦਾ ਭਰੋਸਾ ਦਿੱਤਾ ਗਿਆ ਹੈ । ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਸਰਕਾਰ ਦੁਆਰਾ ਸੜਕ ਦਾ ਕੰਮ ਚਲਾਉਣ ਲਈ ਚੌਕਸੀ ਵਰਤਣ ਅਤੇ ਸਰਕਾਰ ਵੱਲੋਂ ਕੰਮ ਚਲਾਉਣ ਤੇ ਇਸ ਨੂੰ ਰੋਕਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।