ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ:ਸਿਵਲ ਏਅਰ ਪੋਰਟ ਵਿਰਕ ਕਲਾਂ ਵਿਖੇ ਭਾਰਤੀ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ‘ਸੂਰਿਯਾ ਕਿਰਨ ਐਰੋਬੈਟਿਕ’ ਸ਼ੋਅ ਬਠਿੰਡਾ ਵਾਸੀਆਂ ਲਈ ਯਾਦਗਾਰੀ ਹੋ ਨਿਬੜਿਆਂ। ਦੋਵੇਂ ਦਿਨਾਂ ਦੌਰਾਨ ਇਸ ਸ਼ੋਅ ਚ ਬਠਿੰਡਾ ਤੇ ਆਸ-ਪਾਸ ਦੇ ਖੇਤਰਾਂ ਤੋਂ ਹਜ਼ਾਰਾਂ ਆਮ ਲੋਕਾਂ, ਸਕੂਲੀ ਵਿਦਿਆਰਥੀਆਂ, ਭਾਰਤੀ ਹਵਾਈ ਤੇ ਆਰਮੀ ਸੈਨਾ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਿਰਕਤ ਕਰਕੇ ਇਸ ਦਾ ਆਨੰਦ ਮਾਣਿਆ ਗਿਆ। ਇੰਨ੍ਹਾਂ ਦੋਨਾਂ ਦਿਨਾਂ ਦੌਰਾਨ ਹੈਦਰਾਬਾਦ ਤੋਂ 9 ਜਹਾਜ਼ਾਂ ਨਾਲ ਪੁੱਜੀ ਸੁਰੀਆ ਕਿਰਨ ਦੀ ਟੀਮ ਨੇ ਜਹਾਜਾਂ ਨਾਲ ਹੈਰਤਅੰਗੇਜ਼ ਕਰਤੱਵ ਦਿਖ਼ਾਏ। ਇਸ ਸ਼ੋਅ ਦੀ ਸ਼ੁਰੂਆਤ ਭਾਰਤੀ ਏਅਰ ਫੋਰਸ ਬੈਂਡ ਦੀ ਟੀਮ ਦੇ 16 ਨੌਜਵਾਨਾਂ ਵਲੋਂ ਮਨਮੋਹਿਕ ਧੁੰਨਾਂ ਰਾਹੀਂ ਕੀਤੀ। ਇਸ ਉਪਰੰਤ ਆਕਾਸ਼ ਗੰਗਾ ਸਕਾਈ ਡਾਈਵਿੰਗ ਟੀਮ ਦੇ 8 ਮੈਂਬਰਾਂ ਵਲੋਂ ਦਿਖਾਏ ਗਏ ਕਰਤੱਵਾਂ ਨੂੰ ਦੇਖਣ ਲਈ ਕਰੀਬ 15 ਮਿੰਟ ਆਕਾਸ਼ ਤੋਂ ਲੈ ਕੇ ਜ਼ਮੀਨ ਤੱਕ ਦਰਸ਼ਕਾਂ ਦੀ ਨਜ਼ਰਾਂ ਇਨ੍ਹਾਂ ਨੂੰ ਦੇਖਣ ਲਈ ਆਕਾਸ਼ ਵੱਲ ਟਿਕੀਆਂ ਰਹੀਆਂ। ਸੂਰਿਯਾ ਕਿਰਨ ਐਰੋਬੈਟਿਕ ਦੀ ਟੀਮ ਵਲੋਂ ਗਰੁੱਪ ਕੈਪਟਨ ਜੀ.ਐਸ. ਢਿੱਲੋਂ ਦੀ ਅਗਵਾਈ ਹੇਠ 9 ਹਵਾਈ ਜਹਾਜ਼ਾਂ ਰਾਹੀਂ ਕਰੀਬ 25 ਮਿੰਟ ਆਕਾਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਅਨੌਖੇ, ਦਿਲ ਖਿਚਵੇ ਤੇ ਹੈਰਾਨ ਕਰਨ ਵਾਲੇ ਕਰਤੱਵ ਦਿਖਾਏ ਗਏ,ਜਿਸਨੂੰ ਦਰਸ਼ਕਾਂ ਵਲੋਂ ਬੜੀ ਹੀ ਉਤਸ਼ੁਕਤਾ ਨਾਲ ਸਾਹ ਰੋਕ-ਰੋਕ ਕੇ ਦੇਖਿਆ ਗਿਆ। ਇਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ ਸੁਖੋਈ ਨੇ ਅਕਾਸ਼ ਵਿਚ ਦਰਸਕਾਂ ਸਾਹਮਣੇ ਜੰਗੀ ਕਰਤੱਵ ਦਿਖ਼ਾਏ। ਸਮਾਗਮ ਦੇ ਅਖ਼ੀਰ ਵਿਚ ਏਅਰ ਵਾਰੀਅਰ ਡਰਿੱਲ ਸਬਰੋਤੋ ਟੀਮ ਦੇ 20 ਨੋਜਵਾਨਾਂ ਵਲੋਂ ਪਰੇਡ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਬਹੁਤ ਹੀ ਅਨੁਸਾਸ਼ਨ ਤੇ ਇਕਸਾਰਤਾ ਚ ਰਹਿ ਕੇ ਬਹੁਤ ਹੀ ਅਨੌਖੇ ਕਰਤੱਵ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੋ ਰੋਜ਼ਾ ਸੋਅ ਦੀ ਸਮਾਪਤੀ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰੀਆ ਕਿਰਨ ਟੀਮ ਦੇ ਕਮਾਂਡਿੰਗ ਅਫ਼ਸਰ ਤੇ ਭਾਰਤੀ ਹਵਾਈ ਫ਼ੌਜ ਦੇ ਗਰੁੱਪ ਕੈਪਟਨ ਜੀ.ਐਸ.ਢਿੱਲੋਂ ਨੇ ਦਸਿਆ ਕਿ ਸੁਰੀਆ ਕਿਰਨ ਟੀਮ ਦਾ ਗਠਨ 1995 ਵਿਚ ਕੀਤਾ ਗਿਆ ਸੀ, ਜਿਸ ਵਿਚ ਮੌਜੂਦਾ ਸਮੇਂ 9 ਏਅਰਕਰਾਫ਼ਟ ਸ਼ਾਮਲ ਹਨ। ਪਹਿਲਾਂ ਇਸ ਟੀਮ ਕੋਲ ਕਿਰਨ ਜਹਾਜ਼ ਹੁੰਦ ਸੀ ਪ੍ਰੰਤੂ 2015 ਵਿਚ ਹਾਕਮਾਰਕ 132 ਜਹਾਜ ਦਿੱਤਾ ਗਿਆ, ਜਿਸਦੇ ਰਾਹੀਂ ਹੀ ਭਾਰਤੀ ਹਵਾਈ ਫ਼ੌਜ ਦਾ ਪਾਇਲਟ ਟਰੈਨਿੰਗ ਲੈਂਦਾ ਹੈ।ਕੈਪਟਨ ਢਿੱਲੋਂ ਨੇ ਅੱਗੇ ਦਸਿਆ ਕਿ ਟੀਮ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਫ਼ੌਜ ’ਚ ਭਰਤੀ ਹੋਣ ਲਈ ਪ੍ਰੇਰਤ ਕਰਨਾ ਹੈ। ਉਨ੍ਹਾਂ ਦਸਿਆ ਕਿ ਇਸ ਟੀਮ ਵਿਚ ਸ਼ਾਮਲ ਹਰ ਪਾਇਲਟ ਦਾ ਪੀਰੀਅਡ ਤਿੰਨ ਸਾਲ ਦਾ ਹੁੰਦਾ ਹੈ ਤੇ ਉਸਤੋਂ ਬਾਅਦ ਉਹ ਅਪਣੀ ਫ਼ਲੀਟ ਵਿਚ ਚਲਿਆ ਜਾਂਦਾ ਹੈ। ਉਨ੍ਹਾਂ ਦੇ ਸਾਥੀ ਪਾਇਲਟ ਨੇ ਦਸਿਆ ਕਿ ਸੁਰੀਆ ਕਿਰਨ ਟੀਮ ਵਿਚ ਕਰਤੱਵ ਦਿਖ਼ਾਉਣ ਲਈ ਚੁਣੇ ਪਾਇਲਟਾਂ ਨੂੰ 6 ਮਹੀਨੇ ਦੀ ਟਰੈਨਿੰਗ ਦਿੱਤੀ ਜਾਂਦੀ ਹੈ ਤੇ ਜਿਸਤੋਂ ਬਾਅਦ 6 ਮਹੀਨੇ ਦੇਸ ਭਰ ਵਿਚ ਸੋਅ ਕੀਤੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਜਹਾਜ ਦੀ ਰਫ਼ਤਾਰ ਤੇ ਉਚਾਈ ਆਦਿ ਦੇ ਮਾਪਦੰਡਾਂ ਬਾਰੇ ਵੀ ਦਸਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਸੁਰੀਆ ਕਿਰਨ ਟੀਮ ਨੂੰ ਸਨਮਾਨਿਤ ਕਰਦਿਆਂ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ, ਜਿੰਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਦੋ ਰੋਜ਼ਾ ਨੂੰ ਆਯੋਜਿਤ ਕਰਵਾਇਆ। ਇਸ ਦੌਰਾਨ ਪੁਲਿਸ ਅਤੇ ਸਿਵਲ ਦੇ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ ਤੇ ਜਮੀਨੀ ਫ਼ੌਜ ਦੇ ਉੱਚ ਅਧਿਕਾਰੀ ਵੀ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਦੋ ਰੋਜ਼ਾ ਸੋਅ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੱਥੇ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੱਸਾਂ ਆਦਿ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਸਿਵਲ ਏਅਰ ਪੋਰਟ ਦੇ ਡਾਇਰੈਕਟਰ ਰਾਕੇਸ਼ ਰਾਵਤ, ਏਡੀਜੀਪੀ ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਨੀਤ ਕੁਮਾਰ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਜ਼ਿਲ੍ਹਾ ਵਿਜੀਲੈਂਸ ਮੁਖੀ ਹਰਪਾਲ ਸਿੰਘ, ਏਡੀਸੀ ਪਲਵੀ ਚੌਧਰੀ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਏਡੀਸੀ (ਵਿਕਾਸ) ਡਾ. ਆਰਪੀ ਸਿੰਘ, ਆਈਏਐਸ ਮੈਡਮ ਮਾਨਸੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਲਾਲ ਅਗਰਵਾਲ, ਚੇਅਰਮੈਨ ਨੀਲ ਗਰਗ, ਚੇਅਰਮੈਨ ਸ਼ੂਗਰਫੈਡ ਨਵਦੀਪ ਜੀਦਾ, ਚੇਅਰਮੈਨ ਇੰਦਰਜੀਤ ਸਿੰਘ ਮਾਨ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਚੇਅਰਮੈਨ ਜਤਿੰਦਰ ਭੱਲਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਅਤੇ ਏਅਰ ਫੋਰਸ ਦੇ ਅਧਿਕਾਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਲੋਕ ਤੇ ਵਿਦਿਆਰਥੀ ਆਦਿ ਹਾਜ਼ਰ ਸਨ।
Share the post "ਏਅਰ ਫ਼ੋਰਸ ਦੀ ਸੂਰੀਆ ਕਿਰਨ ਟੀਮ ਵਲੋਂ ਦੂਜੇ ਦਿਨ ਦਿਖਾਏ ਹਵਾਈ ਕਰਤੱਵਾਂ ਨੇ ਦਰਸ਼ਕਾਂ ਨੂੰ ਕੀਲਿਆ"