ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਨੇ ਫਾਰਮੇਸੀ ਦੇ ਵਿਦਿਆਰਥੀਆਂ ਦੀ ਸਿੱਖਿਆ ਅਤੇ ਕਲੀਨਿਕਲ ਸਿਖਲਾਈ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਨਾਲ ਇੱਕ ਅਹਿਮ ਸਮਝੌਤਾ ਪੱਤਰ (ਐਮ.ਓ.ਯੂ.) ’ਤੇ ਹਸਤਾਖਰ ਕੀਤੇ ਹਨ। ਇਹ ਸਮਝੌਤਾ ਯੂਨੀਵਰਸਿਟੀ ਕੈਂਪਸ ਵਿਖੇ ਫਾਰਮ.ਡੀ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਰਾਹ ਪੱਧਰਾ ਕਰੇਗਾ, ਜਦੋਂ ਕਿ ਵਿਦਿਆਰਥੀ ਏਮਜ਼ ਵਿਖੇ ਕਲੀਨਿਕਲ ਸਿਖਲਾਈ ਅਤੇ ਤਜਰਬਾ ਹਾਸਲ ਕਰਨਗੇ।ਯੂਨੀਵਰਸਿਟੀ ਫਾਰਮੇਸੀ ਵਿਭਾਗ ਦੇ ਮੁਖੀ ਡਾ. ਅਮਿਤ ਭਾਟੀਆ ਨੇ ਕਿਹਾ ਕਿ ਇਹ ਸਮਝੌਤਾ ਵਿਭਾਗ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਵਿਦਿਆਰਥੀਆਂ ਦੀ ਫਾਰਮੇਸੀ ਦੇ ਕਲੀਨਿਕਲ ਪੱਖ ਵੱਲ ਰੁਚੀ ਵਧਾਏਗਾ ਜੋ ਕਿ ਭਾਰਤੀ ਸਿਹਤ ਸੰਭਾਲ ਪ੍ਰਣਾਲੀਆਂ ਲਈ ਖਾਸ ਤੌਰ ’ਤੇ ਕੋਵਿਡ-19 ਤੋਂ ਬਾਅਦ ਦੇ ਯੁੱਗ ਵਿੱਚ ਬਹੁਤ ਮਹੱਤਵਪੂਰਨ ਹੈ।ਜ਼ਿਕਰਯੋਗ ਹੈ ਕਿ ਡਾ. ਰਾਹੁਲ ਦੇਸ਼ਮੁਖ ਦੀ ਅਗਵਾਈ ਹੇਠ ਵਿਭਾਗ ਨੇ ਫਾਰਮੇਸੀ ਐਕਟ, 1948 ਦੀ ਧਾਰਾ 12 ਅਧੀਨ ਪ੍ਰਵਾਨਗੀ ਪ੍ਰਾਪਤ ਕੀਤੀ ਹੈ, ਜਿਸ ਨਾਲ ਵਿਭਾਗ ਨੇ ਫਾਰਮ. ਡੀ. ਪ੍ਰੋਗਰਾਮ ਸ਼ੁਰੂ ਕਰਨ ਦੀ ਯੋਗਤਾ ਹਾਸਿਲ ਕਰ ਲਈ ਹੈ।ਐਮ.ਓ.ਯੂ. ਐਕਸਚੇਂਜ ਸਮਾਰੋਹ ਦੌਰਾਨ ਐਮ.ਆਰ.ਐਸ.ਪੀ.ਟੀ.ਯੂ. ਵੱਲੋਂ ਡਾ. ਅਮਿਤ ਭਾਟੀਆ, ਡਾ. ਕਵਲਜੀਤ ਸਿੰਘ ਸੰਧੂ (ਐਸੋਸੀਏਟ ਡੀਨ, ਅਕਾਦਮਿਕ ਮਾਮਲੇ) ਅਤੇ ਡਾ. ਰਾਹੁਲ ਦੇਸ਼ਮੁਖ (ਐਸੋਸੀਏਟ ਪ੍ਰੋਫੈਸਰ) ਵੱਲੋਂ ਹਸਤਾਖਰ ਕੀਤੇ ਗਏ । ਜਦੋਂ ਕਿ ਏਮਜ਼, ਬਠਿੰਡਾ ਦੇ ਪ੍ਰਤੀਨਿਧ ਵਜੋਂ ਡਾ. ਰਾਜੀਵ ਗੁਪਤਾ (ਮੈਡੀਕਲ ਸੁਪਰਡੈਂਟ), ਡਾ. ਤਰੁਣ ਗੋਇਲ (ਮੁਖੀ, ਆਰਥੋਪੈਡਿਕਸ) ਅਤੇ ਡਾ. ਅਭਿਨਵ ਕੰਵਲ (ਫਾਰਮਾਕੋਲੋਜੀ) ਹਾਜ਼ਰ ਸਨ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਲਈ ਰਾਜ ਦੇ ਸਰਵੋਤਮ ਮੈਡੀਕਲ ਸੰਸਥਾਨਾਂ ਵਿੱਚੋਂ ਇੱਕ ਏਮਜ਼ ਵਿਖੇ ਸਿਖਲਾਈ ਲੈਣ ਦਾ ਇੱਕ ਵਧੀਆ ਮੌਕਾ ਹੋਵੇਗਾ ਅਤੇ ਭਵਿੱਖ ਵਿੱਚ ਵੀ ਅਜਿਹੇ ਹੋਰ ਸਹਿਯੋਗ ਕੀਤੇ ਜਾਣਗੇ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਨਵੀਂ ਪਹਿਲਕਦਮੀ ਮੈਡੀਕਲ ਪੇਸ਼ੇਵਰਾਂ ਲਈ ਕੈਰੀਅਰ ਦੇ ਵਿਕਲਪਾਂ ਨੂੰ ਬਿਹਤਰ ਬਣਾਉਣ ਵਿਚ ਸਹਾਈ ਹੋਵੇਗੀ ਕਿਉਂਕਿ ਏਮਜ਼ ਅਤੇ ਐਮ.ਆਰ.ਐਸ.ਪੀ.ਟੀ.ਯੂ., ਦੋਵੇਂ ਗੁਆਂਢੀ ਸੰਸਥਾਵਾਂ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਵੱਡੀ ਸਮਰੱਥਾ ਰੱਖਦੀਆਂ ਹਨ।
Share the post "ਏਮਜ਼ ਅਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੱਲੋਂ ਫਾਰਮੇਸੀ ਦੇ ਵਿਦਿਆਰਥੀਆਂ ਦੀ ਕਲੀਨਿਕਲ ਸਿਖਲਾਈ ਲਈ ਸਮਝੌਤਾ"