ਹੈਰਾਨੀ ਪ੍ਰਗਟਾਈ ਕਿ ਡਾਇਗਨੋਸਟਿਕ ਮਸ਼ੀਨਾਂ ਦੀ ਰਿਪੇਅਰ ਨਹੀਂ ਕਰਵਾਈ ਤੇ ਅਲਟਰਾਸਾਉਂਡ ਟੈਸਟ ਵਾਸਤੇ ਸਪੈਸ਼ਲਿਸਟ ਵੀ ਤਾਇਨਾਤ ਨਹੀਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਅਗਸਤ : ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਐਡਵਾਂਸਡ ਕੈਂਸਰ ਇੰਸਟੀਚਿਊਟ ਕਮ ਹਸਪਤਾਲ ਬਠਿੰਡਾ ਵਿਚ ਡਾਇਗਨੋਸਟਿਕ ਮਸ਼ੀਨਾਂ ਦੀ ਮੁਰੰਮਤ ਵਾਸਤੇ ਤੁਰੰਤ ਫੰਡ ਜਾਰੀ ਕਰਨ ਅਤੇ ਇਥੇ ਸਪੈਸ਼ਲਿਸਟ ਤਾਇਨਾਤ ਕੀਤਾ ਜਾਵੇ ਜੋ ਇਹ ਮਸ਼ੀਨਾਂ ਚਲਾ ਸਕੇ ਅਤੇ ਕਿਹਾ ਕਿ ਸਾਰੇ ਖਿੱਤੇ ਦੇ ਕੈਂਸਰ ਮਰੀਜ਼ ਆਮ ਆਦਮੀ ਪਾਰਟੀ ਸਰਕਾਰ ਦੇ ਬੇਰੁਖੀ ਵਾਲੇ ਰਵੱਈਏ ਕਾਰਨ ਮੁਸ਼ਕਿਲਾਂ ਝੱਲ ਰਹੀ ਹੈ। ਬੀਬੀ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਇੰਸਟੀਚਿਊਟ ਵਿਚ ਮੈਮੋਗ੍ਰਾਫੀ ਅਤੇ ਓ ਪੀ ਜੀ ਦੰਦ ਅਤੇ ਜਬਾੜਾ ਟੈਸਟ ਕਰਨ ਵਾਲੀਆਂ ਮਸ਼ੀਨਾਂ ਹੀ ਕੰਮ ਨਹੀਂ ਕਰਦੀਆਂ ਜਿਸ ਕਾਰਨ ਕੈਂਸਰ ਮਰੀਜ਼ਾਂ ਨੂੰ ਮੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਕੈਂਸਰ ਮਰੀਜ਼ਾਂ ਦੀ ਜਾਨ ਨਾਲ ਖੇਡਣ ਬਰਾਬਰ ਹੈ। ਉਹਨਾਂ ਕਿਹਾ ਕਿ ਛੇਤੀ ਡਾਇਗਨੋਸਿਸ ਹੀ ਕੈਂਸਰ ਦੇ ਇਲਾਜ ਵਾਸਤੇ ਸਹਾਈ ਹੁੰਦੀ ਹੈ ਤੇ ਗਰੀਬ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗੇ ਟੈਸਟ ਨਹੀਂ ਕਰਵਾ ਸਕਦੇ। ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਜਿਸ ਢਿੱਲੇ ਮੱਠੇ ਰਵੱਈਏ ਨਾਲ ਸਿਹਤ ਖੇਤਰ ਚਲਾਇਆ ਜਾ ਰਿਹਾ ਹੈ, ਉਸਦਾ ਪਤਾ ਇਥੋਂ ਵੀ ਲੱਗਦਾ ਹੈ ਕਿ ਇੰਸਟੀਚਿਊਟ ਕੋਲ ਅਲਟਰਾਸਾਉਂਡ ਮਸ਼ੀਨ ਹੈ ਪਰ ਰੇਡੀਓਲੋਜਿਸਟ ਨਾ ਹੋਣ ਕਾਰਨ ਟੈਸਟ ਨਹੀਂ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਕੈਂਸਰ ਇੰਸਟੀਚਿਊਟ ਵਿਚ ਇਥੋਂ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਅਤੇ ਰਾਜਸਥਾਨ ਤੋਂ ਵੀ ਮਰੀਜ਼ ਆਉਂਦੇ ਹਨ ਅਤੇ ਇਹ ਸਾਰੇ ਮਰੀਜ਼ ਖੱਜਲ ਖੁਆਰ ਹੋ ਰਹੇ ਹਨ ਤੇ ਇਹਨਾਂ ਨੂੰ ਵਿਸ਼ੇਸ਼ ਮੈਡੀਕਲ ਸੰਭਾਲ ਦੀ ਸਹੂਲਤ ਵੀ ਨਹੀਂ ਮਿਲ ਰਹੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠਾਂ ਦੇ ਸਿਰ ਚਲ ਰਹੀ ਹੈ ਤੇ ਪਹਿਲਾਂ ਸਿਹਤ ਮੰਤਰੀ ਸ੍ਰੀ ਚੇਤਨ ਸਿੰਘ ਜੋੜਾਮਾਜਰਾ ਨੇ ਸਿਹਤ ਖੇਤਰ ਵਾਸਤੇ ਫੰਡ ਜਾਰੀ ਕਰਨ ਵਿਚ ਆਪਣੀ ਸਰਕਾਰ ਦੀ ਨਾਕਾਮੀ ’ਤੇ ਪਰਦਾ ਪਾਉਣ ਵਾਸਤੇ ਤੇ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਸਾਬਕਾ ਵੀ ਸੀ ਡਾ. ਰਾਜ ਬਹਾਦਰ ਨਾਲ ਜਨਤਕ ਤੌਰ ’ਤੇ ਬਦਸਲੂਕੀ ਕੀਤੀ। ਉਹਨਾਂ ਕਿਹਾ ਕਿ ਇਕ ਪਾਸੇ ਆਪ ਸਰਕਾਰ ਹਸਪਤਾਲਾਂ ਵਾਸਤੇ ਫੰਡ ਜਾਰੀ ਨਹੀਂ ਕਰ ਰਹੀ ਤੇ ਦੂਜੇ ਪਾਸੇ ਇਸਦੇ ਮੰਤਰੀ ਤੇ ਵਿਧਾਇਕ ਹਸਪਤਾਲਾਂ ਵਿਚ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਨਾਲ ਮੈਡੀਕਲ ਸਪੈਸ਼ਲਿਸਟਾਂ ਦੇ ਹੌਂਸਲੇ ਪਸਤ ਹੁੰੇਦ ਹਨ ਤੇ ਇਹਨਾਂ ਵਿਚੋਂ ਕਈਆਂ ਨੇ ਤਾਂ ਅਸਤੀਫੇ ਵੀ ਦੇ ਦਿੱਤੇ ਹਨ। ਬੀਬੀ ਬਾਦਲ ਨੇ ਆਪ ਸਰਕਾਰ ਨੂੰ ਕਿਹਾ ਕਿ ਉਹ ਆਪਣਾ ਕੰਮ ਦਰੁੱਸਤ ਕਰੇ। ਉਹਨਾਂ ਇਹ ਵੀ ਮੰਗ ਕੀਤੀ ਕਿ ਐਡਵਾਂਸਡ ਕੈਂਸਰ ਹਸਪਤਾਲ ਵਿਚ ਇਕ ਪੀ ਈ ਟੀ ਮਸ਼ੀਨ ਵੀ ਲਗਾਈ ਜਾਵੇ ਕਿਉਂਕਿ ਮਰੀਜ਼ਾਂ ਨੁੰ ਇਹ ਟੈਸਟ ਪ੍ਰਾਈਵੇਟ ਸੈਕਟਰ ਤੋਂ ਕਰਾਉਣਾ ਬਹੁਤ ਔਖਾ ਲੱਗ ਰਿਹਾ ਹੈ।
Share the post "ਐਡਵਾਂਸਡ ਕੈਂਸਰ ਇੰਸਟੀਚਿਊਟ ਵਾਸਤੇ ਮੁੱਖ ਮੰਤਰੀ ਤੁਰੰਤ ਫੰਡ ਜਾਰੀ ਕਰਨ : ਹਰਸਿਮਰਤ ਕੌਰ ਬਾਦਲ"