ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸੰਮੇਲਨ 7 ਤੋਂ 9 ਦਸੰਬਰ 2022 ਤੱਕ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਵਿਖੇ ਸਵੈ ਰੋਜਗਾਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਸੰਮੇਲਨ ਵਿੱਚ ਵੱਖੋ-ਵੱਖਰੇ ਖੇਤਰਾਂ ਤੋਂ ਉਘੇ ਉਦਯੋਗਪਤੀ ਪਹੁੰਚ ਰਹੇ ਹਨ। ਜਿਨ੍ਹਾਂ ਵੱਲੋਂ ਆਪਣੀ ਸਵੈ ਜੀਵਨੀ ਰਾਹੀਂ ਵਿਦਿਆਰਥੀਆਂ ਨੂੰ ਸਵੈ ਰੋਜਗਾਰ ਲਈ ਪ੍ਰੇਰਿਤ ਤੇ ਉਤਸਾਹਿਤ ਕੀਤਾ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਸੈਮੀਨਾਰ ਰਾਹੀਂ ਨੌਜਵਾਨਾਂ ਵਿੱਚ ਆਪਣਾ ਕੰਮ ਸ਼ੁਰੂ ਕਰਨ ਲਈ ਨਵੇਂ ਬਿਜਨਸ ਆਈਡੀਆ ਖੋਜਣ ਲਈ “ਓਦੀਅਮ: ਸੌਰ ਟੂ ਸ਼ਾਇਨ” ਨਾਮ ਅਧੀਨ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਠਿੰਡਾ ਸ਼ਹਿਰ ਦੇ ਨੌਜਵਾਨਾਂ ਦੁਆਰਾ ਵੱਖੋ-ਵੱਖਰੇ ਬਿਜਨਸ਼ ਆਇਡੀਆ ਪੇਸ਼ ਕੀਤੇ ਜਾਣਗੇ। ਸਟਾਰਟ ਅੱਪ ਚੈਲਿੰਜ ਇਵੈਂਟ ਰਾਹੀਂ ਵੱਖੋ-ਵੱਖਰੇ ਸਕੂਲਾਂ, ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ, ਅੱਠਵੀਂ ਤੋਂ ਬਾਰਵੀ ਅਤੇ ਓਪਨ ਕੈਟਾਗਰੀ ਤਹਿਤ ਕੋਈ ਵੀ ਵਿਦਿਆਰਥੀ ਵੱਖੋ-ਵੱਖਰੇ ਸੈਕਟਰ ਜਿਵੇਂ ਕਿ ਸਿਹਤ, ਪੜ੍ਹਾਈ, ਖੇਤੀਬਾੜੀ, ਵਾਤਾਵਰਣ, ਆਈ.ਟੀ. ਸੈਕਟਰ, ਬਾਇਓਟੈਕਨੋਲੋਜੀ, ਐਨਰਜੀ, ਫੂਡ ਪ੍ਰੋਸੈਸਿੰਗ ਆਦਿ ਖੇਤਰਾਂ ਵਿੱਚ ਆਪਣੇ ਬਿਜਨਸ ਆਈਡੀਆ ਪੇਸ਼ ਕਰ ਸਕਦੇ ਹਨ। ਵਧੀਆ ਆਈਡਿਆ ਪੇਸ਼ ਕਰਨ ਵਾਲੇ ਅਤੇ ਵਧੀਆ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ, ਜਿਲ੍ਹਾ ਲੀਡ ਬੈਂਕ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਪੀ.ਐਸ.ਡੀ.ਐਮ., ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਡੀ.ਏ.ਵੀ.ਕਾਲਜ, ਰਜਿੰਦਰਾ ਕਾਲਜ, ਸਰਕਾਰੀ ਆਈ.ਟੀ.ਆਈ ਬਠਿੰਡਾ ਤੋਂ ਇਲਾਵਾ ਹੋਰ ਸਕੂਲਾਂ ਕਾਲਜਾਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਵੈ ਰੋਜਗਾਰ ਕੈਂਪ ਵਿੱਚ ਵਿਦਿਆਰਥੀ ਭਾਗ ਲੈ ਕੇ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰ ਸਕਦੇ ਹਨ।
Share the post "ਐਮਆਰਐਸਪੀਟੀਯੂ ਵਿਖੇ ਸਵੈ ਰੋਜਗਾਰ ਸੰਮੇਲਨ 7 ਤੋਂ 9 ਦਸੰਬਰ ਤੱਕ:ਡਿਪਟੀ ਕਮਿਸ਼ਨਰ"