ਕੇਂਦਰੀ ਜਲ੍ਹ ਮੰਤਰੀ ਨੇ ਕੀਤਾ ਦਾਅਵਾ ਕਿ ਜਲਦੀ ਇਸ ਮੁੱਦੇ ’ਤੇ ਕੇਂਦਰ ਸੋਂਪੇਗਾ ਸੁਪਰੀਮ ਕੋਰਟ ’ਚ ਅਪਣੀ ਰੀਪੋਰਟ
ਪੰਜਾਬ ਦੀ ਆਪ ਸਰਕਾਰ ’ਤੇ ਹਰ ਖੇਤਰ ਵਿਚ ਫ਼ੇਲ ਹੋਣ ਦੇ ਲਗਾਏ ਦੋਸ਼
ਕਿਹਾ ਕਿ ਪੰਜਾਬ ਦੇ ਲੋਕ ਹੁਣ ਸੂਬੇ ’ਚ ਭਾਜਪਾ ਨੂੰ ਆਸ ਦੀ ਨਜ਼ਰ ਦੀ ਦੇਖਣ ਲੱਗੇ
ਬਠਿੰਡਾ ਪੁੱਜੇ ਸੇਖਾਵਤ ਨੇ ਭਾਜਪਾ ਆਗੂਆਂ ਨਾਲ ਕੀਤੀਆਂ ਮੀਟਿੰਗਾਂ
ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ : ਕਈ ਦਹਾਕਿਆਂ ਤੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀਆਂ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚ ਵਿਚੋਲਗੀ ਕਰਨ ਤੋਂ ਹੱਥ ਖੜਦਿਆਂ ਕਰਦਿਆਂ ਕੇਂਦਰੀ ਜਲ ਸਕਤੀ ਮੰਤਰੀ ਨੇ ਐਲਾਨ ਕੀਤਾ ਹੈ ਕਿ ਜਲਦੀ ਹੀ ਇਸ ਸਬੰਧ ਵਿਚ ਰੀਪੋਰਟ ਬਣਾ ਕੇ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਜਾਵੇਗੀ। ਬਠਿੰਡਾ ਲੋਕ ਸਭਾ ਹਲਕੇ ਦੇ ਇੰਚਾਰਜ਼ ਵਜੋਂ ਦੋ ਰੋਜ਼ਾ ਦੌਰੇ ’ਤੇ ਪੁੱਜੇ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ ਕੇਂਦਰ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਉਪਰ ਦੋਨਾਂ ਸੂਬਿਆਂ ਵਿਚਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਉਹ ਸਫ਼ਲ ਨਹੀਂ ਹੋ ਸਕੇ, ਜਿਸਦੇ ਚੱਲਦੇ ਹੁਣ ਅਗਲਾ ਫੈਸਲਾ ਸਰਬਉੱਚ ਅਦਾਲਤ ਹੀ ਲਵੇਗੀ। ’’ ਗੌਰਤਲਬ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਜਪਾ ਦੀ ਹੋਈ ਦੋ ਰੋਜ਼ਾ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਵੀ ਪਾਰਟੀ ਨੇ ਪੰਜਾਬ ਕੋਲ ਕਿਸੇ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਾ ਹੋਣ ਦਾ ਮਤਾ ਪਾਸ ਕੀਤਾ ਗਿਆ ਸੀ ਜਦੋਂ ਕਿ ਅੱਜ ਕੇਂਦਰੀ ਮੰਤਰੀ ਦੇ ਬਿਆਨ ਤੋਂ ਇਹ ਗੱਲ ਸਾਫ ਹੋ ਗਈ ਕਿ ਹੁਣ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀਆਂ ਦੀ ਵੰਡ ਦਾ ਫ਼ੈਸਲਾ ਸਰਬਉੱਚ ਅਦਾਲਤ ਹੀ ਕਰੇਗੀ। ਹਾਲਾਂਕਿ ਮੰਤਰੀ ਨੇ ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਕੇਂਦਰ ਇਸ ਮਸਲੇ ਦਾ ਕਿਸ ਤਰ੍ਹਾਂ ਹੱਲ ਚਾਹੁੰਦਾ ਹੈ ਤਾਂ ਉਨ੍ਹਾਂ ਇਹ ਕਹਿ ਕੇ ਬਚਣ ਤੋਂ ਕੋਸ਼ਿਸ਼ ਕੀਤੀ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ, ਜਿਸਦੇ ਚੱਲਦੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਇਸ ਦੌਰਾਨ ਉਨ੍ਹਾਂ ਜੀਰਾ ਫੈਕਟਰੀ ਨੂੰ ਬੰਦ ਕਰਨ ਅਤੇ ਬੁੱਢੇ ਨਾਲੇ ਦੀ ਸਫ਼ਾਈ ਦੇ ਮੁੱਦੇ ’ਤੇ ਗੱਲ ਕਰਦਿਆਂ ਦੋਸ਼ ਲਗਾਇਆ ਕਿ 2017 ਵਿਚ ਕੇਂਦਰ ਵਲੋਂ ਸਹਿਯੋਗ ਕਰਨ ਦੇ ਬਾਵਜੂਦ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਸਥਿਤੀ ਅੱਜ ਭਿਆਨਕ ਬਣੀ ਹੋਈ ਹੈ ਤੇ ਉਸਦੇ ਅਪਣੇ ਸੂਬੇ ਰਾਜਸਥਾਨ ਦੇ ਲੋਕਾਂ ਨੂੰ ਵੀ ਮੁਸ਼ਕਿਲ ਆ ਰਹੀ ਹੈ। ਕਿਸਾਨਾਂ ਅਤੇ ਭਾਜਪਾ ਵਿਚਕਾਰ ਪਿਛਲੇ ਸਮੇਂ ਬਣੀਆਂ ਦੂਰੀਆਂ ਨੂੰ ਵਿਰੋਧੀ ਸਿਆਸੀ ਧਿਰਾਂ ਦੀਆਂ ਚਾਲਾਂ ਕਰਾਰ ਦਿੰਦਿਆਂ ਕੇਂਦਰੀਭਾਜਪਾ ਆਗੂ ਨੇ ਦਾਅਵਾ ਕੀਤਾ ਕਿ ‘‘ ਇਹ ਸਭ ਸਿਆਸਤ ਤੋਂ ਪ੍ਰੇਰਤ ਸੀ ਜਦੋਂਕਿ ਕਿਸਾਨਾਂ ਲਈ ਭਲਾਈ ਦੇ ਕੰਮ ਸਾਰੀਆਂ ਸਰਕਾਰ ਤੋਂ ਵੱਧ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ ਕੀਤੇ ਹਨ। ’’ ਉਨ੍ਹਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਨੂੰ ਵੀ ਮੋਦੀ ਸਰਕਾਰ ਨੇ ਹੀ ਲਾਗੂ ਕੀਤਾ ਹੈ ਜਿਸਦੇ ਚੱਲਦੇ ਹੁਣ ਦਿਹਾਤੀ ਖੇਤਰ ਦੇ ਲੋਕ ਅਤੇ ਕਿਸਾਨ ਵੀ ਇਸ ਗੱਲ ਨੂੰ ਸਮਝਣ ਲੱਗ ਪਏ ਹਨ। ਪੰਜਾਬ ਦੀ ਆਪ ਸਰਕਾਰ ’ਤੇ ਇੱਕ ਸਾਲ ਵਿਚ ਹੀ ਬੁਰੀ ਤਰ੍ਹਾਂ ਫ਼ੇਲ ਹੋਣ ਦਾ ਦੋਸ਼ ਲਗਾਉਂਦਿਆਂ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ਼ ਸ਼੍ਰੀ ਸੇਖਾਵਤ ਨੇ ਕਿਹਾ ਕਿ ਅੱਜ ਸੂਬੇ ਦੇ ਲੋਕ ਖ਼ੁਦ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ, ਕਿਉਂਕਿ ਜਿੱਥੇ ਅਮਨ ਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਉਥੇ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਤੇ ਅਤੇ ਹਰ ਦਿਨ ਧਮਕੀਆਂ ਤੇ ਫ਼ਿਰੌਤੀ ਭਰੀਆਂ ਕਾਲਾਂ ਆ ਰਹੀਆਂ ਹਨ ਜਿਸ ਕਾਰਨ ਇੱਕ ਸਾਲ ਦੇ ਘੱਟ ਸਮੇਂ ਵਿਚ ਹੀ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਦੁਖੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਦੇਸ ਵਿਰੋਧੀ ਤਾਕਤਾਂ ਵੀ ਮੁੜ ਸਿਰ ਚੁੱਕ ਰਹੀਆਂ ਹਨ ਪ੍ਰੰਤੂ ਕੇਂਦਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਸੰਪਰਕ ਵਿਚ ਹੈ ਤੇ ਬਣਦੀ ਕਾਰਵਾਈ ਲਈ ਹਮੇਸ਼ਾ ਸਹਿਯੋਗ ਕਰੇਗਾ। ਸ੍ਰੀ ਸੇਖਾਵਤ ਨੇ ਦਾਅਵਾ ਕੀਤਾ ਕਿ ਪਹਿਲਾਂ 2024 ਦੀਆਂ ਲੋਕ ਸਭਾ ਚੋਣਾਂ ਅਤੇ ਮੁੜ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਭਾਜਪਾ ਨੂੰ ਪਿਆਰ ਦੇਣਗੇ, ਕਿਉਂਕਿ ਉਹ ਸਮਝ ਗਏ ਹਨ ਕਿ ਸਹੀ ਸ਼ਾਸਨ ਤੇ ਵਿਕਾਸ ਦਾ ਪਹੀਆਂ ਘੁਮਾਉਣ ਲਈ ਸੂਬੇ ਵਿਚ ਡਬਲ ਇੰਜਨ ਸਰਕਾਰ ਦੀ ਬੇਹੱਦ ਜਰੂਰਤ ਹੈ। ਇਸ ਦੌਰਾਨ ਉਨ੍ਹਾਂ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਵਿਚ ਸ਼ਾਮਲ ਕਰਨ ਸਬੰਧੀ ਉੱਠ ਰਹੀਆਂ ਬਗਾਵਤਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੀ ਭਾਜਪਾ ਵਿਚ ਸਮੂਲੀਅਤ ਸੂਬਾ ਯੂਨਿਟ ਦੀ ਰਾਏ ਨਾਲ ਹੀ ਹੋਈ ਹੈ। ਗੌਰਤਲਬ ਹੈ ਕਿ ਗਜੇਂਦਰ ਸੇਖਾਵਤ ਬਠਿੰਡਾ ਲੋਕ ਸਭਾਂ ਹਲਕੇ ਦੇ ਇੰਚਾਰਜ਼ ਹਨ ਅਤੇ ਉਨ੍ਹਾਂ ਵਲੋਂ ਬਠਿੰਡਾ ਵਿਚ ਦੋ ਦਿਨ ਰਹਿ ਕੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਾ ਦੇ ਭਾਜਪਾ ਆਗੂਆਂ ਅਤੇ ਇੱਥੋਂ ਤੱਕ ਆਰਐਸਐਸ ਦੇ ਵਰਕਰਾਂ ਨਾਲ ਵੀ ਮੀਟਿੰਗ ਕਰਕੇ ਚੋਣਾਂ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਜਾਵੇਗਾ। ਸ਼੍ਰੀ ਸੇਖਾਵਤ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਸੰਗਠਨ ਅਤੇ ਅਪਣੀ ਵਿਚਾਰਧਾਰਾਂ ਦੀ ਤਾਕਤ ਨਾਲ ਅੱਗੇ ਵਧਦੀ ਹੈ ਤੇ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਸਿਰਫ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ , ਭ੍ਰਿਸ਼ਟਾਚਾਰ ਮੁਕਤ ਅਤੇ ਖੁਸ਼ਹਾਲ ਪੰਜਾਬ ਬਣਾ ਸਕਦੀ ਹੈ । ਉਹਨਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੀ ਤਾਕਤ ਨੂੰ ਵਧਾਇਆ ਜਾ ਰਿਹਾ ਹੈ । ਇਸ ਮੋਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਗੁਰਪ੍ਰੀਤ ਕਾਂਗੜ , ਬਿਕਰਮਜੀਤ ਸਿੰਘ ਚੀਮਾ ,ਮੋਨਾ ਜੈਸਵਾਲ, ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਸ਼ੁਭਾਸ ਸ਼ਰਮਾ ਅਤੇ ਦਿਆਲ ਸੋਢੀ ਸਹਿਤ ਜਿਲਾ ਪ੍ਰਧਾਨ ਸ਼ਹਿਰੀ ਸਰੂਪ ਚੰਦ ਸਿੰਗਲਾ, ਦਿਹਾਤੀ ਦੇ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ, ਸੂਬਾ ਮੀਡੀਆਂ ਸਕੱਤਰ ਸੁਨੀਲ ਸਿੰਗਲਾ, ਸੀਨੀਅਰ ਆਗੂ ਅਸੋਕ ਭਾਰਤੀ, ਮੋਹਨ ਲਾਲ ਗਰਗ, ਰਾਜ ਨੰਬਰਦਾਰ, ਸਾਬਕਾ ਪ੍ਰਧਾਨ ਵਿਨੋਦ ਬਿੰਟਾ, ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ,ਜਸਵੀਰ ਸਿੰਘ ਮਹਿਰਾਜ ਆਦਿ ਆਗੂ ਵੀ ਹਾਜ਼ਰ ਰਹੇ।
Share the post "ਐਸਵਾਈਐਲ ਦੇ ਮੁੱਦੇ ’ਤੇ ਕੇਂਦਰ ਹੁਣ ਪੰਜਾਬ ਅਤੇ ਹਰਿਆਣਾ ਵਿਚ ਨਹੀਂ ਕਰੇਗਾ ਹੋਰ ਵਿਚੋਲਗੀ: ਗਜੇਂਦਰ ਸੇਖਾਵਤ"