ਐਫ਼.ਸੀ.ਆਈ ਵਲੋਂ 40 ਫ਼ੀਸਦੀ ਕਣਕ ਮੰਡੀਆਂ ਵਿਚੋਂ ਚੁੱਕਣ ਦਾ ਫੈਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ : ਸੂਬੇ ਦੇ ਵਿਚ ਪਹਿਲੀ ਵਾਰ ਭਾਰੀ ਬਹੁਮਤ ਨਾਲ ਹੋਂਦ ਵਿਚ ਆਈ ਆਪ ਸਰਕਾਰ ਲਈ ਕਣਕ ਦੇ ਚਾਲੂ ਖਰੀਦ ਸ਼ੀਜਨ ’ਚ ਕੇਂਦਰੀ ਖਰੀਦ ਏਜੰਸੀ ਦੇ ਹੁਕਮ ਮੁਸ਼ਕਿਲ ਖੜੀ ਕਰ ਸਕਦੇ ਹਨ। ਕੌਮਾਂਤਰੀ ਮੰਡੀਆਂ ’ਚ ਕਣਕ ਦੀ ਭਾਰੀ ਮੰਗ ਦੇ ਚੱਲਦਿਆਂ ਇਸ ਦਫ਼ਾ ਐਫ.ਸੀ.ਆਈ ਨੇ 40 ਫ਼ੀਸਦੀ ਦੇ ਕਰੀਬ ਸਿੱਧੀ ਮੰਡੀਆਂ ਵਿਚੋਂ ਚੁੱਕਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਇਹ ਕੋਟਾ ਸਿੱਧਾ ਮੰਡੀਆਂ ਵਿਚੋਂ ਚੁੱਕ ਕੇ ਸਪੈਸ਼ਲ ਗੱਡੀਆਂ ਰਾਹੀਂ ਦੂਜੇ ਸੂਬਿਆਂ ਨੂੰ ਭੇਜੀ ਜਾਣੀ ਹੈ। ਖਰੀਦ ਪ੍ਰਬੰਧਾਂ ’ਚ ਲੱਗੀਆਂ ਪੰਜਾਬ ਦੀਆਂ ਵੱਖ ਵੱਖ ਏਜੰਸੀਆਂ ਨੂੰ ਕੇਂਦਰੀ ਏਜੰਸੀ ਦੇ ਹੁਕਮਾਂ ਤੋਂ ਬਾਅਦ ਲੰਮੇਂ ਸਮੇਂ ਤੱਕ ਮੰਡੀਆਂ ’ਚ ਕਣਕ ਦੀ ਸੰਭਾਲ ਕਰਨ ਦੇ ਪ੍ਰਬੰਧ ਕਰਨੇ ਪੈਣੇ ਹਨ। ਪਤਾ ਲੱਗਿਆ ਹੈ ਕਿ ਇਸ ਮਸਲੇ ਨੂੰ ਲੈ ਕੇ ਸੂਬੇ ਦੀਆਂ ਖ਼ਰੀਦ ਏਜੰਸੀਆਂ ਦੀ ਫ਼ੀਲਡ ਮੁਲਾਜਮ ਯੂਨੀਅਨ ਦੇ ਆਗੂਆਂ ਵਲੋਂ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਐਫ਼.ਸੀ.ਆਈ ਵਲੋਂ ਇਸ ਵਾਰ ਕਣਕ ਦੀ ਸਟੋਰੇਜ਼ ਬੰਦ ਗੋਦਾਮਾਂ ’ਚ ਹੀ ਕਰਨ ਨੂੰ ਤਰਜ਼ੀਹ ਦੇਣ ਲਈ ਕਿਹਾ ਗਿਆ ਹੈ। ਇਸਤੋਂ ਇਲਾਵਾ ਜੇਕਰ ਜਰੂਰਤ ਪੈਣ ’ਤੇ ਓਪਨ ਗੋਦਾਮਾਂ ’ਚ ਕਣਕ ਲਗਾਈ ਵੀ ਜਾਂਦੀ ਹੈ ਤਾਂ ਉਸਨੂੰ ਵੀ ਖ਼ਾਲੀ ਕਰਨ ਦਾ ਟੀਚਾ 15 ਸਤੰਬਰ ਤੈਅ ਕੀਤਾ ਗਿਆ ਹੈ। ਹਾਲਾਂਕਿ ਪੰਜਾਬ ਵਿਚ ਮੌਜੂਦਾ ਸਮੇਂ ਕਣਕ ਨੂੰ ਸਟੋਰੇਜ਼ ਕਰਨ ਦੀ ਕੋਈ ਸਮੱਸਿਆ ਨਹੀਂ, ਕਿਉਂਕਿ ਕੇਂਦਰ ਸਰਕਾਰ ਵਲੋਂ ਕਰੋਨਾ ਕਾਲ ਦੌਰਾਨ ਮੁਫ਼ਤ ’ਚ ਵੰਡੀ ਕਣਕ ਕਾਰਨ ਇਹ ਗੋਦਾਮ ਲਗਭਗ ਖ਼ਾਲੀ ਹੋ ਗਏ ਹਨ। ਗੌਰਤਲਬ ਹੈ ਕਿ ਪੰਜਾਬ ਵਿਚੋਂ 135 ਲੱਖ ਮੀਟਰਕ ਟਨ ਖ਼ਰੀਦੀ ਜਾਣੀ ਹੈ, ਜਿਸ ਵਿਚੋਂ ਪਹਿਲੀ ਵਾਰ ਐਫ.ਸੀ.ਆਈ ਵਲੋਂ 12.6 ਫ਼ੀਸਦੀ ਕਣਕ ਸਿੱਧੇ ਤੌਰ ’ਤੇ ਖ਼ਰੀਦੀ ਜਾਵੇਗੀ। ਖਰੀਦ ਏਜੰਸੀਆਂ ਦੇ ਸੂਤਰਾਂ ਮੁਤਾਬਕ ਪਿਛਲੇ ਦੋ ਦਹਾਕਿਆਂ ਵਿਚ ਇਹ ਟੀਚਾ ਸਭ ਤੋਂ ਵੱਧ ਹੈ। ਇਸਤੋਂ ਪਹਿਲਾਂ ਕੇਂਦਰੀ ਪੁੂਲ ਲਈ ਖ਼ਰੀਦੀ ਜਾਣ ਵਾਲੀ ਕਣਕ ਦਾ ਲਗਭਗ ਸਾਰਾ ਕੋਟਾ ਸੂਬਾਈ ਏਜੰਸੀਆਂ ਨੂੰ ਦਿੱਤਾ ਜਾਂਦਾ ਰਿਹਾ ਹੈ। ਉਜ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਭ ਤੋਂ ਵੱਧ (25.5 ਫ਼ੀਸਦੀ) ਪਨਗਰੇਨ ਵਲੋਂ ਖਰੀਦ ਕੀਤੀ ਜਾਣੀ ਹੈ। ਇਸੇ ਤਰ੍ਹਾਂ ਦੂੁਜੇ ਨੰਬਰ ’ਤੇ ਮਾਰਕਫ਼ੈਡ ਵਲੋਂ 24 ਫ਼ੀਸਦੀ, ਪਨਸਪ ਵਲੋਂ 23.5 ਫ਼ੀਸਦੀ ਅਤੇ ਵੇਅਰਹਾਊਸ ਵਲੋਂ 14.4 ਫ਼ੀਸਦੀ ਕਣਕ ਖ਼ਰੀਦ ਦਾ ਕੋਟਾ ਦਿੱਤਾ ਗਿਆ ਹੈ। ਕਣਕ ਦੀ ਖ਼ਰੀਦ ਲਈ ਮੰਡੀਕਰਨ ਬੋਰਡ ਵਲੋਂ 1860 ਮੰਡੀਆਂ ਬਣਾਈਆਂ ਗਈਆਂ ਹਨ। ਖਰੀਦ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਇਸ ਸੀਜ਼ਨ ਦੌਰਾਨ ਜਿੱਥੇ ਪਹਿਲੀ ਵਾਰ ਕਣਕ ਦੀ ਸਟੋਰੇਜ਼ ਲਈ ਗੋਦਾਮ ਖ਼ਾਲੀ ਹਨ ਉਥੇ ਬਾਰਦਾਨੇਂ ਦੀ ਵੀ ਕੋਈ ਸਮੱਸਿਆ ਨਹੀਂ ਹੈ। ਮੰਡੀਆਂ ਵਿਚ ਕਰੀਬ 85 ਫ਼ੀਸਦੀ ਬਾਰਦਾਨਾਂ ਪਹਿਲਾਂ ਹੀ ਪੁੱਜ ਚੁੱਕਿਆ ਹੈ ਪ੍ਰੰਤੂ ਐਫ਼.ਸੀ.ਆਈ ਵਲੋਂ ਕਰੀਬ 40 ਫ਼ੀਸਦੀ ਕਣਕ ਮੰਡੀਆਂ ਵਿਚੋਂ ਚੁੱਕ ਕੇ ਸਪੈਸ਼ਲਾਂ ਰਾਹੀਂ ਦੂਜੇ ਸੂਬਿਆਂ ਨੂੰ ਭੇਜਣ ਦਾ ਫੈਸਲਾ ਮੁਸ਼ਕਿਲ ਖੜੀ ਕਰ ਸਕਦਾ ਹੈ। ਕਿਉਂਕਿ ਇਸ ਸਮੇਂ ਦੌਰਾਨ ਕਣਕ ਨੂੰ ਬਾਰਸ਼ਾਂ ਤੇ ਚੋਰੀ ਤੋਂ ਬਚਾਉਣ ਤੋਂ ਇਲਾਵਾ ਇੱਕ ਹੋਰ ਵੱਡੀ ਸਮੱਸਿਆ ਹੈ ਕਿ ਮੌਸਮ ਦੇ ਹਿਸਾਬ ਨਾਲ ਜਿਆਦਾ ਤਪਸ਼ ਵਧਣ ਕਾਰਨ ਕਣਕ ਦੇ ਵਜ਼ਨ ਉਪਰ ਵੀ ਇਸਦਾ ਅਸਰ ਪੈਂਦਾ ਹੈ।
ਕਣਕ ਦੀ ਬੰਪਰ ਫਸਲ ਹੋਣ ਦੀ ਸੰਭਾਵਨਾ
ਚੰਡੀਗੜ੍ਹ: ਉਧਰ ਚਾਲੂ ਸੀਜ਼ਨ ਦੌਰਾਨ ਕਣਕ ਦੀ ਬੰਪਰ ਫ਼ਸਲ ਹੋਣ ਦੀ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ। ਖੇਤੀਬਾੜੀ ਵਿਭਾਗ ਦੇ ਮੁੱਖ ਅਫ਼ਸਰ ਡਾ ਪਾਖ਼ਰ ਸਿੰਘ ਨੇ ਦਸਿਆ ਕਿ ਮੌਸਮ ਦੇ ਹਿਸਾਬ ਨਾਲ ਕਣਕ ਦਾ ਝਾੜ ਵਧੀਆਂ ਨਿਕਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਮੌਸਮ ਠੀਕ ਰਿਹਾ, ਉਥੇ ਹੁਣ ਜਦ ਕਣਕ ਪੱਕਣ ’ਤੇ ਆਈ ਹੋਈ ਹੈ ਤਾਂ ਰਾਤ ਸਮੇਂ ਤਾਪਮਾਨ ਦਾ ਘਟਣਾ ਵੀ ਇਸ ਫਸਲ ਲਈ ਚੰਗਾ ਹੈ।
Share the post "ਐਫ਼.ਸੀ.ਆਈ ਦੇ ਨਵੇਂ ਹੁਕਮ ਕਣਕ ਖ਼ਰੀਦ ’ਚ ਆਪ ਸਰਕਾਰ ਲਈ ਖੜੀ ਕਰ ਸਕਦੇ ਹਨ ਮੁਸ਼ਕਿਲ"