ਸੁਖਜਿੰਦਰ ਮਾਨ
ਬਠਿੰਡੇ, 26 ਜਨਵਰੀ:ਕੇਂਦਰੀ ਭਾਜਪਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਵਿਵਸਥਾ ਨੂੰ ਕੌਮੀ ਅਰਥ-ਵਿਵਸਥਾ ਲਈ ਨੁਕਸਾਨਸਾਇਕ ਐਲਾਨਣ ਅਤੇ ਨਿਯਮਾਂ ਦੀ ਆੜ ਹੇਠ ਇਸ ਪੈਨਸ਼ਨ ਪ੍ਰਣਾਲੀ ਦੀ ਸੂਬਿਆਂ ਵਿੱਚ ਹੋ ਰਹੀ ਮੁੜ ਬਹਾਲੀ ਅੱਗੇ ਪਾਏ ਜਾ ਰਹੇ ਅੜਿੱਕਿਆਂ ਖਿਲਾਫ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦੇ ਸੱਦੇ ਤਹਿਤ ਵਿੱਚ ਜ਼ਿਲ੍ਹਾ ਆਗੂ ਦਵਿੰਦਰ ਸਿੰਘ ਬਲਵੀਰ ਸਿੰਘ ਮਲੂਕਾ,ਲਾਲ ਸਿੰਘ ਮਲੂਕਾ, ਅਮਨਦੀਪ ਸਿੰਘ ਸੁਨੀਲ ਕੁਮਾਰ ਜਗਪਾਲ ਬੰਗੀ ਦੀ ਅਗਵਾਈ ਹੇਠ ਐਨ.ਪੀ.ਐੱਸ ਮੁਲਾਜ਼ਮਾਂ ਵੱਲੋੰ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਪੱਖੀ ਨੀਤੀਕਾਰਾਂ ਦਾ ਪੁਤਲਾ ਫੂਕਿਆ ਗਿਆ।ਕੇਂਦਰ ਸਰਕਾਰ ਖਿਲਾਫ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂਆਂ ਨਰਿੰਦਰ ਸਿੰਘ ਗੁਰਸੇਵਕ ਸਿੰਘ ਅਤੇ ਡੀ ਟੀ ਐੱਫ ਪੰਜਾਬ ਦੇ ਆਗੂ ਰਾਜੇਸ਼ ਮੋਂਗਾ ਬੂਟਾ ਸਿੰਘ ਰੋਮਾਣਾ ਸਿਕੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਅਤੇ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਸੰਜੀਵ ਸਾਨਿਆਲ ਵੱਲੋਂ ਪੁਰਾਣੀ ਪੈਨਸ਼ਨ ਵਿਰੁੱਧ ਮੋਰਚਾ ਖੋਲਦਿਆਂ ਕੇਂਦਰੀ ਅਜੰਸੀ ਪੀ ਐਫ ਆਰ ਡੀ ਏ ਦੇ ਅਧੀਨ ਕਈ ਲੱਖ ਕਰੋੜ ਦੀ ਐਨ ਪੀ ਐੱਸ ਜਮਾਂ ਰਾਸ਼ੀ ਨੂੰ ਮੋੜਨ ਦੀ ਸੂਬਿਆਂ ਕੋਲ਼ੋਂ ਕੀਤੀ ਗਈ ਮੰਗ ਨੂੰ ਰੱਦ ਕਰਨ,ਇਸ ਪੈਨਸ਼ਨ ਸਕੀਮ ਨੂੰ ਵਿਕਾਸ ਲਈ ਰੁਕਾਵਟ ਅਤੇ ਅਰਥ-ਵਿਵਸਥਾ ਸਮੇਤ ਅਗਲੀਆਂ ਪੀੜੀਆਂ ਲਈ ਬੋਝ ਦੱਸਿਆ ਜਾ ਰਿਹਾ ਹੈ।ਦੂਜੇ ਪਾਸੇ ਦੇਸ਼ ਦੇ ਸਮੂਹ ਸਾਂਸਦ ਤੇ ਵਿਧਾਨ ਸਭਾਵਾਂ ਦੇ ਵਿਧਾਇਕ ਖੁਦ ਪੁਰਾਣੀ ਪੈਨਸ਼ਨ ਅਧੀਨ ਪੈਨਸ਼ਨ ਪ੍ਰਾਪਤ ਕਰ ਰਹੇ ਹਨ।ਜਿਸ ਤੋਂ ਇਹਨਾਂ ਮੰਤਰੀਆਂ ਅਤੇ ਨੀਤੀਕਾਰਾਂ ਦੇ ਦੋਹਰੇ ਕਿਰਦਾਰ ਦਾ ਸਪਸ਼ਟ ਪ੍ਰਗਟਾਵਾ ਹੁੰਦਾ ਹੈ। ਉੱਥੇ ਹੀ ਪੰਜਾਬ ਸਰਕਾਰ ਵਲੋ ਦੋ ਮਹੀਨੇ ਪਹਿਲਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੋਟਾਂ ਲੈਣ ਖਾਤਰ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਜਾਰੀ ਕੀਤਾ ਨੋਟੀਫਿਕੇਸ਼ਨ, ਹੁਣ ਨਵੀਆਂ ਭਰਤੀਆ ਉੱਤੇ ਵੀ ਨਵੀ ਪੈਨਸ਼ਨ ਵਾਲੀਆਂ ਮੱਦਾਂ ਲਾਗੂ ਕੀਤੇ ਜਾਣ ਨਾਲ਼ ਖੋਖਲਾ ਸਾਬਤ ਹੋ ਚੁੱਕਿਆ ਹੈ। ਫਰੰਟ ਵੱਲੋਂ ਗੁਰਜੰਟ ਸਿੰਘ ਭਾਗੀਵਾਂਦੇਰ ਹਰਬੰਸ ਲਾਲ, ਗਿਰਧਾਰੀ ਲਾਲ ਅਤੇ ਕਸ਼ਮੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੈਨਸ਼ਨ ਵਿਰੋਧੀ ਨੀਤੀ ਖਿਲਾਫ ਪੰਜਾਬ ਭਰ ਚੋਂ ਐਨ.ਪੀ.ਐੱਸ ਮੁਲਾਜ਼ਮ 29 ਜਨਵਰੀ ਨੂੰ ਫਗਵਾੜਾ ਵਿਖੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਵੱਲ ਸੂਬਾ ਪੱਧਰੀ ਰੋਸ ਮਾਰਚ ਕਰਨਗੇ। ਜੇਕਰ ਪੰਜਾਬ ਸਰਕਾਰ ਨਵੀਂ ਪੈਨਸ਼ਨ ਸਕੀਮ ਨੂੰ ਮੁਕੰਮਲ ਵਾਪਸ ਲੈਣ ਅਤੇ ਪੈਨਸ਼ਨ ਐਕਟ 1972 ਅਧਾਰਿਤ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭਾਂ ਦੀ ਗਰੰਟੀ ਕਰਦਾ ਸਪੱਸ਼ਟ ਅਤੇ ਸਮਾਂਬੱਧ ਵਿਧੀ ਵਿਧਾਨ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵਿਰੁੱਧ ਵੀ ਤਿੱਖਾ ਸੰਘਰਸ਼ ਕਰਕੇ ਸਰਕਾਰ ਦੇ ਸਿਆਸੀ ਜੁਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਸ ਸਮੇਂ ਜੋਨੀ ਸਿੰਗਲਾ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਦਿ ਹਾਜ਼ਰ ਸਨ।
Share the post "ਐੱਨ.ਪੀ.ਐੱਸ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੱਦੇ ਤੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ"