ਲੜਕੀਆਂ ਅਤੇ ਔਰਤਾਂ ਦੀ ਮੰਗ ’ਤੇ ਰਜਿਸਟਰੇਸ਼ਨ ਦਾ ਸਮਾਂ 2 ਦਿਨ ਵਧਾਇਆ, ਹੁਣ 9 ਜੂਨ ਤੱਕ ਹੋਵੇਗੀ ਰਜਿਸਟਰੇਸ਼ਨ : ਵੀਨੂੰ ਗੋਇਲ
ਸੁਖਜਿੰਦਰ ਮਾਨ
ਬਠਿੰਡਾ, 07 ਜੂਨ: ਡਾਇਮੰਡ ਵੈਲਫੇਅਰ ਸੋਸਾਇਟੀ ਵੱਲੋਂ ਸਮਾਜ ਸੇਵੀ ਵੀਨੂੰ ਗੋਇਲ ਦੀ ਅਗਵਾਈ ਹੇਠ ਔਰਤਾਂ ਦੇ ਸਸ਼ਕਤੀਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਰ ਸਾਲ ਲਗਾਏ ਜਾਂਦੇ ਸਵੈ-ਰੁਜ਼ਗਾਰ ਸਿਖਲਾਈ ਕੈਂਪਾਂ ਲਈ ਰਜਿਸਟਰੇਸ਼ਨਾਂ ਦਾ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਸੁਸਾਇਟੀ ਵੱਲੋਂ ਹਰ ਸਾਲ ਬਠਿੰਡਾ ਵਿਖੇ 21 ਰੋਜ਼ਾ ਸਿਖਲਾਈ ਕੈਂਪ ਲਗਾਇਆ ਜਾਂਦਾ ਹੈ ਅਤੇ ਇਹ 20ਵਾਂ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਔਰਤਾਂ ਨੂੰ ਮੁਫ਼ਤ ਰੁਜ਼ਗਾਰ ਕੋਰਸ ਜਿਵੇਂ ਕਿ ਸਿਲਾਈ, ਕਢਾਈ, ਮਹਿੰਦੀ, ਬਿਊਟੀਸ਼ੀਅਨ, ਪੇਂਟਿੰਗ, ਸਪੀਕਿੰਗ ਇੰਗਲਿਸ਼, ਸਾਫਟ ਟੌਇਜ਼ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ। ਸਮਾਜ ਸੇਵੀ ਵੀਨੂੰ ਗੋਇਲ ਅਤੇ ਕੈਂਪ ਡਾਇਰੈਕਟਰ ਐਮ.ਕੇ ਮੰਨਾ ਨੇ ਦੱਸਿਆ ਕਿ ਇਸ ਵਾਰ ਉਕਤ ਕੈਂਪ ਸਰਕਾਰੀ ਗਰਲਜ਼ ਸਕੂਲ, ਮਾਲ ਰੋਡ, ਬਠਿੰਡਾ ਅਤੇ ਸਰਕਾਰੀ ਆਦਰਸ਼ ਸਕੂਲ, ਕੈਨਾਲ ਕਲੋਨੀ, ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਲਈ ਰਜਿਸਟ?ਰੇਸ਼ਨਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਲਈ ਲੜਕੀਆਂ ਅਤੇ ਔਰਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਹੁਣ ਤੱਕ 832 ਲੜਕੀਆਂ ਅਤੇ ਔਰਤਾਂ ਨੇ ਸਰਕਾਰੀ ਗਰਲਜ਼ ਸਕੂਲ ਅਤੇ 780 ਸਰਕਾਰੀ ਆਦਰਸ਼ ਸਕੂਲ ਵਿੱਚ ਆਪਣੀ ਰਜਿਸਟਰੇਸ਼ਨ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਅਤੇ ਔਰਤਾਂ ਦੀ ਮੰਗ ਨੂੰ ਦੇਖਦੇ ਹੋਏ ਹੁਣ ਰਜਿਸਟਰੇਸ਼ਨ ਲਈ ਦੋ ਦਿਨ ਹੋਰ ਵਧਾ ਦਿੱਤੇ ਗਏ ਹਨ ਅਤੇ ਰਜਿਸਟਰੇਸ਼ਨ 9 ਜੂਨ ਤੱਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣਾ ਹੈ, ਜਿਸ ਤਹਿਤ ਹਜ਼ਾਰਾਂ ਔਰਤਾਂ ਨੇ ਸੁਸਾਇਟੀ ਦੇ ਯਤਨਾਂ ਦਾ ਲਾਭ ਉਠਾਇਆ ਹੈ, ਜੋ ਸਵੈ-ਰੁਜ਼ਗਾਰ ਰਾਹੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੋਵਾਂ ਸਕੂਲਾਂ ਵਿੱਚ 1-1 ਹਜ਼ਾਰ ਔਰਤਾਂ ਨੂੰ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਔਰਤਾਂ ਵੱਲੋਂ ਵਿਖਾਏ ਜਾ ਰਹੇ ਉਤਸ਼ਾਹ ਸਦਕਾ ਉਕਤ ਟੀਚਾ ਜਲਦ ਹੀ ਪੂਰਾ ਕਰ ਲਿਆ ਜਾਵੇਗਾ।
Share the post "ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ਸਵੈ-ਰੁਜ਼ਗਾਰ ਸਿਖਲਾਈ ਕੈਂਪਾਂ ਦੀ ਰਜਿਸਟਰੇਸ਼ਨ ’ਚ ਦੇਖਿਆ ਜਾ ਰਿਹਾ ਭਾਰੀ ਉਤਸ਼ਾਹ"