ਮਾਮਲਾ ਘਰੇਲੂ ਵਿਵਾਦ ਦਾ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਮੰਗਲਵਾਰ ਦੁਪਿਹਰ ਕਰੀਬ ਇੱਕ ਵਜੇਂ ਸਥਾਨਕ ਜ਼ਿਲ੍ਹਾ ਕਚਿਹਰੀਆਂ ਅਤੇ ਐਸ.ਐਸ.ਪੀ ਦਫ਼ਤਰ ਦੇ ਵਿਚਕਾਰ ਲੰਗਦੀ ਸੜਕ ਉਪਰ ਰੇਹੜੀ ’ਤੇ ਕੁਲਚੇ ਖ਼ਾ ਰਹੀ ਇੱਕ ਔਰਤ ਨੂੰ ਇੱਕ ਨੌਜਵਾਨ ਵਲੋਂ ਕਿਰਚਾਂ ਮਾਰ ਕੇ ਗੰਭੀਰ ਰੂਪ ਵਿਚ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਤੁਰੰਤ ਬਾਅਦ ਲੋਕਾਂ ਨੇ ਜਖਮੀ ਔਰਤ ਨੂੰ ਆਟੋ ਵਿਚ ਪਾ ਕੇ ਸਿਵਲ ਹਸਪਤਾਲ ਭਿਜਵਾਇਆ, ਜਿੱਥੇ ਉਸਦੀ ਗੰਭੀਰ ਹਾਲਾਤ ਨੂੰ ਦੇਖਦਿਆਂ ਏਮਜ਼ ਵਿਚ ਭੇਜ ਦਿੱਤਾ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ, ਐਸਐਚਓ ਸਿਵਲ ਲਾਈਨ ਇੰਸਪੈਕਟਰ ਯਾਦਵਿੰਦਰ ਸਿੰਘ ਤੇ ਹੋਰ ਅਧਿਕਾਰੀ ਪੁੱਜ ਗਏ, ਜਿੰਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਅਧਿਕਾਰੀਆਂ ਨੇ ਦਸਿਆ ਕਿ ਜਖਮੀ ਹੋਈ ਔਰਤ ਦੀ ਭੈਣ ਦੇ ਬਿਆਨਾਂ ਉਪਰ ਕਥਿਤ ਦੋਸ਼ੀ ਨੌਜਵਾਨ ਵਿਰੁਧ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਖਮੀ ਹੋਈ ਔਰਤ ਗੀਤਾ ਰਾਣੀ (35) ਦਾ ਕੁੱਝ ਸਾਲ ਪਹਿਲਾਂ ਵਿਆਹ ਗੁਲਸ਼ਨ ਕੁਮਾਰ ਪਟਵਾਰੀ ਵਾਸੀ ਪੂਜਾ ਵਾਲਾ ਮੁਹੱਲਾ ਬਠਿੰਡਾ ਨਾਲ ਹੋਇਆ ਸੀ। ਕਰੀਬ ਪੰਜ ਸਾਲ ਪਹਿਲਾਂ ਗੀਤਾ ਰਾਣੀ ਦਾ ਕਥਿਤ ਤੌਰ ’ਤੇ ਗੁਲਸ਼ਨ ਨਾਲ ਵਿਵਾਦ ਹੋ ਗਿਆ ਤੇ ਉਸਨੇ ਪਰਸਰਾਮ ਨਗਰ ਦੇ ਨੌਜਵਾਨ ਗੁਰਜੀਤ ਕੁਮਾਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੁਲਸ਼ਨ ਨੇ ਗੀਤਾ ਅਤੇ ਗੁਰਜੀਤ ਵਿਰੁਧ ਚੋਰੀ ਦਾ ਪਰਚਾ ਦਰਜ਼ ਕਰਵਾ ਦਿੱਤਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਕੁੱਝ ਸਮਾਂ ਪਹਿਲਾਂ ਗੁਲਸ਼ਨ ਕੁਮਾਰ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਉਸ ਵਲੋਂ ਦਰਜ਼ ਕਰਵਾਇਆ ਪਰਚਾ ਹਾਲੇ ਵੀ ਚੱਲ ਰਿਹਾ ਹੈ। ਅੱਜ ਉਕਤ ਪਰਚੇ ’ਚ ਅਦਾਲਤ ਵਿਚ ਗੀਤਾ ਰਾਣੀ ਅਪਣੀ ਭੈਣ ਕਮਲੈਸ ਰਾਣੀ ਨਾਲ ਪੇਸ਼ੀ ਭੁਗਤਣ ਆਈ ਹੋਈ ਸੀ। ਇਹ ਵੀ ਪਤਾ ਚੱਲਿਆ ਹੈ ਕਿ ਗੀਤਾ ਰਾਣੀ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਗੁਰਜੀਤ ਕੁਮਾਰ ਨਾਲੋਂ ਵੀ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਧਰ ਪੇਸ਼ੀ ਭੁਗਤਣ ਤੋਂ ਬਾਅਦ ਗੀਤਾ ਰਾਣੀ ਕਚਿਹਰੀਆਂ ਦੇ ਨਾਲ ਲੱਗਦੀ ਸੜਕ ਉਪਰ ਇੱੱਕ ਰੇਹੜੀ ਉਪਰ ਕੁਲਚੇ ਖਾਣ ਲੱਗੀ। ਇਸ ਦੌਰਾਨ ਹੀ ਕਥਿਤ ਦੋਸ਼ੀ ਅਜੈ ਕੁਮਾਰ ਜੋਕਿ ਗੁਰਜੀਤ ਕੁਮਾਰ ਦਾ ਭਰਾ ਦਸਿਆ ਜਾ ਰਿਹਾ ਹੈ, ਮੌਕੇ ਉਪਰ ਪੁੱਜ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਮੁਤਾਬਕ ਦੋਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਵਿਵਾਦ ਥੋੜੇ ਸਮੇਂ ਵਿਚ ਹੀ ਤਕਰਾਰ ’ਚ ਬਦਲ ਗਿਆ ਤੇ ਗੀਤਾ ਰਾਣੀ ਨੇ ਕਥਿਤ ਤੌਰ ’ਤੇ ਕੁਲਚਿਆਂ ਵਾਲੀ ਪਲੇਟ ਅਜੈ ਦੇ ਮਾਰ ਦਿੱਤੀ। ਜਿਸਤੋਂ ਬਾਅਦ ਅੱਜ ਨੇ ਅਪਣੇ ਡੱਬ ਵਿਚੋਂ ਇੱਕ ਤੇਜਧਾਰ ਕਿਰਚ ਕੱਢ ਕੇ ਉਸਦੇ ਉਪਰ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਵਾਰ ਉਸਨੇ ਉਸਦੇ ਪੇਟ ਉਪਰ ਕੀਤੇ ਤੇ ਇੱਕ ਵਾਰ ਪੱਟ ਉਪਰ ਵੀ ਲੱਗਿਆ। ਘਟਨਾ ਦਾ ਰੌਲਾ ਪੈਣ ’ਤੇ ਉਹ ਮੌਕੇ ਵਿਚੋਂ ਭੱਜ ਗਿਆ, ਜਿਸਨੂੰ ਬਾਅਦ ਵਿਚ ਪੁਲਿਸ ਨੇ ਕਾਬੂ ਕਰ ਲਿਆ। ਉਧਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦਸਿਆ ਕਿ ਲੜਕੀ ਦੀ ਹਾਲਾਤ ਕਾਫ਼ੀ ਗੰਭੀਰ ਸੀ, ਜਿਸਦੇ ਤੁਰੰਤ ਅਪਰੇਸ਼ਨ ਕੀਤੇ ਜਾਣੇ ਬਣਦੇ ਸਨ, ਜਿਸ ਕਾਰਨ ਉਸਨੂੰ ਏਮਜ਼ ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕਚਿਹਰੀ ਚੌਕੀ ਦੇ ਇੰਚਾਰਜ਼ ਥਾਣੇਦਾਰ ਕਸ਼ਮੀਰ ਸਿੰਘ ਨੇ ਦਸਿਆ ਕਿ ਔਰਤ ਗੀਤਾ ਰਾਣੀ ਦੀ ਹਾਲਾਤ ਕਾਫ਼ੀ ਗੰਭੀਰ ਹੈ, ਜਿਸਦੇ ਚੱਲਦੇ ਉਸਦੀ ਮੌਕੇ ’ਤੇ ਮੌਜੂਦ ਭੈਣ ਕਮਲੇਸ਼ ਰਾਣੀ ਦੇ ਬਿਆਨਾਂ ਉਪਰ ਅਜੈ ਕੁਮਾਰ ਦੇ ਵਿਰੁਧ ਧਾਰਾ 307 ਅਤੇ ਹੋਰਨਾਂ ਧਾਰਾਵਾਂ ਤਹਿਤ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
Share the post "ਕਚਿਹਰੀਆਂ ’ਚ ਤਰੀਕ ਭੁਗਤਣ ਆਈ ਔਰਤ ਨੂੰ ਨੌਜਵਾਨ ਨੇ ਕਿਰਚਾਂ ਮਾਰ ਕੇ ਕੀਤਾ ਗੰਭੀਰ ਜਖਮੀ"