ਸੁਵੱਖਤੇ ਹੀ ਥਰਮਲ ਦੀ ਝੀਲ ’ਚ ਮਾਰੀ ਛਾਲ, ਪਤਨੀ ਤੇ ਪੁੱਤਰ ਦੀ ਹੋਈ ਮੌਤ, ਪਿਊ ਗੰਭੀਰ ਹਾਲਾਤ ’ਚ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 31 ਮਾਰਚ: ਸੁੱਕਰਵਾਰ ਸਵੇਰੇ ਦਿਨ ਚੜਦੇ ਹੀ ਬਠਿੰਡਾ ਸ਼ਹਿਰ ਦੇ ਇੱਕ ਪਰਿਵਾਰ ਦੇ 3 ਲੋਕਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਸਥਾਨਕ ਥਰਮਲ ਪਲਾਂਟ ਦੀ ਝੀਲ ਵਿਚ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਪ੍ਰਵਾਰ ਦਾ ਮੁਖੀ ਬਚ ਗਿਆ, ਜਿਸਦੀ ਹਾਲਾਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਜਦੋਂਕਿ ਉਸਦੀ ਪਤਨੀ ਤੇ ਪੁੱਤਰ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ ’ਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਮੌਕੇ ’ਤੇ ਪੁੱਜ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਕਾਫ਼ੀ ਗੰਭੀਰ ਹਾਲਾਤ ’ਚ ਬਚੇ ਪ੍ਰਵਾਰ ਦੇ ਮੁਖੀ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸਦੀ ਪਹਿਚਾਣ ਸੁਰਿੰਦਰ ਕੁਮਾਰ (67) ਵਾਸੀ ਸ਼ਾਸਤਰੀ ਵਾਲੀ ਗਲੀ ਅਮਰੀਕ ਸਿੰਘ ਰੋਡ ਦੇ ਤੌਰ ’ਤੇ ਹੋਈ ਹੈ। ਜਦੋਂਕਿ ਉਸਦੀ ਮ੍ਰਿਤਕ ਪਤਨੀ ਕੈਲਾਸ਼ ਰਾਣੀ (65 ਸਾਲ) ਅਤੇ ਮ੍ਰਿਤਕ ਪੁੱਤਰ ਦੀ ਪਹਿਚਾਣ ਪਵਨੀਸ਼ (37 ਸਾਲ) ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਸੁਰਿੰਦਰ ਕੁਮਾਰ ਵਲੋਂ ਅਮਰੀਕ ਸਿੰਘ ਰੋਡ ਉਪਰ ਹੀ ਇੱਕ ਪ੍ਰਿੰਟਿੰਗ ਪ੍ਰੈਸ ਚਲਾਈ ਜਾ ਰਹੀ ਸੀ। ਮੁਢਲੀ ਸੂਚਨਾ ਮੁਤਾਬਕ ਪ੍ਰਵਾਰ ਕਰਜ਼ੇ ਤੋਂ ਪ੍ਰੇਸ਼ਾਨ ਦਸਿਆ ਜਾ ਰਿਹਾ ਸੀ, ਜਿਸਦੇ ਚੱਲਦੇ ਉਨ੍ਹਾਂ ਵਲੋਂ ਇਹ ਕਦਮ ਚੁੱਕਿਆ ਗਿਆ। ਇਸ ਘਟਨਾ ਦੀ ਥਾਣਾ ਥਰਮਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਨੇ ਦਸਿਆ ਕਿ ਪ੍ਰਵਾਰ ਵਲੋਂ ਲਿਖਤੀ ਬਿਆਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਧਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਹਾਰਾ ਜਨ ਸੇਵਾ ਨੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾ ਦਿੱਤਾ ਹੈ।
Share the post "ਕਰਜ਼ੇ ਤੋਂ ਦੁਖੀ ਬਠਿੰਡਾ ’ਚ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਪਰਵਾਰ ਵਲੋਂ ਸਮੂਹਿਕ ਖੁਦਕਸ਼ੀ ਦੀ ਕੋਸ਼ਿਸ਼"