ਸਰਵੇਖਣ ’ਚ 80 ਫ਼ੀਸਦੀ ਚਿੰਤਾ ਤੇ 73 ਫ਼ੀਸਦੀ ਉਦਾਸ ਪਾਏ ਗਏ
ਸੁਖਜਿੰਦਰ ਮਾਨ
ਬਠਿੰਡਾ, 9 ਅਗਸਤ –ਦੁਨੀਆ ਭਰ ’ਚ ਫੈਲੀ ਕਰੋਨਾ ਮਹਾਂਮਾਰੀ ਨੇ ਲੋਕਾਂ ਦੀ ਚਿੰਤਾ ਤੇ ਉਦਾਸੀ ਵਿਚ ਭਾਰੀ ਵਾਧਾ ਕੀਤਾ ਹੈ। ਲੱਖਾਂ ਲੋਕਾਂ ਦੇ ਮਰਨ, ਕਰੋੜਾਂ ਦੇ ਇਸ ਮਹਾਂਮਾਰੀ ਦੀ ਚਪੇਟ ’ਚ ਆਉਣ ਅਤੇ ਨੌਕਰੀਆਂ ਤੇ ਵਪਾਰ ਖ਼ਤਮ ਹੋਣ ਵਰਗੇ ਕਦਮਾਂ ਕਾਰਨ ਦੂਜੇ ਭਾਰਤੀਆਂ ਦੀ ਤਰ੍ਹਾਂ ਪੰਜਾਬੀਆਂ ’ਚ ਵੀ ਚਿੰਤਾ ਤੇ ਉਦਾਸੀ ਦੇਖਣ ਨੂੰ ਮਿਲੀ ਹੈ। ਐਸੋਸੀਏਸਨ ਆਫ ਫਿਜੀਸੀਅਨਜ ਆਫ ਇੰਡੀਆ ਦੀ ਮਾਲਵਾ ਬ੍ਰਾਂਚ ਦੀ ਪਹਿਲਕਦਮੀ ’ਤੇ “ਕੋਵਿਡ 19 ਦੇ ਦੌਰਾਨ ਮੈਡੀਕੋਜ ਅਤੇ ਨਾਨ-ਮੈਡੀਕੋਜ ਵਿੱਚ ਭਾਰਤ ਵਿੱਚ ਚਿੰਤਾ ਅਤੇ ਡਿਪਰੈਸਨ ਦੀ ਪ੍ਰਵਿਰਤੀ: ਇੱਕ ਸਰਵੇਖਣ’’ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ 80.5% ਫ਼ੀਸਦੀ ਲੋਕ ਚਿੰਤਾ ਤੇ 73.3% ਫ਼ੀਸਦੀ ਦੇ ਕਰੀਬ ਲੋਕ ਉਦਾਸੀ ਵਿਚ ਪਾਏ ਗਏ। 1 ਅਕਤੂਬਰ 2020 ਤੋਂ 20 ਫਰਵਰੀ 2021 ਦੇ ਵਿਚਕਾਰ ਪ੍ਰਸ਼ਨਾਵਾਲੀ ਤੇ ਸਾਫ਼ਟ ਕਾਪੀ ਰਾਹੀਂ ਕਰਵਾਏ ਸਰਵੇਖਣ ਦੇ ਨਤੀਜ਼ੇ ਹੁਣ ਜਾਰੀ ਕੀਤੇ ਗਏ ਹਨ। ਉਘੇ ਫ਼ਿਜੀਸੀਅਨ ਪ੍ਰੋਫੈਸਰ ਡਾ. ਵਿਤੁਲ ਕੇ ਗੁਪਤਾ ਨੇ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਦਸਿਆ ਕਿ ‘‘ ਬਿਨ੍ਹਾਂ ਸ਼ੱਕ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀਆਂ ਚਿੰਤਾਵਾਂ ਤੇ ਉਦਾਸੀ ਵਿਚ ਵਾਧਾ ਹੋਇਆ ਹੈ। ’’ ਸੂਚਨਾ ਮੁਤਾਬਕ ਸਰਵੇਖਣ ਵਿੱਚ 4333 ਲੋਕਾਂ ਨੂੰ ਸਾਮਲ ਕੀਤਾ ਗਿਆ , ਜਿਨ੍ਹਾਂ ਵਿੱਚੋਂ 2246 ਡਾਕਟਰੀ ਲਾਈਨ ਅਤੇ 2087 ਗੈਰ ਡਾਕਟਰੀ ਖੇਤਰ ਨਾਲ ਸਬੰਧਤ ਸਨ। ਇਸਤੋਂ ਇਲਾਵਾ ਇੰਨ੍ਹਾਂ ਵਿਚ 20 ਤੋਂ 40 ਸਾਲ ਦੀ ਉਮਰ ਦੇ 2080, 41 ਤੋਂ 60 ਸਾਲ ਦੀ ਉਮਰ ਦੇ 1854 ਅਤੇ 60 ਸਾਲ ਤੋਂ ਵੱਧ ਉਮਰ ਦੇ 399 ਲੋਕ ਸ਼ਾਮਲ ਸਨ। ਇਸਤੋਂ ਇਲਾਵਾ ਇੰਨ੍ਹਾਂ ਵਿਚ 2741 ਪੁਰਸ ਅਤੇ 1592 ਔਰਤਾਂ ਸਾਮਲ ਹਨ। ਮਾਹਰਾਂ ਵਲੋਂ ਭੇਜੀ ਪ੍ਰਸ਼ਨਾਵਾਲੀ ਦਾ ਜਵਾਬ ਦੇਣ ਵਾਲਿਆਂ ਵਿਚ 2335 ਲੋਕ ਪੰਜਾਬ ਖੇਤਰ ਨਾਲ ਸਬੰਧਤ ਹਨ ਜਦੋਂਕਿ 1998 ਦੂਜੇ ਰਾਜਾਂ ਤੋਂ ਸਨ। ਸਰਵੇਖਣ ਵਿਚ ਚਿੰਤਾਂ ਬਾਰੇ ਸੱਤ ਅਤੇ ਉਦਾਸੀ ਬਾਰੇ 9 ਸਵਾਲ ਪੁੱਛੇ ਗਏ। ਸਰਵੇਖਣ ਮੁਤਾਬਕ ਮੈਡੀਕਲ ਖੇਤਰ ਨਾਲ ਸਬੰਧਤ 79.3% ਅਤੇ ਗੈਰ ਮੈਡੀਕਲ ਖੇਤਰ ਨਾਲ ਸਬੰਧਤ 81.9% ਚਿੰਤਾਂ ਵਿਚ ਗ੍ਰਸਤ ਮਿਲੇ ਜਦੋਂਕਿ ਡਾਕਟਰੀ ਖੇਤਰ ਨਾਲ ਸਬੰਧਤ 74.7% ਅਤੇ ਗੈਰ ਡਾਕਟਰੀ ਖੇਤਰ ਨਾਲ ੋਸਬੰਧਤ 71.7% ਲੋਕ ਚਿੰਤਾਂ ਵਰਗੇ ਰੋਗ ਤੋਂ ਪੀੜ੍ਹਤ ਸਨ।
ਬਾਕਸ
ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਵਧੇਰੇ ਚਿੰਤਾਂ ਦੇਖਣ ਨੂੰ ਮਿਲੀ
ਬਠਿੰਡਾ: ਸਰਵੇਖਣ ਅਨੁਸਾਰ ਮਰਦਾਂ ਵਿੱਚ ਚਿੰਤਾ ਦਾ ਪ੍ਰਸਾਰ 78.3% ਅਤੇ ਔਰਤਾਂ ਵਿੱਚ ਇਹ ਦਰ 84.5% ਦੇਖਣ ਨੂੰ ਮਿਲੀ। ਇਸਤੋਂ ਇਲਾਵਾ ਇਹ ਸਰਵੇਖਣ ਚਿੰਤਾ ਦੀ ਗੰਭੀਰਤਾ ਨੂੰ ਵੀ ਦਰਸਾਉਂਦਾ ਹੈ ਜਿਵੇਂ ਡਾਕਟਰੀ ਲਾਈਨ ਵਿਚ 20.7% ਨੂੰ ਕੋਈ ਚਿੰਤਾ ਨਹੀਂ, 40.2% ਹਲਕੀ ਚਿੰਤਾ, 30.7% ਦਰਮਿਆਨੀ ਅਤੇ 8.3% ਲੋਕਾਂ ਨੂੰ ਗੰਭੀਰ ਚਿੰਤਾ ਹੈ ਜਦੋਂ ਕਿ ਗੈਰ-ਮੈਡੀਕੋਜ ਸਮੂਹ ਵਿੱਚ 18.1% ਨੂੰ ਕੋਈ ਚਿੰਤਾ ਨਹੀਂ, 44.0% ਹਲਕੀ ਚਿੰਤਾ, 32.5% ਦਰਮਿਆਨੀ ਅਤੇ 5.4% ਗੰਭੀਰ ਚਿੰਤਾ ਨਹੀਂ ਸੀ। ਇਸੇ ਤਰ੍ਹਾਂ ਉਦਾਸੀ ਵਿਚ ਵੀ ਮੈਡੀਕੋਸ ਸਮੂਹ ਵਿੱਚ 25.3% ਨੂੰ ਕੋਈ ਡਿਪਰੈਸਨ ਨਹੀਂ ਸੀ, 39.8% ਨੂੰ ਘੱਟ ਉਦਾਸੀ, 27.6% ਹਲਕੀ ਉਦਾਸੀ, 5.8% ਦਰਮਿਆਨੀ ਉਦਾਸੀ, 1.3% ਗੰਭੀਰ ਉਦਾਸੀ ਰੋਗ ਦੇ ਸਿਕਾਰ ਸਨ। ਜਦੋਂ ਕਿ ਗੈਰ-ਡਾਕਟਰੀ ਖੇਤਰ ਨਾਲ ਸਬੰਧਤ ਸਮੂਹ ਵਿਚ 28.3% ਨੂੰ ਕੋਈ ਡਿਪਰੈਸਨ ਨਹੀਂ ਸੀ, 37.7% ਘੱਟੋ ਘੱਟ ਉਦਾਸੀ, 28.6% ਹਲਕੀ ਉਦਾਸੀ, 4.7% ਦਰਮਿਆਨੀ ਉਦਾਸੀ, 0.7% ਦਰਮਿਆਨੀ ਗੰਭੀਰ ਉਦਾਸੀ ਸੀ। ਇਸੇ ਤਰ੍ਹਾਂ ਉਮਰ ਵਰਗ ਦੇ ਹਿਸਾਬ ਨਾਲ ਡਾਕਟਰੀ ਕਿੱਤੇ ਨਾਲ ਸਬੰਧਤ 20-40 ਸਾਲ ਦੀ ਉਮਰ ਦੇ ਸਮੂਹ ਵਿੱਚ ਚਿੰਤਾ ਦੀ ਪ੍ਰਵਿਰਤੀ 79.5%, 41-60 ਸਾਲਾਂ ਵਿੱਚ 86.7% ਅਤੇ ਗੈਰ-ਡਾਕਟਰੀ ਕਿੱਤੇ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ 73.7%, 20-40 ਸਾਲ ਦੀ ਉਮਰ ਸਮੂਹ ਵਿੱਚ 81.3%, 41-60 ਸਾਲ ਵਿਚ ਵਿੱਚ 81.6% ਅਤੇ 60 ਸਾਲ ਤੋਂ ਵੱਧ ਉਮਰ ਦੇ ਮਰੀਜਾਂ ਵਿੱਚ ਇਹ ਦਰ 61.5% ਸੀ।
ਬਾਕਸ
ਬਠਿੰਡਾ: ਇਸ ਸਰਵੇਖਣ ਨੂੰ ਅਪਣੇ ਸਾਥੀਆਂ ਨਾਲ ਮਿਲਕੇ ਕਰਵਾਉਣ ਵਾਲੇ ਡਾ: ਵਿਤੁਲ ਗੁਪਤਾ ਨੇ ਕਿਹਾ ਕਿ ਸਾਡੇ ਅਧਿਐਨ ਦੇ ਨਤੀਜਿਆਂ ਵਿੱਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਮਾਨਸਿਕ ਸਿਹਤ ਸੰਬੰਧੀ ਵਿਗਾੜਾਂ ਅਤੇ ਮਾਨਸਿਕ ਰੋਗਾਂ ਦੇ ਵਧ ਰਹੇ ਪ੍ਰਸਾਰ ਨੂੰ ਰੋਕਣ, ਘਟਾਉਣ ਅਤੇ ਘੱਟ ਕਰਨ ਦੇ ਉਪਾਵਾਂ ਦੀ ਲੋੜ ਹੈ, ਜਿਵੇਂ ਕਿ ਮਨੋਵਿਗਿਆਨਕ ਦਖਲਅੰਦਾਜੀ, ਉੱਚ ਜੋਖਮ ਵਾਲੀ ਆਬਾਦੀ ਲਈ ਸਹਾਇਤਾ, ਮਾਨਸਿਕ ਸਿਹਤ ਮੁੱਦਿਆਂ ਦੀ ਪਛਾਣ ਲਈ ਸਿੱਖਿਆ , ਮਨੋਵਿਗਿਆਨਕ ਲੱਛਣਾਂ ਪ੍ਰਤੀ ਜਾਗਰੂਕਤਾ, ਮੀਡੀਆ ਐਕਸਪੋਜਰ ਨੂੰ ਰੋਕਣਾ ਆਦਿ ਮਾਨਸਿਕ ਰੋਗਾਂ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ।