ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਵੀ ਜੈਜੀਤ ਜੌਹਲ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲਗਾਇਆ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 27 ਫਰਵਰੀ:- ਪਿਛਲੇ ਕਈ ਮਹੀਨਿਆਂ ਤੋਂ ਮੇਅਰ ਦੀ ਕੁਰਸੀ ਨੂੰ ਲੈ ਕੇ ਕਾਂਗਰਸੀਆਂ ਅਤੇ ਸਾਬਕਾ ਕਾਂਗਰਸੀਆਂ ਵਿਚਕਾਰ ਚੱਲ ਰਹੀ ਸਿਆਸੀ ਰੱਸ਼ਾਕਸ਼ੀ ਦਿਨ-ਬ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਦੋ ਦਿਨ ਪਹਿਲਾਂ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਉਰਫ਼ ਜੋਜੋ ਵਲੋਂ ਕਾਂਗਰਸੀਆਂ ਨੂੰ ਦਿੱਤੀ ਚੁਣੌਤੀ ਦਾ ਅੱਜ ਕਾਂਗਰਸ ਦੇ ਕੋਂਸਲਰ ਮਲਕੀਤ ਗਿੱਲ ਨੇ ਠੋਕਵਾਂ ਜਵਾਬ ਦਿੱਤਾ ਹੈ। ਅਪਣੀ ਫ਼ੇਸਬੁੱਕ ’ਤੇ ਅੱਪਲੋਡ ਕੀਤੀ ਇੱਕ ਵੀਡੀਓ ਵਿਚ ਵਾਰਡ ਨੰਬਰ 50 ਤੋਂ ਗਿੱਲ ਨੇ ਜੌਹਲ ਵਲੋਂ ਉਸਨੂੰ ਜਿਤਾਉਣ ਤੇ ਪੈਸੇ ਦੇਣ ਦੇ ਕੀਤੇ ਦਾਅਵੇ ਨੂੰ ਝੂਠ ਦਾ ਪੁਲੰਦ ਕਰਾਰ ਦਿੰਦਿਆਂ ਮੋੜਵਾਂ ਸਵਾਲ ਕਰਦਿਆਂ ਕਿਹਾ ਕਿ ‘‘ ਜੇਕਰ ਉਹ ਪੈਸੇ ਤੇ ਤਾਕਤ ਨਾਲ ਬਠਿੰਡਾ ਦੇ ਕੋਂਸਲਰਾਂ ਨੂੰ ਜਿਤਾ ਸਕਦੇ ਸਨ ਤਾਂ ਫ਼ਿਰ ਉਸਦਾ ‘ਜੀਜਾ’ ਵਿਧਾਨ ਸਭਾ ਚੋਣਾਂ ਵਿਚ 64 ਹਜ਼ਾਰ ਤੋਂ ਵੱਧ ਵੋਟਾਂ ਨਾਲ ਕਿਉਂ ਹਾਰ ਗਿਆ? ਉਹ ਉਸਨੂੰ ਕਿਉਂ ਨਹੀਂ ਜਿਤਾ ਸਕਿਆ ਤੇ ਉਸਦੇ ਪੈਸੇ ਤੇ ਤਾਕਤ ਕਿੱਥੇ ਗਈ ਸੀ? ਟਿਕਟ ਦਿਵਾਉਣ ਦੀ ਥਾਂ ਉਲਟਾ ਜੌਹਲ ਉਪਰ ਅਪਣੀ ਕੋਂਸਲਰੀ ਦੀ ਟਿਕਟ ਵੀ ਕਟਵਾਉਣ ਦਾ ਦੋਸ਼ ਲਗਾਉਂਦਿਆਂ ਮਲਕੀਤ ਗਿੱਲ ਨੇ ਦਾਅਵਾ ਕੀਤਾ ਕਿ ਇਹ ਟਿਕਟ ਉਸਨੂੰ ਟਿਕਟ ਮਨਪ੍ਰੀਤ ਬਾਦਲ ਨੇ ਨਹੀਂ, ਬਲਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਦਖਲਅੰਦਾਜ਼ੀ ਤੋਂ ਬਾਅਦ ਮਿਲੀ ਸੀ ਤੇ ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਜੇਕਰ ਜੋਜੋ ਇਹ ਵੀ ਸਾਬਤ ਕਰ ਦੇਵੇ ਕਿ ਉਸਨੇ ਇੱਕ ਕੋਕਾਕੋਲਾ ਦੀ ਬੋਤਲ ਲਈ ਵੀ ਉਸਨੂੰ 100 ਰੁਪਇਆ ਵੀ ਦਿੱਤਾ ਸੀ ਤਾਂ ਉਹ ਗੁਰਦੂਆਰਾ ਕਿਲਾ ਸਾਹਿਬ ਸਹੁੰ ਪਾਉਣ ਨੂੰ ਤਿਆਰ ਹੈ। ਕੋਂਸਲਰ ਨੇ ਜੌਹਲ ਨੂੰ ਖਾਧੀ-ਪੀਤੀ ’ਚ ਲਾਈਵ ਨਾ ਹੋਣ ਦੀ ਤਾਕੀਦ ਕਰਦਿਆਂ ਕਿਹਾ ਕਿ ਜੇਕਰ ਅੱਗੇ ਤੋਂ ਅਜਿਹਾ ਕੀਤਾ ਤਾਂ ਇੱਟ ਦਾ ਜਵਾਬ ਪੱਥਰ ਨਾਲ ਮਿਲੇਗਾ। ਉਧਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਵੀ ਜੌਹਲ ਉਪਰ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸੀ ਕੋਂਸਲਰ ਮਲਕੀਤ ਸਿੰਘ ਗਿੱਲ ਨੇ ਮੇਅਰ ਉਪਰ ਕੋਈ ਗਲਤ ਸਬਦਾਵਾਲੀ ਨਹੀਂ ਵਰਤੀ, ਬਲਕਿ ਜੌਹਲ ਬਾਹਰ ਬੈਠ ਕੇ ਕਾਂਗਰਸੀਆਂ ਨੂੰ ਦੋਫ਼ਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੌਰਤਲਬ ਹੈ ਕਿ ਜੈਜੀਤ ਜੌਹਲ ਨੇ ਜਾਰੀ ਵੀਡੀਓ ਵਿਚ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਸਹਿਤ ਕਈ ਕਾਂਗਰਸੀ ਕੋਂਸਲਰਾਂ ’ਤੇ ਗੰਭੀਰ ਦੋਸ਼ ਲਗਾਏ ਸਨ।
ਬਾਕਸ
ਮੇਅਰ ਵਿਰੁਧ ਜਾਤੀ ਤੌਰ ’ਤੇ ਕੁੱਝ ਨਹੀਂ ਬੋਲਿਆ: ਮਲਕੀਤ ਤੇ ਰਾਜਨ
ਬਠਿੰਡਾ: ਉਧਰ ਜੈਜੀਤ ਜੌਹਲ ਵਲੋਂ ਅਪਣੀ ਵੀਡੀਓ ਵਿਚ ਕੋਂਸਲਰ ਮਲਕੀਤ ਗਿੱਲ ਉਪਰ ਪਿਛਲੇ ਦਿਨੀਂ ਨਿਗਮ ਦੀ ਹੋਈ ਮੀਟਿੰਗ ਵਿਚ ਮਹਿਲਾ ਮੇਅਰ ਰਮਨ ਗੋਇਲ ਪ੍ਰਤੀ ਅਪਸਬਦ ਬੋਲਣ ਦੇ ਲਗਾਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕੋਂਸਲਰ ਗਿੱਲ ਨੇ ਕਿਹਾ ਕਿ ਵੀਡੀਓ ਸੋਸਲ ਮੀਡੀਆ ’ਤੇ ਪਈ ਹੋਈ ਹੈ, ਉਸਨੇ ਮੇਅਰ ਨੂੰ ਸਤਿਕਾਰ ਨਾਲ ਬੁਲਾਇਆ ਸੀ ਤੇ ਨਾਲ ਹੀ ਇੰਨ੍ਹੇਂ ਸਮੇਂ ਪਿੱਛੋਂ ਮੀਟਿੰਗ ਬੁਲਾਉਣ ਪਿੱਛੇ ਸਰਕਾਰ ਦਾ ਦਬਾਅ ਦਸਿਆ ਸੀ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਵੀ ਜੌਹਲ ਉਪਰ ਝੂਠ ਬੋਲਣ ਦਾ ਦੋਸ਼ ਲਗਾਇਆ।
ਬਾਕਸ
ਭਾਜਪਾਈਆਂ ਨੇ ਕਾਂਗਰਸੀ ਕੋਂਸਲਰ ਵਿਰੁਧ ਕਾਰਵਾਈ ਲਈ ਦਿੱਤਾ ਮੰਗ ਪੱਤਰ
ਬਠਿੰਡਾ: ਉਧਰ ਅੱਜ ਕੁੱਝ ਭਾਜਪਾ ਆਗੂਆਂ ਨੇ ਮੇਅਰ ਵਿਰੁਧ ਟਿੱਪਣੀਆਂ ਦੇ ਵਿਰੁਧ ਐਸ.ਐਸ.ਪੀ ਨੂੰ ਕਾਂਗਰਸੀ ਕੋਂਸਲਰ ਮਲਕੀਤ ਗਿੱਲ ਵਿਰੁਧ ਕਾਰਵਾਈ ਲਈ ਮੰਗ ਪੱਤਰ ਦਿੱਤਾ। ਇਸੇ ਤਰ੍ਹਾਂ ਸਾਬਕਾ ਚੇਅਰਮੈਨ ਮੋਹਨ ਲਾਲ ਗਰਗ ਨੇ ਵੀ ਇੱਕ ਬਿਆਨ ਜਾਰੀ ਕਰਕੇ ਕੋਂਸਲਰ ਵਿਰੁਧ ਕਾਰਵਾਈ ਨਾ ਹੋਣ ’ਤੇ ਤਿੱਖਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ।
‘’
Share the post "ਕਾਂਗਰਸੀ ਆਗੂ ਦਾ ਠੋਕਵਾਂ ਜਵਾਬ, ਜੇ ਕੋਂਸਲਰਾਂ ਨੂੰ ਜਿਤਾ ਸਕਦਾ ਸੀ ਤਾਂ ਫ਼ਿਰ ‘ਜੀਜਾ ਜੀ’ ਕਿਉਂ ਹਾਰ ਗਿਆ?"