ਪਾਰਟੀ ਹਾਈਕਮਾਂਡ ਨੇ ਸੀਨੀਅਰਤਾ ਨੂੰ ਅੱਖੋਂ-ਪਰੋਖੇ ਕਰਕੇ ਭਾਈ-ਭਤੀਜਾਵਾਦ ਨੂੰ ਉਤਸ਼ਾਹਤ ਕੀਤਾ: ਗੋਨਿਆਣਾ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ’ਚ ਮੁੜ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਬੀਤੇ ਕੱਲ ਜ਼ਿਲ੍ਹਾ ਪ੍ਰਧਾਨਾਂ ਦੀ ਜਾਰੀ ਸੂਚੀ ਵਿਚ ਬਠਿੰਡਾ ਜ਼ਿਲੇ ਦੇ ਨਿਯੁਕਤ ਕੀਤੇ ਗਏ ਕਾਰਜ਼ਕਾਰੀ ਪ੍ਰਧਾਨ ਅਵਤਾਰ ਸਿੰਘ ਗੋਨਿਆਣਾ ਨੇ ਅੱਜ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ। ਸਥਾਨਕ ਸਰਕਟ ਹਾਊਸ ਵਿਚ ਅਪਣੇ ਸੈਕੜੇ ਸਾਥੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੇ ਸੀਨੀਅਰਤਾ ਸੂਚੀ ਨੂੰ ਅੱਖੋ-ਪਰੋਖੇ ਕਰਕੇ ਭਾਈ-ਭਤੀਜਾਵਾਦ ਨੂੰ ਉਤਸ਼ਾਹਤ ਕੀਤਾ ਹੈ, ਜਿਸਦੇ ਚੱਲਦੇ ਉਸਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਹਾਲਾਂਕਿ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਗੋਨਿਆਣਾ ਨੇ ਦਾਅਵਾ ਕੀਤਾ ਕਿ ਉਹ ਬਤੌਰ ਕਾਂਗਰਸੀ ਵਰਕਰ ਪਹਿਲਾਂ ਦੀ ਤਰ੍ਹਾਂ ਪਾਰਟੀ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਪਾਰਟੀ ਲਈ ਨਿਰਸਵਾਰਥ ਕੰਮ ਕਰ ਰਹੇ ਹਨ ਅਤੇ ਇਸਤੋਂ ਪਹਿਲਾਂ 2014 ਵਿਚ ਵੀ ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਵਜੋਂ ਕੰਮ ਕਰ ਚੁੱਕੇ ਹਨ ਪ੍ਰੰਤੂੁ ਹੁਣ ਪਾਰਟੀ ਨੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਦੀ ਜਿੰਮੇਵਾਰੀ ਇੱਕ ਅਜਿਹੇ ਵਿਅਕਤੀ ਨੂੰ ਸੋਂਪੀ ਹੈ, ਜਿਸਦਾ ਕਾਂਗਰਸ ਨਾਲ ਵਾਹ-ਵਾਸਤਾ ਨਹੀਂ ਤੇ ਨਾ ਹੀ ਜ਼ਿਲ੍ਹੇ ਦੇ ਕਾਂਗਰਸੀ ਉਸਨੂੰ ਬਤੌਰ ਕਾਂਗਰਸੀ ਮਾਨਤਾ ਦਿੰਦੇ ਹਨ, ਜਿਸ ਕਾਰਨ ਉਹ ਅਜਿਹੇ ਪ੍ਰਧਾਨ ਦੇ ਨਾਲ ਕੰਮ ਨਹੀਂ ਕਰ ਸਕਦੇ ਹਨ। ਗੌਰਤਲਬ ਹੈ ਕਿ ਪਾਰਟੀ ਹਾਈਕਮਾਂਡ ਵਲੋਂ ਜਾਰੀ ਸੂਚੀ ਵਿਚ ਕੁਲਵਿੰਦਰ ਸਿੰਘ ਨਰੂਆਣਾ ਨੂੰ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ ਹੈ, ਜਿਹੜੇ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਦੇ ਮਾਮੇ ਦੇ ਪੁੱਤਰ ਹਨ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਕੱਲ ਹੀ ਨਵਜੋਤ ਸਿੰਘ ਸਿੱਧੂ ਲਾਡੀ ਦੇ ਹੱਕ ਵਿਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਕੇ ਗਏ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਗੋਨਿਆਣਾ ਨੇ ਕਿਹਾ ਕਿ ਉਹ ਬਾਦਲਾਂ ਦੇ ਗੜ੍ਹ ‘ਚ ਅਕਾਲੀਆਂ ਦੇ ਦਸ ਸਾਲਾ ਸ਼ਾਸਨ ਦੌਰਾਨ ਬਤੌਰ ਬਲਾਕ ਕਾਂਗਰਸ ਪ੍ਰਧਾਨ ਗੋਨਿਆਣਾ ਤੋਂ ਇਲਾਵਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ, ਆਬਜਰਬਰ, ਬੀਆਰਓ,ਹਲਕਾ ਕੰਪੇਨ ਕੋਆਰਡੀਨੇਟਰ ਆਦਿ ਅਹੁਦਿਆਂ ‘ਤੇ ਰਹਿ ਕੇ ਕੰਮ ਕਰਦੇ ਹਨ। ਇਸਤੋਂ ਇਲਾਵਾ ਉਨ੍ਹਾਂ ਵਿਰੁਧ 2015 ‘ਚ ਪਾਰਟੀ ਦੇ ਰੇਲ ਰੋਕੂ ਅੰਦੋਲਨ ਵਿਚ ਪਰਚੇ ਵੀ ਦਰਜ਼ ਕੀਤੇ ਗਏ। ਇਸ ਮੌਕੇ ਅਵਤਾਰ ਸਿੰਘ ਗੋਨਿਆਣਾ ਦੀ ਹਿਮਾਇਤ ਵਿਚ ਆਏ ਬਲਾਕ ਜ਼ਿਲਾ ਪਰਿਸ਼ਦ ਦੀ ਚੇਅਰਪਰਸਨ ਮਨਜੀਤ ਕੌਰ ਦੇ ਪਤੀ ਤੇ ਬਲਾਕ ਕਾਂਗਰਸ ਭੁੱਚੋਂ ਦੇ ਪ੍ਰਧਾਨ ਤੇਜਾ ਸਿੰਘ ਦੰਦੀਵਾਲ, ਵਾਈਸ ਚੇਅਰਮੈਨ ਜ਼ਿਲਾ ਪ੍ਰੀਸ਼ਦ ਗੁਰਇਕਬਾਲ ਸਿੰਘ, ਮੈਬਰ ਜ਼ਿਲਾ ਪ੍ਰੀਸ਼ਦ ਗੁਰਦੀਪ ਸਿੰਘ, ਰਾਜਾ ਸਿੰਘ ਨਾਸੀਬਪੁਰਾ, ਤੇਜ ਸਿੰਘ ਰਾਏਕੇ ਕਲਾਂ, ਮਨਪ੍ਰੀਤ ਕੌਰ ਬਾਹੋ ਸਿਵੀਆ, ਮਾਰਕਿਟ ਕਮੇਟੀ ਗੋਨਿਆਣਾ ਮੰਡੀ ਦੇ ਚੇਅਰਮੈਨ ਕੁਲਵੰਤ ਸਿੰਘ, ਡਾ ਮਨਜੀਤ ਸਿੰਘ ਜ਼ਿਲਾ ਪ੍ਰਧਾਨ ਕਿਸਾਨ ਸੈੱਲ, ਬਲਾਕ ਸੰਮਤੀ ਮੈਬਰ ਪਰਵਿੰਦਰ ਸਿੰਘ ਸ਼ਰਨੀ, ਜਰਨੈਲ ਸਿੰਘ ਬੁਰਜ ਮਹਿਮਾ, ਗੁਰਲਾਲ ਸਿੰਘ ਨਰੂਆਣਾ, ਬਲਾਕ ਕਾਂਗਰਸ ਦੇ ਪ੍ਰਧਾਨ ਗੁਰਜੰਟ ਸਿੰਘ ਕੋਟਸ਼ਮੀਰ, ਸੰਦੀਪ ਸਿੰਘ ਗੋਨਿਆਣਾ, ਸੁਰਜੀਤ ਸਿੰਘ ਰਾਮਪੁਰਾ ਸਹਿਤ ਸਰਪੰਚ ਗੁਰਮੀਤ ਸਿੰਘ ਦਿਉਣ, ਕਾਕਾ ਸਿੰਘ ਫੂਸ ਮੰਡੀ, ਜਗਸੀਰ ਸਿੰਘ ਨਰੂਆਣਾ, ਸੁਖਮੰਦਰ ਸਿੰਘ ਚੁਘੈ ਖੁਰਦ, ਜਲੰਧਰ ਸਿੰਘ ਕੋਟਗੁਰੂ, ਨੱਛਤਰ ਸਿੰਘ ਗਿੱਲ ਪੱਤੀ, ਸੰਦੀਪ ਸਿੰਘ ਬਲਾੜ ਵਿੰਝੂ, ਗੁਰਸੇਵਕ ਸਿੰਘ ਹਰਰਾਇਪੁਰ ਤੇ ਬਾਬੂ ਸਿੰਘ ਜੈਸਿੰਘਵਾਲਾ ਆਦਿ ਨੇ ਐਲਾਨ ਕੀਤਾ ਕਿ ਜੇਕਰ ਪਾਰਟੀ ਹਾਈਕਮਾਂਡ ਨੇ ਕੁਲਵਿੰਦਰ ਸਿੰਘ ਨਰੂਆਣਾ ਦੀ ਥਾਂ ਕੋਈ ਹੋਰ ਯੋਗ ਆਗੂ ਜ਼ਿਲ੍ਹਾ ਪ੍ਰਧਾਨ ਨਾ ਬਣਾਇਆ ਤਾਂ ਉਹ ਪ੍ਰਧਾਨ ਤੇ ਮੁੱਖ ਮੰਤਰੀ ਨੂੰ ਮਿਲਣਗੇ।
ਕਾਂਗਰਸ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ
14 Views