ਮਨਪ੍ਰੀਤ ਬਾਦਲ ਦੀ ਹਿਮਾਇਤ ’ਚ ਚੱਲਣਾ ਪਿਆ ਮਹਿੰਗਾ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ:-ਕਾਂਗਰਸ ਪਾਰਟੀ ਨੇ ਅੱਜ ਇੱਕ ਵੱਡਾ ਫੈਸਲਾ ਲੈਂਦਿਆਂ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਿਮਾਇਤ ਮੰਨੀਂ ਜਾਂਦੀ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਸਹਿਤ ਪੰਜ ਕਾਂਗਰਸੀ ਕੋਂਸਲਰਾਂ ਨੂੰ ਬਾਹਰ ਦਾ ਰਾਸਤਾ ਦਿਖ਼ਾ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਦਸਖ਼ਤਾਂ ਹੇਠ ਜਾਰੀ ਇੱਕ ਪੱਤਰ ਵਿਚ ਇਹ ਐਲਾਨ ਕੀਤਾ ਗਿਆ। ਜਿੰਨ੍ਹਾਂ ਹੋਰਨਾਂ ਕਾਂਗਰਸੀ ਕੋਂਸਲਰਾਂ ਨੂੰ ਕੱਢਿਆ ਗਿਆ ਹੈ ਉਨ੍ਹਾਂ ਵਿਚ ਵਾਰਡ ਨੰਬਰ 44 ਤੋਂ ਇੰਦਰਜੀਤ ਸਿੰਘ, ਵਾਰਡ ਨੰਬਰ 40 ਤੋਂ ਆਤਮਾ ਸਿੰਘ, ਵਾਰਡ ਨੰਬਰ 42 ਤੋਂ ਸੁਖਰਾਜ ਸਿੰਘ ਔਲਖ ਅਤੇ ਵਾਰਡ ਨੰਬਰ 46 ਤੋਂ ਰਤਨ ਰਾਹੀ ਦੇ ਨਾਮ ਸ਼ਾਮਲ ਹਨ। ਗੌਰਤਲਬ ਹੈ ਕਿ ਫ਼ਰਵਰੀ 2021 ਵਿਚ ਨਗਰ ਨਿਗਮ ਦੀਆਂ ਹੋਈਆਂ ਚੌਣਾਂ ਦੌਰਾਨ ਬਠਿੰਡਾ ਨਗਰ ਨਿਗਮ ਦੇ 50 ਮੈਂਬਰੀ ਹਾਊਸ ਵਿਚ ਕਾਂਗਰਸ ਪਾਰਟੀ ਨੂੰ 43 ਵਾਰਡਾਂ ਵਿਚ ਵੱਡੀ ਜਿੱਤ ਪ੍ਰਾਪਤ ਹੋਈ ਸੀ। ਇਸ ਦੌਰਾਨ ਵਾਰਡ ਨੰਬਰ 35 ਤੋਂ ਪਹਿਲੀ ਵਾਰ ਜਿੱਤੀ ਰਮਨ ਗੋਇਲ ਨੂੰ ਟਕਸਾਲੀ ਕਾਂਗਰਸੀਆਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੇਅਰ ਬਣਾਇਆ ਸੀ। ਹਾਲਾਂਕਿ ਮੇਅਰਸ਼ਿਪ ਦੇ ਪ੍ਰਮੁੱਖ ਦਾਅਵੇਦਾਰ ਸੀਨੀਅਰ ਕੋਂਸਲਰ ਜਗਰੂਪ ਸਿੰਘ ਗਿੱਲ ਅਤੇ ਅਸੋਕ ਪ੍ਰਧਾਨ ਸਨ ਪ੍ਰੰਤੂ ਸ: ਬਾਦਲ ਨੇ ਇੰਨ੍ਹਾਂ ਨੂੰ ਅੱਖੋ-ਪਰੌਖੇ ਕਰ ਦਿੱਤਾ ਸੀ, ਜਿਸ ਕਾਰਨ ਜਗਰੂਪ ਸਿੰਘ ਗਿੱਲ ਕੁੱਝ ਸਮੇਂ ਬਾਅਦ ਰੋਸ਼ ਵਜੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਆਪ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਿਆ ਸੀ ਤੇ ਉਨ੍ਹਾਂ ਵਿਤ ਮੰਤਰੀ ਨੂੰ ਕਰੀਬ 65 ਹਜ਼ਾਰ ਵੋਟਾਂ ਦੇ ਅੰਤਰ ਨਾਲ ਹਰਾ ਕੇ ਸਿਆਸੀ ਬਦਲਾ ਲਿਆ ਸੀ। ਦੂਜੇ ਪਾਸੇ ਅਸੋਕ ਪ੍ਰਧਾਨ ਨੂੰ ਸੀਨੀਅਰ ਡਿਪਟੀ ਮੇਅਰ ਦੇ ਕੇ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਕਾਂਗਰਸੀਆਂ ਵਿਚ ਚੱਲ ਰਿਹਾ ਅੰਦਰਖ਼ਾਤੇ ਰੋਸ਼ ਵਿਧਾਨ ਸਭਾ ਚੋਣਾਂ ਦੌਰਾਨ ਵੀ ਦੇਖਣ ਨੂੰ ਸਾਹਮਣੇ ਆਇਆ ਸੀ। ਹੁਣ ਜਦ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਤਾਂ ਉਕਤ ਮੇਅਰ ਸਹਿਤ ਉਨ੍ਹਾਂ ਦੇ ਹਿਮਾਇਤ ਕੋਸਲਰ ਕਾਂਗਰਸ ਪਾਰਟੀ ਦੇ ਸਮਾਗਮਾਂ ਤੋਂ ਦੂਰੀ ਬਣਾ ਕੇ ਚੱਲਣ ਲੱਗੇ ਸਨ। ਜਿਸ ਕਾਰਨ ਕਾਂਗਰਸ ਹਾਈਕਮਾਂਡ ਉਪਰ ਲਗਾਤਾਰ ਇੰਨ੍ਹਾਂ ਨੂੰ ਕਾਂਗਰਸ ਵਿਚੋਂ ਬਾਹਰ ਕੱਢਣ ਲਈ ਦਬਾਅ ਬਣ ਰਿਹਾ ਸੀ। ਉਧਰ ਅੱਜ ਦੇ ਫੈਸਲੇ ਤੋਂ ਬਾਅਦ ਜਿਆਦਾਤਰ ਕਾਂਗਰਸ ਦੇ ਕੋਂਸਲਰ ਤੇ ਆਗੂ ਖ਼ੁਸ ਦਿਖ਼ਾਈ ਦੇ ਰਹੇ ਹਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਇਹ ਕੋਂਸਲਰ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਹੇ ਸਨ ਤੇ ਪਾਰਟੀ ਦੇ ਕਿਸੇ ਵੀ ਸਮਾਗਮ ਵਿਚ ਸਮੂਲੀਅਤ ਕਰਨ ਦੀ ਬਜਾਏ ਉਸਦਾ ਵਿਰੋਧ ਕਰ ਰਹੇ ਸਨ ਜਿਸਦੇ ਚੱਲਦੇ ਕਾਂਗਰਸੀ ਕੋਂਸਲਰਾਂ ਤੇ ਆਗੂਆਂ ਦੀ ਸਿਫ਼ਾਰਿਸ਼ ਤੋਂ ਬਾਅਦ ਇੰਨ੍ਹਾਂ ਨੂੰ ਬਾਹਰ ਕੱਢਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਕਾਂਗਰਸੀ ਕੋਂਸਲਰਾਂ ਦੀ ਮੀਟਿੰਗ ਬੁਲਾ ਕੇ ਮੇਅਰ ਨੂੰ ਬਦਲਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ ਕਿਉਂਕਿ ਕਾਂਗਰਸ ਪਾਰਟੀ ਕੋਲ ਹਾਲੇ ਵੀ ਹਾਊਸ ਅੰਦਰ ਬਹੁਮਤ ਪ੍ਰਾਪਤ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵਿਚੋਂ ਕੱਢਣ ’ਤੇ ਮੇਅਰ ਨੇ ਤਾਂ ਕੋਈ ਟਿੱਪਣੀ ਨਹੀਂ ਕੀਤੀ ਪ੍ਰੰਤੂ ਉਨ੍ਹਾਂ ਦੇ ਸਮਰਥਕ ਤੇ ਕੋਂਸਲਰ ਸੁਖਰਾਜ ਔਲਖ ਨੇ ਕਿਹਾ ਕਿ ‘‘ ਕਾਂਗਰਸ ਪਾਰਟੀ ਨੇ ਇਹ ਫੈਸਲਾ ਕਰਕੇ ਆਪਣਾ ਹੀ ਨੁਕਸਾਨ ਕੀਤਾ ਹੈ ਕਿਉਂਕਿ ਉਹ ਤਿੰਨ ਪੀੜੀਆਂ ਤੋਂ ਕਾਂਗਰਸੀ ਸਨ। ’’
Share the post "ਕਾਂਗਰਸ ਪਾਰਟੀ ਨੇ ਬਠਿੰਡਾ ਦੀ ਮੇਅਰ ਰਮਨ ਗੋਇਲ ਸਹਿਤ ਪੰਜ ਕੋਂਸਲਰਾਂ ਨੂੰ ਦਿਖ਼ਾਇਆ ਬਾਹਰ ਦਾ ਰਾਸਤਾ"