ਕਾਂਸਟੇਬਲਾਂ ਦੀ ਭਰਤੀ ਲਈ ਫ਼ਿਜੀਕਲ ਟਰਾਇਲ ਸ਼ੁੱਕਰਵਾਰ ਨੂੰ ਹੋਣਗੇ ਸਮਾਪਤ

0
17

ਸੁਖਜਿੰਦਰ ਮਾਨ
ਚੰਡੀਗੜ੍ਹ, 14 ਦਸੰਬਰ: ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਦੀ ਭਰਤੀ ਲਈ ਫ਼ਿਜੀਕਲ ਟਰਾਇਲ 3 ਦਸੰਬਰ, 2021 ਤੋਂ ਪੀਏਪੀ ਕੈਂਪਸ, ਜਲੰਧਰ ਵਿਖੇ ਕਰਵਾਏ ਜਾ ਰਹੇ ਹਨ ਅਤੇ ਇਹ ਟਰਾਇਲ 17 ਦਸੰਬਰ, 2021 ਨੂੰ ਸਮਾਪਤ ਹੋਣਗੇ। ਇਹ ਸਾਰੀ ਪ੍ਰਕਿਰਿਆ ਏਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ-ਕਮ-ਚੇਅਰਪਰਸਨ, ਕਾਂਸਟੇਬਲਾਂ (ਜ਼ਿਲ੍ਹਾ ਅਤੇ ਆਰਮਡ ਕਾਡਰ) ਪੁਰਸ਼ ਅਤੇ ਮਹਿਲਾਵਾਂ ਦੀ ਭਰਤੀ ਲਈ ਕੇਂਦਰੀ ਭਰਤੀ ਬੋਰਡ ਦੀ ਸਿੱਧੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ ਜੋ ਨਿੱਜੀ ਤੌਰ ‘ਤੇ ਇਹਨਾਂ ਟਰਾਇਲਾਂ ਦੀ ਨਿਗਰਾਨੀ ਕਰ ਰਹੇ ਹਨ। ਟਰਾਇਲ ਦੌਰਾਨ ਮਾਪ ਦੀ ਸਟੀਕਤਾ ਨੂੰ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਭਰਤੀ ਪ੍ਰਕਿਰਿਆ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।ਫ਼ਿਜੀਕਲ ਟਰਾਇਲ ਵਿੱਚ ਦੌੜ, ਲੰਬੀ ਛਾਲ ਅਤੇ ਉੱਚੀ ਛਾਲ ਸਮੇਤ ਕੱਦ ਦਾ ਮਾਪ ਸ਼ਾਮਲ ਹੁੰਦਾ ਹੈ। ਮਨੁੱਖੀ ਦਖਲ ਤੋਂ ਬਿਨਾਂ ਉਮੀਦਵਾਰ ਦੇ ਕੱਦ ਨੂੰ ਸਹੀ ਢੰਗ ਨਾਲ ਮਾਪਣ ਲਈ ਉਚਾਈ ਮਾਪਣ ਵਾਲੀ ਡਿਜੀਟਲ ਪ੍ਰਣਾਲੀ ਲਗਾਈ ਗਈ ਹੈ। ਇਸ ਦੇ ਨਾਲ ਹੀ, ਉਮੀਦਵਾਰ ਵੱਲੋਂ ਦੌੜ ਨੂੰ ਪੂਰਾ ਕਰਨ ਲਈ ਲਏ ਗਏ ਸਮੇਂ ਨੂੰ ਸਹੀ ਢੰਗ ਨਾਲ ਮਾਪਣ ਲਈ ਆਰਐਫਆਈਡੀ ਟਾਈਮਿੰਗ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਦੌੜ, ਲੰਬੀ ਛਾਲ ਅਤੇ ਉੱਚੀ ਛਾਲ ਸਮੇਤ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਰਿਕਾਰਡ ਕਰਨ ਲਈ ਹਾਈ-ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਮੀਦਵਾਰ ਆਪਣੀਆਂ ਸ਼ਿਕਾਇਤਾਂ ਅਤੇ ਅਪੀਲਾਂ ਦਾ ਮੌਕੇ ‘ਤੇ ਨਿਪਟਾਰਾ ਕਰਨ ਲਈ ਸਿੱਧੇ ਤੌਰ ‘ਤੇ ਕੇਂਦਰੀ ਭਰਤੀ ਬੋਰਡ ਦੇ ਚੇਅਰਪਰਸਨ ਅਤੇ ਮੈਂਬਰਾਂ ਨੂੰ ਮਿਲ ਸਕਦੇ ਹਨ।ਪ੍ਰਕਿਰਿਆ ਵਿੱਚ ਇਕਸਾਰਤਾ ਬਣਾਈ ਰੱਖਣ ਅਤੇ ਨਕਲ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ, ਤਸਵੀਰਾਂ ਅਤੇ ਦਸਤਖਤਾਂ ਨੂੰ ਮਿਲਾਉਣ ਵਰਗੇ ਰਵਾਇਤੀ ਉਪਾਵਾਂ ਤੋਂ ਇਲਾਵਾ ਇੱਕ ਬਾਇਓਮੀਟ੍ਰਿਕ ਵੈਰੀਫੀਕੇਸ਼ ਸਿਸਟਮ ਵੀ ਸ਼ਾਮਲ ਕੀਤਾ ਗਿਆ ਹੈ।ਹੁਣ ਤੱਕ ਤਕਨਾਲੋਜੀ ਦੀ ਮਦਦ ਨਾਲ 10 ਉਮੀਦਵਾਰ ਅਜਿਹੇ ਪਾਏ ਗਏ ਹਨ ਜਿਨ੍ਹਾਂ ਦੇ ਫਿਜ਼ੀਕਲ ਟਰਾਇਲ ਦੌਰਾਨ ਲਏ ਗਏ ਫਿੰਗਰਪ੍ਰਿੰਟ, ਫੋਟੋ ਅਤੇ ਦਸਤਖਤ ਲਿਖਤੀ ਪ੍ਰੀਖਿਆ ਦੇ ਸਮੇਂ ਲਏ ਗਏ ਉਮੀਦਵਾਰਾਂ ਨਾਲ ਮੇਲ ਨਹੀਂ ਖਾਂਦੇ। ਸਿੱਟੇ ਵਜੋਂ ਇਨ੍ਹਾਂ ਉਮੀਦਵਾਰਾਂ ਨੂੰ ਐਸਐਚਓ, ਨਵੀਂ ਬਾਰਾਦਰੀ ਥਾਣਾ ਜਲੰਧਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਹੁਣ ਤੱਕ 10 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ।ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ (ਜ਼ਿਲ੍ਹਾ ਅਤੇ ਆਰਮਡ ਕਾਡਰ) ਦੀਆਂ 4,358 ਅਸਾਮੀਆਂ ਲਈ ਲਗਭਗ 25,500 ਉਮੀਦਵਾਰਾਂ ਨੂੰ ਉਨ੍ਹਾਂ ਦੀ ਸਬੰਧਤ ਸ਼੍ਰੇਣੀ ਵਿੱਚ ਮੈਰਿਟ ਅਨੁਸਾਰ ਸ਼ਾਰਟਲਿਸਟ ਕੀਤਾ ਗਿਆ ਸੀ। ਪਿਛਲੇ 12 ਦਿਨਾਂ ਦੌਰਾਨ 16,500 ਤੋਂ ਵੱਧ ਉਮੀਦਵਾਰ ਫ਼ਿਜੀਕਲ ਟਰਾਇਲ ਲਈ ਹਾਜ਼ਰ ਹੋਏ। ਜੇਕਰ ਕੋਈ ਸ਼ਾਰਟਲਿਸਟ ਉਮੀਦਵਾਰ ਆਪਣੇ ਟਰਾਇਲ ਤੋਂ ਖੁੰਝ ਗਿਆ ਹੈ ਜਾਂ ਆਪਣੇ ਐਡਮਿਟ ਕਾਰਡ ਅਨੁਸਾਰ ਨਿਰਧਾਰਤ ਮਿਤੀ ‘ਤੇ ਹਾਜ਼ਰ ਹੋਣ ਵਿੱਚ ਅਸਮਰੱਥ ਹੈ, ਤਾਂ ਉਹ ਫ਼ਿਜੀਕਲ ਟਰਾਇਲਾਂ ਲਈ ਨਿਰਧਾਰਤ ਆਖਰੀ ਦਿਨ ਭਾਵ 17 ਦਸੰਬਰ, 2021 ਨੂੰ ਟਰਾਇਲ ਲਈ ਆ ਸਕਦਾ ਹੈ।

LEAVE A REPLY

Please enter your comment!
Please enter your name here