ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਦੱਸਿਆ ਕਿ ਅੱਜ ਸਥਾਨਕ ਟੀਚਰਜ਼ ਹੋਮ ਵਿੱਚ ਜਥੇਬੰਦੀ ਦੀ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕਿਸਾਨੀ ਮਸਲੇ ਵਿਚਾਰੇ ਗਏ ਤੇ ਕਿਸਾਨੀ ਦੇ ਸਮੁੱਚੇ ਕਰਜਾ ਮੁਆਫੀ ਤੇ ਐੱਮਐੱਸਪੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਇਸਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਯੂਨੀਅਨ ਕਿਸੇ ਵੀ ਪਾਰਟੀ ਦੀ ਮੱਦਦ ਨਹੀਂ ਕਰੇਗੀ ਤੇ ਨਾ ਹੀ ਅਪਣਾ ਕੋਈ ਉਮੀਦਵਾਰ ਖੜਾ ਕਰੇਗੀ। ਜਥੇਬੰਦੀ ਨੇ ਪਾਰਟੀਆਂ ਤੋਂ ਝਾਕ ਛੱਡ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਵੀ ਦਿੱਤਾ। ਆਗੂਆਂ ਨੇ ਕਿਹਾ ਕਿ ਯੂਨੀਅਨ ਚੋਣਾਂ ਮੌਕੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਸੱਥ ਚ ਜਾਵੇਗੀ। ਮੀਟਿੰਗ ਦੌਰਾਨ ਜਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਸਕੱਤਰ ਸਵਰਨ ਸਿੰਘ, ਜ਼ਿਲ੍ਹਾ ਖਜਾਨਚੀ ਬਖਸ਼ੀਸ਼ ਸਿੰਘ ਖ਼ਾਲਸਾ ਬਣਾਇਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਦਾ ਮੁਲਾਜਮ ਆਗੂਆਂ ਦਰਸ਼ਨ ਮੌੜ ਤੇ ਰਣਜੀਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਮੀਟਿੰਗ ਵਿਚ ਸੁਖਮੰਦਰ ਸਿੰਘ ਸਰਾਭਾ, ਬਾਵਾ ਸਿੰਘ, ਬਲਦੇਵ ਸਿੰਘ, ਮੀਤਾ ਸਿੰਘ, ਮਨਜੀਤ ਸਿੰਘ, ਰਘਵੀਰ ਸਿੰਘ, ਬੰਤ ਸਿੰਘ, ਗਿਆਨ ਸਿੰਘ , ਮਨਜੀਤ ਸਿੰਘ, ਬਲਤੇਜ ਸਿੰਘ, ਜਸਵੰਤ ਸਿੰਘ ਜ਼ੈਲਦਾਰ, ਜੀਤ ਸਿੰਘ, ਹੈਪੀ ਸਿੰਘ, ਬੱਬੂ ਸਿੰਘ, ਅਜਾਇਬ ਸਿੰਘ ਤੇ ਗੇਲਾ ਸਿੰਘ ਸੰਧੂ ਆਦਿ ਹਾਜ਼ਰ ਸਨ।
Share the post "ਕਿਰਤੀ ਕਿਸਾਨ ਯੂਨੀਅਨ ਵਲੋਂ ਚੋਣਾਂ ’ਚ ਕਿਸੇ ਵੀ ਪਾਰਟੀ ਦੀ ਹਿਮਾਇਤ ਨਾ ਕਰਨ ਦਾ ਐਲਾਨ"