ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਕਿਸਾਨ ਇਕਜੁਟ ਹੋਣਗੇ ਅਤੇ ਅਪਣੀਆਂ ਜਮੀਨਾਂ ਬਚਾਉਣ ਲਈ ਸਰਕਾਰ ਵਿਰੁਧ ਵੱਡਾ ਅੰਦੋਲਨ ਸ਼ੁਰੂ ਕਰਨਗੇ। ਬਠਿੰਡਾ ਦੇ ਟੀਚਰਜ਼ ਹੋਮ ਵਿਚ ਚੱਲ ਰਹੇ ਪੀਪਲਜ਼ ਲਿਟਰੇਰੀ ਫੈਸਟੀਵਲ ’ਚ ਆਖ਼ਰੀ ਦਿਨ ਕਿਸਾਨ ਅੰਦੋਲਨ ਉਪਰ ਰੱਖੇ ਇੱਕ ਸੈਸਨ ਵਿਚ ਹਿੱਸਾ ਲੈਣ ਪੁੱਜੇ ਹੋਏ ਸ਼੍ਰੀ ਟਿਕੈਤ ਨੇ ਇਹ ਵੀ ਖੁਲਾਸਾ ਕੀਤਾ ਕਿ ‘‘ਸਰਕਾਰ ਨੇ ਦਿੱਲੀ ’ਚ ਚੱਲੇ ਇੱਕ ਸਾਲ ਤੋਂ ਲੰਮੇ ਸੰਘਰਸ਼ ਤੋਂ ਬਾਅਦ ਵਿਚ ਵੀ ਸਿਰਫ਼ ਤਿੰਨ ਖੇਤੀ ਕਾਨੂੰਨ ਵਾਪਸ ਕੀਤੇ ਹਨ ਅਤੇ ਹੋਰ ਕੋਈ ਮੰਗ ਨਹੀਂ ਮੰਨੀ।’’ ਉਨ੍ਹਾਂ ਦਾਅਵਾ ਕੀਤਾ ਕਿ 22 ਜਨਵਰੀ ਤੋਂ ਬਾਅਦ ਕਿਸਾਨਾਂ ਦੀ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਹੋਈ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕਿਸਾਨ ਇਕੱਠੇ ਨਹੀਂ ਹੋਣਗੇ ਤਾਂ ਉਨ੍ਹਾਂ ਦੀਆਂ ਜਮੀਨਾਂ ਖੋਹੀਆਂ ਜਾਣਗੀਆਂ ਕਿਉਂਕਿ ਜਮੀਨਾਂ ਦੀ ਵਪਾਰੀ ਖ਼ਰੀਦ ਕਰ ਰਿਹਾ ਅਤੇ ਸਰਕਾਰ ਦੀ ਨੀਤੀ ਵੀ ਇਹੀ ਹੈ ਕਿ ਦੇਸ ਲੇਬਰ ਕਲੌਨੀ ਬਣੇ ਤੇ ਇੱਥੇ ਉਦਯੋਗ ’ਚ ਕੰਮ ਕਰਨ ਵਾਲੇ ਮਜਦੂਰ ਮਿਲਣ। ਉਨ੍ਹਾਂ ਕਿਹਾ ਕਿ ਇਸਦੇ ਲਈ ਕਿਸਾਨਾਂ ਦਾ ਅੰਦੋਨਲ ਮਜਬੂਤ ਕਰਨਾ ਪਏਗਾ। ਕਿਸਾਨ ਆਗੂ ਨੇ ਇਹ ਵੀ ਦਸਿਆ ਕਿ ਕਿਸਾਨਾਂ ਨੂੰ ਇਕਜੁਟ ਕਰਨ ਲਈ ਐਸ.ਕੇ.ਐਮ ਵਲੋਂ ਦੇਸ ਭਰ ਵਿਚ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਤੇ ਵਿਚਾਂਰਕ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ 26 ਮਾਰਚ ਨੂੰ ਟਰੈਕਟਰ ਹੋਵੇਗਾ। ਇਸਤੋਂ ਇਲਾਵਾ ਜਿਲ੍ਹਾ ਪੱਧਰ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ। ਸੜਕਾਂ ਜਾਮ ਹੋਣ ਕਾਰਨ ਲੋਕਾਂ ਵਿਚ ਫੈਲ ਰਹੇ ਰੋਸ਼ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਨਤਾ ਨੂੰ ਸਮੱਸਿਆ ਆਉਣ ਤੋਂ ਬਚਣ ਲਈ ਕੋਸ਼ਿਸ ਕੀਤੀ ਜਾ ਰਹੀ ਹੈ। ਸਿਆਸਤ ਦੇ ਮੁੱਦੇ ’ਤੇ ਕਿਹਾ ਕਿ ਜੋ ਜਥੇਬੰਦੀ ਇਸ ਪਾਸੇ ਵੱਲ ਜਾਵੇਗੀ, ਉਹ ਖ਼ਤਮ ਹੋ ਜਾਵੇਗੀ। ਜੀਰਾ ਇਲਾਕੇ ’ਚ ਸਰਾਬ ਫੈਕਟਰੀ ਨੂੰ ਬੰਦ ਕਰਵਾਉਣ ਵਿਰੁਧ ਚੱਲ ਰਹੇ ਸੰਘਰਸ਼ ’ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਇੱਥੇ ਹਾਲਾਤ ਖ਼ਰਾਬ ਹਨ, ਧਰਤੀ ਹੇਠਲਾ ਪਾਣੀ ਮਾੜਾ ਹੈ। ਜੀਰਾ ਅੰਦੋਲਨ ਦਾ ਦੌਰਾ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਚੱਲ ਰਿਹਾ ਤੇ ਸਰਕਾਰ ਵੀ ਸਖ਼ਤੀ ਵਰਤ ਰਹੀ ਹੈ ਤੇ ਜਿੰਨੀ ਸਖ਼ਤੀ ਹੋਵੇਗੀ ਤੇ ਕਿਸਾਨ ਮਜਬੂਤ ਹੋਣਗੇ। ਇਸ ਦੌਰਾਨ ਉਹ ਮਹਰੂਮ ਕਿਸਾਨ ਆਗੂ ਰਾਮਕਰਨ ਸਿੰਘ ਰਾਮਾ ਦੀ ਹੋਈ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਰਾਮਾ ਵਿਖੇ ਵੀ ਗਏ, ਜਿੱਥੇ ਉਨ੍ਹਾਂ ਪ੍ਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਹਰੂਮ ਰਾਮਾ ਦੀ ਕਿਸਾਨਾਂ ਪ੍ਰਤੀ ਸੰਘਰਸ਼ ਨੂੰ ਯਾਦ ਕੀਤਾ। ਇਸ ਮੌਕੇ ਕਿਸਾਨ ਆਗੂ ਸਰੂਪ ਸਿੰਘ ਸਿੱਧੂ ਅਤੇ ਦਾਰਾ ਸਿੰਘ ਮਾਈਸਰਖ਼ਾਨਾ ਆਦਿ ਵੀ ਹਾਜ਼ਰ ਸਨ।
Share the post "ਕਿਸਾਨ ਇੱਕਜੁਟ ਹੋਵੇਗਾ ਤੇ ਦੇਸ ’ਚ ਮੁੜ ਵੱਡਾ ਅੰਦੋਲਨ ਸ਼ੁਰੂ ਹੋਵੇਗਾ: ਰਾਕੇਸ਼ ਟਿਕੈਤ"