ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ :ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਨਾਬਾਰਡ ਦੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਤ ਸਮੂਹ 9 ਬਲਾਕਾਂ ਲਈ ਕਲਸਟਰ ਬੈਸਿਡ ਬਿਜਨਿਸ ਆਰਗੈਨਾਈਜੇਸ਼ਨ (ਸੀ.ਬੀ.ਬੀ.ਓ.) ਤਹਿਤ ਕੰਮ ਕਰ ਰਹੀਆਂ ਵੱਖ-ਵੱਖ ਏਜੰਸੀਆਂ ਤੇ ਕਿਸਾਨਾਂ ਨੂੰ ਉਤਪਾਦਕ ਸੰਗਠਨ ਨਾਲ ਜੋੜਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਜੋੜ ਕੇ ਇਸ ਸਕੀਮ ਦੇ ਵੱਧ ਤੋਂ ਵੱਧ ਲਾਭ ਉਨ੍ਹਾਂ ਤੱਕ ਪਹੁੰਚ ਸਕਣ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਝੋਨੇ ਦੀ ਫ਼ਸਲ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਹੋਰ ਫ਼ਸਲਾਂ ਜਾਂ ਖਾਦ ਪਦਾਰਥਾਂ ਦੀ ਖਰੀਦੋ-ਫਰੋਖ਼ਤ ਲਈ ਬਲਾਕ ਪੱਧਰ ਤੇ ਕਿਸਾਨ ਉਤਪਾਦਕ ਸੰਗਠਨ ਬਣਾ ਕੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਜਾਰੀ ਕੀਤੀ ਕਿ ਜ਼ਿਲ੍ਹੇ ਦੇ ਹਰੇਕ ਬਲਾਕ ਪੱਧਰ ਤੇ ਕਿਸਾਨ ਉਤਪਾਦਕ ਸੰਗਠਨ(ਐੱਫ.ਪੀ.ਓ) ਨਾਲ ਜੋੜਨ ਲਈ ਕਿਸਾਨਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਐੱਫ.ਪੀ.ਓ. ਸਕੀਮ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਸਕੀਮ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਚ ਵਾਧਾ ਹੋਵੇਗਾ, ਓਥੇ ਕਿਸਾਨਾਂ ਨੂੰ ਵਾਜ਼ਬ ਰੇਟਾਂ ਤੇ ਖੇਤੀਬਾੜੀ ਦੇ ਇਨਪੁਟਸ ਮਿਲ ਸਕਣਗੇ।ਇਸ ਮੌਕੇ ਨਬਾਰਡ ਦੇ ਸਹਾਇਕ ਜਨਰਲ ਮੈਨੇਜਰ (ਡੀ.ਡੀ.) ਅਮਿਤ ਗਰਗ ਨੇ ਦੱਸਿਆ ਕਿ ਇਸ ਸਕੀਮ ਅਧੀਨ ਇਕ ਬਲਾਕ ਵਿੱਚ ਘੱਟੋ-ਘੱਟ 300 ਕਿਸਾਨਾਂ ਨੂੰ ਇਸ ਸੰਗਠਨ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜੁੜ ਕੇ ਕਿਸਾਨਾਂ ਨੂੰ ਵਧੀਆ ਮੁੱਲ ਤੇ ਮਾਲ ਵੇਚਣ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰ ਕੇ ਇੱਕ ਬਲਾਕ ਵਿੱਚ ਇੱਕ ਕਿਸਾਨ ਉਤਪਾਦਕ ਸੰਗਠਨ ਜ਼ਰੂਰ ਤਿਆਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਏ.ਆਈ.ਐੱਫ. (ਐਗਰੀਕਲਚਰ ਇਨਫਰਾਸਟਰਚਰ ਫੰਡ) ਖੇਤੀਬਾੜੀ ਦੇ ਬੁਨਿਆਦੀ ਢਾਂਚੇ ਸਬੰਧੀ ਸਕੀਮ ਦੇ ਅਧੀਨ ਯੋਗ ਕਰਜ਼ਿਆਂ ਤੇ 2 ਕਰੋੜ ਦੇ ਕਰਜ਼ੇ ਤੱਕ 3 ਫੀਸਦੀ ਵਿਆਜ਼ ਰਿਆਇਤ 7 ਸਾਲਾਂ ਲਈ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਸਬੰਧੀ ਜ਼ਿਲ੍ਹੇ ਦੇ ਯੋਗ ਅਤੇ ਉਦਮੀ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚਾਈ ਜਾਵੇ। ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਮੈਡਮ ਮੰਜੂ ਮਲਹੋਤਰਾ ਤੋਂ ਇਲਾਵਾ ਖੇਤੀਬਾੜੀ ਵਿਭਾਗ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ, ਸਹਿਕਾਰੀ ਸਭਾਵਾਂ ਅਤੇ ਵੱਖ-ਵੱਖ ਬਲਾਕਾਂ ਨਾਲ ਸਬੰਧਤ ਕੇ.ਵੀ.ਕੇ, ਇੰਟਰਨੈਸ਼ਨਲ ਕੰਪੀਟੈਂਸ ਸੈਂਟਰ ਫਾਰ ਆਰਗੈਨਿਕ ਐਗਰੀਕਲਚਰ, ਪੰਚਮੁਖੀ ਗਲੋਬਲ ਐਗਰੋ ਕੇਅਰ ਅਤੇ ਸਟੋਨ ਫਰੂਟ ਗਰੋਵਰਜ਼ ਐਸੋਸੀਏਸ਼ਨ ਆਫ਼ ਇੰਡੀਆ ਆਦਿ ਦੇ ਨੁਮਾਇੰਦੇ ਹਾਜ਼ਰ ਸਨ।
Share the post "ਕਿਸਾਨ ਉਤਪਾਦਕ ਸੰਗਠਨ ਬਣਾ ਕੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਕੀਤਾ ਜਾ ਸਕਦਾ ਹੈ ਮਜ਼ਬੂਤ : ਡਿਪਟੀ ਕਮਿਸ਼ਨਰ"