ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਮੋਰਚੇ ਵਿਚ ਸ਼ਾਮਲ ਦਰਜ਼ਨਾਂ ਜਥੈਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਸ਼ਹਿਰ ਵਿਚ ਰੋਸ਼ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਕਾਇਆ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦਿੱਤਾ ਗਿਆ। ਮੋਰਚੇ ਦੇ ਆਗੂਆਂ ਰੇਸਮ ਸਿੰਘ ਯਾਤਰੀ, ਬਲਦੇਵ ਸਿੰਘ ਸੰਦੋਹਾ ਸਿੱਧੂਪੁਰ ਪ੍ਰਸੋਤਮ ਸਿੰਘ, ਕਰਾਂਤੀਕਾਰੀ ਜਥੇਬੰਦੀ ਦੇ ਆਗੂ ਸੁਰਜੀਤ ਸਿੰਘ ਸੰਦੋਹਾ ਆਦਿ ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੇ ਮੋਦੀ ਸਰਕਾਰ ਦੇ ਵਾਅਦੇ ‘ਤੇ ਭਰੋਸਾ ਕਰਕੇ ਦਿੱਲੀ ਸਰਹੱਦ ਤੋਂ ਆਪਣਾ ਮੋਰਚਾ ਚੁੱਕਣ ਦਾ ਐਲਾਨ ਕੀਤਾ ਸੀ ਪ੍ਰੰਤੂ ਹੁਣ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹੀ ਨਹੀਂ ਹਟੀ, ਸਗੋਂ ਪੰਜਾਬ ਦੇ ਕਿਸਾਨਾਂ ਦੇ ਜਖਮਾਂ ‘ਤੇ ਲੂਣ ਛਿੜਕਣ ਦਾ ਕੰਮ ਵੀ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਕਿ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਕੇਸ “ਤੁਰੰਤ ਪ੍ਰਭਾਵ ਨਾਲ ਵਾਪਸ ਲਏ ਜਾਣਗੇ“। ਪ੍ਰੰਤੂ ਹਾਲੇ ਵੀ ਇਹ ਕੰਮ ਅਧੂਰਾ ਹੈ, ਕਿਸਾਨਾ ਨੂੰ ਅਜੇ ਵੀ ਸੱਮਣ ਭੇਜੇ ਜਾ ਰਹੇ ਹਨ । ਅੰਦੋਲਨ ਦੌਰਾਨ ਸਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜੇ ਬਾਰੇ ਅਜੇ ਤੱਕ ਕੋਈ ਰਸਮੀ ਫੈਸਲਾ ਨਹੀਂ ਹੋਇਆ। ਇਸ ਦੌਰਾਨ ਲਖੀਮਪੁਰ ਖ਼ਿਰੀ ਕਤਲ ਕਾਂਡ ਵਿੱਚ ਸਾਜਿਸ ਦੇ ਕਥਿਤ ਮੁੱਖ ਦੋਸ਼ੀ ਹਾਲੇ ਤੱਕ ਕੇਂਦਰੀ ਮੰਤਰੀ ਮੰਡਲ ਵਿੱਚ ਬਣਿਆ ਹੋਇਆ ਹੈ। ਇਸ ਦੌਰਾਨ ਪੁਲੀਸ, ਪ੍ਰਸਾਸਨ ਅਤੇ ਸਰਕਾਰੀ ਵਕੀਲ ਦੀ ਮਿਲੀਭੁਗਤ ਨਾਲ ਇਸ ਕਤਲ ਦੇ ਮੁੱਖ ਦੋਸੀ ਅਸੀਸ ਮਿਸਰਾ ਮੋਨੂ ਨੂੰ ਹਾਈ ਕੋਰਟ ਤੋਂ ਜਮਾਨਤ ਮਿਲ ਗਈ। ਆਗੂਆਂ ਨੇ ਦਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ 11 ਤੋਂ 17 ਅਪ੍ਰੈਲ ਤੱਕ ਐਮਐਸਪੀ ਦੀ ਕਾਨੂੰਨੀ ਗਰੰਟੀ ਹਫਤਾ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਉਸ ਸਮੇਂ ਤੱਕ ਵੀ ਸਰਕਾਰ ਨੇ ਆਪਣਾ ਭਰੋਸਾ ਪੂਰਾ ਨਾ ਕੀਤਾ ਤਾਂ ਕਿਸਾਨਾਂ ਕੋਲ ਮੁੜ ਤੋਂ ਅੰਦੋਲਨ ਸੁਰੂ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ। ਇਸ ਮੌਕੇ ਰਣਜੀਤ ਸਿੰਘ, ਮੁਖਤਿਆਰ ਸਿੰਘ, ਅਰਜਨ ਸਿੰਘ , ਕ੍ਰਾਂਤੀਕਾਰੀ ਗੁਰਮੀਤ ਸਿੰਘ, ਕਰਮਜੀਤ ਸਿੰਘ ,ਮਾਨਸਾ ਭੋਲਾ ਸਿੰਘ, ਸੋਹਣਾ ਸਿੰਘ ਤੋ ਇਲਾਵਾ ਹੋਰ ਵੀ ਕਿਸਾਨ ਆਗੂ ਸਾਮਲ ਸਨ।
Share the post "ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਵਿਰੁਧ ਸ਼ਹਿਰ ’ਚ ਕੀਤਾ ਰੋਸ਼ ਪ੍ਰਦਰਸ਼ਨਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ"