ਸੁਖਜਿੰਦਰ ਮਾਨ
ਬਠਿੰਡਾ, 22 ਮਈ : ਸੂਬਾ ਕਮੇਟੀ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਵੱਲੋਂ ਅੱਜ ਸਥਾਨਕ ਮਿੰਨੀ ਸਕੱਤਰੇਤ ਅੱਗੇ ਧਰਨਾ ਦੇਣ ਤੋਂ ਬਾਅਦ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਤੇ ਔਰਤ ਜਥੇਬੰਦੀ ਦੇ ਜ਼ਿਲ੍ਹਾ ਆਗੂ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹਾੜ੍ਹੀ ਦੀ ਫਸਲ ਤੇ ਕੋਈ ਗੜੇਮਾਰੀ ਅਤੇ ਭਾਰੀ ਬਾਰਸ਼ ਕਾਰਨ ਕਣਕ ਸਮੇਤ ਹੋਰ ਫ਼ਸਲਾਂ ਅਤੇ ਘਰਾਂ ਦਾ ਬਹੁਤ ਨੁਕਸਾਨ ਹੋ ਗਿਆ ਸੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਸ ਨੁਕਸਾਨ ਮੁਆਵਜ਼ਾ ਕਣਕ ਵੱਢਣ ਤੋਂ ਪਹਿਲਾਂ-ਪਹਿਲਾਂ ਜਾਰੀ ਕਰਨ ਦਾ ਐਲਾਨ ਕੀਤਾ ਸੀ। ਪਰ ਕੁਝ ਕਿਸਾਨਾਂ ਨੂੰ ਇਹ ਨਿਗੂਣਾ ਮੁਆਵਜ਼ਾ ਦੇ ਕੇ ਸਾਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਨਰਮਾ, ਗੁਆਰਾ ਅਤੇ ਮੂੰਗੀ ਦੀ ਸਾਰੀ ਫ਼ਸਲ ਪੂਰੀ ਤਰਾਂ ਬਰਬਾਦ ਹੋ ਗਈ ਸੀ ਜਿਸ ਦੇ ਮੁਆਵਜ਼ੇ ਸਬੰਧੀ ਲਗਾਤਾਰ ਸੰਗਰੂਰ ਵਿਖੇ ਧਰਨਾ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਲਿਖਤੀ ਵਾਅਦਾ ਕੀਤਾ ਸੀ ਕਿ 30 ਨਵੰਬਰ 2022 ਤਕ ਮੁਆਵਜਾ ਦੇ ਦਿੱਤਾ ਜਾਵੇਗਾ ਪਰ ਕਿਸੇ ਵੀ ਕਿਸਾਨ ਨੂੰ ਇੱਕ ਪੈਸਾ ਤੱਕ ਨਹੀਂ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਪਹਿਲੀਆਂ ਸਰਕਾਰਾਂ ਦੀ ਤਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਸਾਨਾਂ ਮਜ਼ਦੂਰਾਂ ਪ੍ਰਤੀ ਸੰਜੀਦਾ ਨਹੀਂ। ਕਿਸਾਨਾਂ ਦਾ ਦੋ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ ਜਿਸ ਕਾਰਨ ਪਹਿਲਾਂ ਤੋਂ ਹੀ ਆਰਥਿਕ ਤੰਗੀ ਤੇ ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ। ਕੁਝ ਦਿਨ ਪਹਿਲਾਂ ਆਏ ਤੇਜ਼ ਤੂਫਾਨ ਕਾਰਨ ਫਿਰ ਕਿਸਾਨਾਂ ਮਜ਼ਦੂਰਾਂ ਦੀਆਂ ਫਸਲਾਂ, ਪਸ਼ੂਆਂ ਅਤੇ ਘਰਾਂ ਦਾ ਮਾਲੀ ਤੇ ਜਾਨੀ ਨੁਕਸਾਨ ਹੋ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਹਾੜੀ ਦੀ ਫਸਲ ’ਤੇ ਹੋਈ ਗੜੇਮਾਰੀ ਦੌਰਾਨ 100% ਤਬਾਹੀ ਲਈ ਐਲਾਨ ਕੀਤੇ ਗਏ 15000 ਰੁਪਏ ਪ੍ਰਤੀ ਏਕੜ ਦੇ ਨਿਗੂਣੇ ਮੁਆਵਜ਼ੇ ਦੀ ਅਦਾਇਗੀ ਵੀ ਸਿਰਫ ਪੰਜ ਏਕੜ ਤੱਕ ਕਰਨ ਦੀ ਬੇਤੁਕੀ ਕਿਸਾਨ ਵਿਰੋਧੀ ਸ਼ਰਤ ਵਾਪਸ ਲਈ ਜਾਵੇ, ਵਿਸ਼ੇਸ਼ ਗਰਦੌਰੀ ਵਿੱਚ ਦਰਜ ਤਬਾਹੀ ਮੁਤਾਬਕ ਇਸ ਐਲਾਨੇ ਗਏ ਮੁਆਵਜ਼ੇ ਦੀ ਅਦਾਇਗੀ ਸਾਰੇ ਪੀੜਤ ਕਾਸ਼ਤਕਾਰਾਂ ਨੂੰ ਤੁਰੰਤ ਕੀਤੀ ਜਾਵੇ, ਮਿਥੇ ਹੋਏ ਸਰਕਾਰੀ ਸਮਰਥਨ ਮੁੱਲ ਤੋਂ ਘੱਟ ਰੇਟ ’ਤੇ ਵਿਕੀ ਕਣਕ ਅਤੇ ਆਲੂਆਂ ਆਦਿ ਦੂਜੀਆਂ ਫ਼ਸਲਾਂ ਦੇ ਘਾਟੇ ਦੀ ਪੂਰੀ ਭਰਪਾਈ ਕੀਤੀ ਜਾਵੇ,ਇਨ੍ਹੀਂ ਦਿਨੀਂ ਆਏ ਤੂਫ਼ਾਨੀ ਕਹਿਰ ਨਾਲ? ਅਤੇ ਰਜਬਾਹੇ ਟੁੱਟਣ ਨਾਲ ਹੋਈ ਸੌਣੀ ਫ਼ਸਲਾਂ ਤੇ ਮਕਾਨਾਂ ਦੀ ਤਬਾਹੀ ਤੋਂ ਇਲਾਵਾ ਕਈ ਮਨੁੱਖ ਤੇ ਪਸ਼ੂ ਮੌਤ ਦਾ ਸ਼ਿਕਾਰ ਵੀ ਹੋਏ ਹਨ। ਇਸ ਤਬਾਹੀ ਦੀ ਵਿਸ਼ੇਸ਼ ਗਰਦੌਰੀ ਤੁਰੰਤ ਕਰਵਾ ਕੇ ਹੋਏ ਫ਼ਸਲੀ ਅਤੇ ਮਕਾਨਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇ ਅਤੇ ਮੌਤ ਦਾ ਸ਼ਿਕਾਰ ਹੋਏ ਲੋਕਾਂ/ਪਸ਼ੂਆਂ ਦੇ ਵਾਰਸਾਂ/ਮਾਲਕਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ, ਬੰਦ ਪਈ ਨਹਿਰੀ ਪਾਣੀ ਅਤੇ ਖੇਤੀ ਮੋਟਰਾਂ ਦੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਖੇਤੀ ਮੋਟਰਾਂ ਤੇ ਨਹਿਰੀ ਪਾਣੀ ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਬਹਾਲ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕੁਰਕੀ ਦਾ ਵਿਰੋਧ ਕਰ ਰਹੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਤੇ ਦਰਜ ਕੀਤੇ ਪੁਲਿਸ ਕੇਸਾਂ ਜ਼ੋਰਦਾਰ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਕੇਸ਼ ਤੁਰੰਤ ਰੱਦ ਕੀਤੇ ਜਾਣ। ਅੱਜ ਦੇ ਧਰਨੇ ਨੂੰ ਕੁਲਵੰਤ ਸ਼ਰਮਾ ਰਾਏਕੇ ਕਲਾਂ,ਸੁਖਦੇਵ ਸਿੰਘ ਰਾਮਪੁਰਾ, ਅਮਰੀਕ ਸਿੰਘ ਸਿਵੀਆਂ ,ਰਾਜਵਿੰਦਰ ਸਿੰਘ ਰਾਮਨਗਰ,ਅਵਤਾਰ ਤਾਰੀ ਭਗਤਾ, ਤਾਰੀ ਪੂਹਲਾ, ਰਾਮ ਕੋਟਗੁਰੂ, ਗੁਰਪਾਲ ਦਿਓਣ, ਕਾਲਾ ਚੱਠੇਵਾਲਾ, ਸ਼ਗਨਦੀਪ ਜਿਓਂਦ ਨੇਂ ਵੀ ਸੰਬੋਧਨ ਕੀਤਾ।
Share the post "ਕਿਸਾਨ ਜਥੇਬੰਦੀ ਨੇ ਪੂਰੇ ਮੁਆਵਜੇ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ"