ਕਿਸਾਨ ਜਥੇਬੰਦੀ ਨੇ ਪੰਜਾਬ ’ਚੋਂ ਕੇਂਦਰੀ ਸੁਰੱਖਿਆ ਬਲ ਵਾਪਸ ਭੇਜਣ ਤੇ ਐਨ.ਆਈ.ਏ. ਨੂੰ ਸੂਬੇ ਤੋਂ ਦੂਰ ਰੱਖਣ ਦੀ ਕੀਤੀ ਮੰਗ

0
7

ਸੂਬੇ ਦੇ ਮਾਹੌਲ ਨੂੰ ਖੌਫ਼ਜ਼ਦਾ ਬਣਾਉਣ ਕਦਮਾਂ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਨਿੰਦਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਮਾਰਚ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਮੰਗ ਕੀਤੀ ਹੈ ਕਿ ਪੰਜਾਬ ਚੋਂ ਕੇਂਦਰੀ ਸੁਰੱਖਿਆ ਬਲ ਫੌਰੀ ਵਾਪਸ ਸੱਦੇ ਜਾਣ ਅਤੇ ਐਨ.ਆਈ.ਏ. ਨੂੰ ਸੂਬੇ ਤੋਂ ਦੂਰ ਰੱਖਿਆ ਜਾਵੇ ਤੇ ਨਾਲ ਪੰਜਾਬ ਦੇ ਮਾਹੌਲ ਨੂੰ ਖੌਫ਼ਜ਼ਦਾ ਬਣਾ ਕੇ ਪੇਸ਼ ਕਰਨ ਦੇ ਸਾਰੇ ਕਦਮ ਫੌਰੀ ਰੋਕੇ ਜਾਣ। ਜਥੇਬੰਦੀ ਨੇ ਕਿਹਾ ਕਿ ਕੱਲ੍ਹ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੇ ਇਕੱਠਾਂ ਚ ਵੀ ਇਹ ਮੁੱਦੇ ਜੋਰ ਨਾਲ ਉਭਾਰੇ ਜਾਣਗੇ। ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਫਿਰਕੂ ਲਾਮਬੰਦੀਆਂ ਕਰਨ ਦੇ ਰਾਹ ਪਏ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਮਰਥਕਾਂ ਖਿਲਾਫ਼ ਪੁਲਸ ਕਾਰਵਾਈ ਨੂੰ ਮੁਲਕ ਪੱਧਰ ’ਤੇ ਅੰਨ੍ਹੇ ਰਾਸ਼ਟਰਵਾਦ ਨੂੰ ਉਭਾਰਨ ਦਾ ਸਾਧਨ ਬਣਾਇਆ ਗਿਆ ਹੈ, ਜਿਸ ਤਹਿਤ ਪੰਜਾਬ ਅੰਦਰ ਇੰਟਰਨੈੱਟ ਬੰਦ ਕਰਨ, ਕੇਂਦਰੀ ਸੁਰੱਖਿਆ ਬਲ ਸੱਦਣ ਤੇ ਉਹਨਾਂ ਦੇ ਫਲੈਗ ਮਾਰਚਾਂ ਰਾਹੀਂ ਦਹਿਸ਼ਤ ਫੈਲਾਉਣ, ਸਿਰੇ ਦੀ ਧੱਕੜ ਤੇ ਜਾਬਰ ਏਜੰਸੀ ਐਨ.ਆਈ.ਏ. ਨੂੰ ਪੰਜਾਬ ਭੇਜਣ ਤੇ ਐਨ.ਐਸ.ਏ. ਵਰਗੇ ਜਾਬਰ ਕਾਨੂੰਨ ਮੜ੍ਹਨ ਦੇ ਕਦਮ ਚੁੱਕੇ ਗਏ ਹਨ। ਇਹਨਾਂ ਕਦਮਾਂ ਨਾਲ ਅਜਿਹਾ ਝੂਠਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਵੇਂ ਪੰਜਾਬ ਕੋਈ ਵੱਡੀ ਗੜਬੜ ਵਾਲਾ ਇਲਾਕਾ ਹੋਵੇ ਅਤੇ ਕੇਂਦਰੀ ਸਰਕਾਰ ਦੇ ਦਖ਼ਲ ਨਾਲ ਪੰਜਾਬ ਦੀ ਹਾਲਤ ਨੂੰ ਕਾਬੂ ਕੀਤਾ ਜਾ ਰਿਹਾ ਹੋਵੇ। ਜਦ ਕਿ ਇਹ ਪੰਜਾਬ ਦੀ ਹਾਲਤ ਬਾਰੇ ਪੂਰੀ ਤਰ੍ਹਾਂ ਗਲਤ ਪੇਸ਼ਕਾਰੀ ਹੈ ਅਤੇ ਫਿਰਕੂ ਤਾਕਤਾਂ ਦੀ ਅਸਲ ਸਮਰੱਥਾ ਤੋਂ ਕਿਤੇ ਵਧਵੀਂ ਕਾਰਵਾਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਮਰਥਕਾਂ ਦੀਆਂ ਕਾਰਵਾਈਆਂ ਨੂੰ ਸਧਾਰਨ ਕਾਨੂੰਨਾਂ ਨਾਲ ਪੰਜਾਬ ਪੁਲਸ ਵੱਲੋਂ ਵੀ ਰੋਕਿਆ ਜਾ ਸਕਦਾ ਸੀ ਤੇ ਦਰਜ ਕੇਸਾਂ ’ਚ ਪ੍ਰਚੱਲਤ ਸਧਾਰਨ ਤਰੀਕੇ ਨਾਲ ਵੀ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਸੀ, ਪਰ ਇਸਦੇ ਉਲਟ ਪਹਿਲਾਂ ਪੰਜਾਬ ਸਰਕਾਰ ਬਿਲਕੁਲ ਚੁੱਪ ਰਹੀ ਤੇ ਫਿਰ ਮੋਦੀ ਸਰਕਾਰ ਦੇ ਫਿਰਕੂ ਰਾਸ਼ਟਰਵਾਦੀ ਬਿਰਤਾਂਤ ਉਸਾਰਨ ਦੀ ਖੇਡ ’ਚ ਝਟ-ਪਟ ਸ਼ਾਮਲ ਹੋ ਗਈ। ਦੋਹਾਂ ਸਰਕਾਰਾਂ ਨੇ ਰਲ ਕੇ ਇਸ ਕਾਰਵਾਈ ਨੂੰ ਇੱਕ ਵੱਡੀ ਅਖੌਤੀ ਰਾਸ਼ਟਰਵਾਦੀ ਮਹਿੰਮ ’ਚ ਬਦਲਣ ਦੀ ਖੇਡ ਸ਼ੁਰੂ ਕਰ ਦਿੱਤੀ ਹੈ। ਜਿਸਦੀ ਕੀਮਤ ਆਖਰ ਪੰਜਾਬ ਦੇ ਲੋਕਾਂ ਨੂੰ ’ਤਾਰਨੀ ਪੈਣੀ ਹੈ। ਉਹਨਾਂ ਨੇ ਪੰਜਾਬ ਦੀਆਂ ਸਭਨਾਂ ਲੋਕ-ਪੱਖੀ ਤੇ ਜਮਹੂਰੀ ਤਾਕਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਦਹਿਸ਼ਤ ਪਸਾਰੇ ਦੇ ਕਦਮਾਂ ਖਿਲਾਫ਼ ਆਵਾਜ਼ ਉਠਾਉਣ, ਹਰ ਤਰ੍ਹਾਂ ਦੀਆਂ ਫਿਰਕਾਪ੍ਰਸਤ ਤਾਕਤਾਂ ਦਾ ਪਾਜ ਉਧੇੜਨ ਤੇ ਉਹਨਾਂ ਖਿਲਾਫ਼ ਡਟਦੇ ਹੋਏ ਹੱਕੀ ਲੋਕ ਸੰਘਰਸ਼ਾਂ ਨੂੰ ਤੇਜ਼ ਕਰਨ। ਉਹਨਾਂ ਕਿਹਾ ਕਿ ਸੋਚੀਆਂ-ਸਮਝੀਆਂ ਵਿਉਂਤਾਂ ਤਹਿਤ ਪੰਜਾਬ ਅੰਦਰ ਅਜਿਹੇ ਮਹੌਲ ਦੀ ਉਸਾਰੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਕਿ ਲੋਕਾਂ ਦਾ ਧਿਆਨ ਆਪਣੇ ਹਕੀਕੀ ਮੁੱਦਿਆਂ ਤੋਂ ਲਾਂਭੇ ਲਿਜਾਇਆ ਜਾ ਸਕੇ ਤੇ ਲੋਕਾਂ ਦੀ ਸੰਗਰਾਮੀ ਏਕਤਾ ’ਚ ਪਾਟਕ ਪਾਏ ਜਾ ਸਕਣ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸੰਘਰਸ਼ਾਂ ਤੋਂ ਆਪਣਾ ਧਿਆਨ ਭਟਕਣ ਨਾ ਦੇਣ, ਸਗੋਂ ਏਕਤਾ ਵਿਸ਼ਾਲ ਕਰਨ ਤੇ ਹੱਕੀ ਸੰਘਰਸ਼ਾਂ ਨੂੰ ਹੋਰ ਭਖਾਉਣ।

LEAVE A REPLY

Please enter your comment!
Please enter your name here