ਸੁਖਜਿੰਦਰ ਮਾਨ
ਨਵੀਂ ਦਿੱਲੀ, 22 ਨਵੰਬਰ : ਦਿੱਲੀ ਮੋਰਚੇ ਦੀ 26 ਨਵੰਬਰ ਨੂੰ ਵਰ੍ਹੇਗੰਢ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿਕਰੀ ਬਾਰਡਰ ’ਤੇ ਪਕੌੜਾ ਚੌਕ ਕੋਲ ਇਕ ਵਿਸ਼ਾਲ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਇਸ ਦੇ ਨੇੜਲੇ ਸੂਬਿਆਂ ਵਿਚੋਂ ਆਉਣ ਵਾਲੇ ਘੱਟੋ ਘੱਟ ਇੱਕ ਲੱਖ ਕਿਸਾਨਾਂ,ਨੌਜਵਾਨਾਂ , ਮਜ਼ਦੂਰਾਂ ,ਔਰਤਾਂ ਅਤੇ ਹੋਰ ਕਿਰਤੀ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਅੱਜ ਟਿਕਰੀ ਬਾਰਡਰ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਅਤੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਦੇ ਪਹਿਲੇ ਅਤੇ ਸਾਰੇ ਧਰਮਾਂ ਦੇ ਸਤਿਕਾਰਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਕੇ ਸਾਰੇ ਲੋਕਾਂ ਦਾ ਦਿਲ ਜਿੱਤਣ ਲਈ ਅਵਤਾਰ ਪੁਰਬ ਮੌਕੇ ਵਰਤਣ ਦੀ ਕੋਸਸਿ ਕੀਤੀ ਹੈ ਪਰ ਅਸਲ ਵਿਚ ਕਾਨੂੰਨ ਵਾਪਸ ਲੈਣ ਦਾ ਐਲਾਨ ਇੱਕ ਸਾਲ ਤੋਂ ਵੱਧ ਸਮਾਂ ਤੋਂ ਭਾਜਪਾ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ ਦਾ ਲੋਕਾਂ ਵੱਲੋਂ ਭਾਰੀ ਵਿਰੋਧ ਕਾਰਨ ਕਰਨਾ ਪਿਆ ਹੈ । ਲੋਕਾਂ ਦੇ ਵਿਰੋਧ ਕਾਰਨ ਭਾਜਪਾ ਦੀ ਅੰਦਰੂਨੀ ਹਾਲਤ ਵੀ ਵਿਸਫੋਟਕ ਬਣੀ ਹੋਈ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਲੋਕਾਂ ਤੇ ਜਬਰ ਕਰਨ ਵਾਲੇ ਧਾੜਵੀ ਹਕੂਮਤ ਬਾਬਰ ਔਰੰਗਜੇਬ ਵਰਗਿਆਂ ਦੇ ਜਬਰ ਖ਼ਿਲਾਫ਼ ਸਾਡੇ ਗੁਰੂਆਂ ਦੀ ਅਗਵਾਈ ਵਿੱਚ ਭਾਰਤ ਦੇ ਲੋਕਾਂ ਨੇ ਲੰਬੇ ਸੰਘਰਸ਼ ਲੜੇ ਹਨ ਅਤੇ ਜਿੱਤੇ ਹਨ । ਵਿਦੇਸ਼ੀ ਅੰਗਰੇਜ਼ ਹਕੂਮਤ ਖ਼ਿਲਾਫ਼ ਸਾਡੇ ਭਗਤ ਸਰਾਭਿਆਂ, ਗਦਰ ਲਹਿਰ, ਕੂਕਿਆਂ ਅਤੇ ਹੋਰ ਲਹਿਰਾਂ ਦੀ ਅਗਵਾਈ ਵਿੱਚ ਸੰਘਰਸ਼ ਕਰਕੇ ਉਨ੍ਹਾਂ ਨੂੰ ਵੀ ਦੇਸ਼ ਚੋਂ ਬਾਹਰ ਕੱਢਿਆ ਹੈ । ਹੁਣ ਸਾਡੇ ਦੇਸ਼ ਦੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦਾ ਵੀ ਪਰਦਾਫਾਸ਼ ਹੋ ਗਿਆ ਹੈ ਕਿ ਇਹ ਸਰਕਾਰਾਂ ਵੀ ਸਾਡੇ ਦੇਸ਼ ਦੀ ਲੋਕਾਂ ਦੇ ਹਿੱਤਾਂ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਦੀਆਂ ਹਨ ਜਿਨ੍ਹਾਂ ਤੋਂ ਭਲੇ ਦੀ ਝਾਕ ਛੱਡ ਕੇ ਲੋਕਾਂ ਦੀਆਂ ਮੰਗਾਂ ਮਸਲਿਆਂ ਦਾ ਅਸਲੀ ਹੱਲ ਲੋਕਾਂ ਦਾ ਏਕੇ ਅਤੇ ਸੰਘਰਸ਼ ਹੀ ਹੈ । ਨੌਜਵਾਨ ਬਿੱਟੂ ਮਲਣ ਅਤੇ ਤਰਨਤਾਰਨ ਤੋਂ ਸੁਖਵੰਤ ਸਿੰਘ ਵਲਟੋਹਾ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਨੌਜਵਾਨਾਂ ਅਤੇ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿਨ੍ਹਾਂ ਨੇ ਆਪਣਾ ਜੋਸ਼ ਉੱਤੋਂ ਦੀ ਨਹੀਂ ਪੈਣ ਦਿੱਤਾ ਤੇ ਹੋਸ਼ ਨਾਲ ਲਗਾਤਾਰ ਸੰਘਰਸ਼ ਵਿੱਚ ਮੁੱਖ ਰੋਲ ਅਦਾ ਕੀਤਾ ਹੈ । ਉਨ੍ਹਾਂ ਨੌਜਵਾਨਾਂ ਨੂੰ ਛੱਬੀ ਨਵੰਬਰ ਨੂੰ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਵੱਧ ਤੋਂ ਵੱਧ ਦਿੱਲੀ ਮੋਰਚੇ ਵਿਚ ਪਹੁੰਚਣ ਦੀ ਅਪੀਲ ਕੀਤੀ । ਸਟੇਜ ਦੀ ਕਾਰਵਾਈ ਫਾਜਲਿਕਾ ਦੇ ਜਨਰਲ ਸਕੱਤਰ ਗੁਰਬਾਜ ਸਿੰਘ ਨੇ ਨਿਭਾਈ ਅਤੇ ਸਟੇਜ ਤੋਂ ਜਸਬੀਰ ਕੌਰ ਬਹਾਦੁਰ ਨਗਰ, ਸਰਬਜੀਤ ਸਿੰਘ ਫਤਹਿਗੜ੍ਹ, ਮਾਸਟਰ ਪ੍ਰੀਤਮ ਸਿੰਘ, ਬਲਵਿੰਦਰ ਸਿੰਘ ਨੌਹਰਾ ਅਤੇ ਰਘਬੀਰ ਸਿੰਘ ਨਿਆਲ ਨੇ ਵੀ ਸੰਬੋਧਨ ਕੀਤਾ ।
Share the post "ਕਿਸਾਨ ਸੰਘਰਸ਼ ਦੀ ਵਰੇ੍ਗੰਢ ਲਈ ਉਗਰਾਹਾਂ ਜਥੇਬੰਦੀ ਵਲੋਂ ਬਣਾਇਆ ਜਾ ਰਿਹਾ ਵਿਸੇਸ ਪੰਡਾਲ"