ਕਿਹਾ ਕਿ ਇਕਬਾਲ ਸਿੰਘ ਝੂੰਦਾਂ ਦੀ ਸਬ ਕਮੇਟੀ ਰਿਪੋਰਟ ਸਮੇਤ ਸਾਰੇ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਜੂਨ : ਸੰਗਰੂਰ ਜਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਪੰਜਵੇਂ ਸਥਾਨ ’ਤੇ ਰਹਿਣ ਕਾਰਨ ਪਾਰਟੀ ਹਾਈਕਮਾਂਡ ’ਤੇ ਉਠ ਰਹੀਆਂ ਉਗਲਾਂ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਅਸਤੀਫ਼ਾ ਦੇਣ ਦੀਆਂ ਚੱਲੀਆਂ ਅਫ਼ਵਾਹਾਂ ’ਤੇ ਰੋਕ ਲਗਾਉਂਦਿਆਂ ਪਾਰਟੀ ਆਗੂਆਂ ਨੇ ਦਾਅਵਾ ਕੀਤਾ ਕਿ ‘‘ ਕਿਸੇ ਵੀ ਆਗੂ ਨੇ ਪਾਰਟੀ ਪ੍ਰਧਾਨ ਵਜੋਂ ਸੁਖਬੀਰ ਸਿੰਘਬਾਦਲ ਤੋਂ ਅਸਤੀਫ਼ਾ ਨਹੀਂ ਮੰਗਿਆ ਹੈ। ’’ ਅੱਜ ਇੱਥੇ ਪਾਰਟੀ ਮੀਟਿੰਗ ਤੋਂ ਬਾਅਦ ਪੱਤਰਕਾਰ ਵਾਰਤਾ ਕਰਦਿਆਂ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੁੰ ਲੋਕਤੰਤਰੀ ਤਰੀਕੇ ਨਾਲ ਹੋਈ ਚੋਣ ਵਿਚ ਪ੍ਰਧਾਨ ਚੁਣਿਆ ਗਿਆ ਸੀ। ਉਹਨਾਂ ਕਿਹਾ ਕਿ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਹਨ ਤੇ ਇਹ ਕਿਸੇ ਇਕ ਵਿਅਕਤੀ ਕਾਰਨ ਨਹੀਂ ਹੁੰਦੀਆਂ। ਉਹਨਾਂ ਕਿਹਾ ਕਿ ਕਦੇ ਵੀ ਰਾਤੋਂ ਰਾਤ ਜਰਨੈਲ ਨਹੀਂ ਬਦਲੇ ਜਾਂਦੇ ਤੇ ਉਹਨਾਂ ਸਾਰੇ ਸੀਨੀਅਰ ਆਗੂਆਂ ਨੁੰ ਪਾਰਟੀ ਦੀ ਮਜ਼ਬੂਤੀ ਵਾਸਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ। ਹਾਲਾਂਕਿ ਇਸ ਮੌਕੇ ਉਨ੍ਹਾਂ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਚੁੱਕੇ ਮੁੱਦਿਆਂ ਬਾਰੇ ਕੋਈ ਵੀ ੱਿਟਪਣੀ ਕਰਨ ਤੋਂ ਇੰਨਕਾਰ ਕਰ ਦਿੱਤਾ। ਦਸਣਾ ਬਣਦਾ ਹੈ ਕਿ ਸੋਸਲ ਮੀਡੀਆ ’ਤੇ ਅੱਜ ਪੂਰਾ ਦਿਨ ਇਹ ਚਰਚਾ ਚੱਲਦੀ ਰਹੀਂ ਕਿ ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਥਾਂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜ਼ਕਾਰੀ ਪ੍ਰਧਾਨ ਬਣਾਇਆ ਜਾ ਰਿਹਾ ਹੈ। ਇਸ ਚਰਚਾ ਤੋਂ ਬਾਅਦ ਹੀ ਬਲਵਿੰਦਰ ਸਿੰਘ ਭੂੰਦੜ ਨੇ ਪ੍ਰੈਸ ਕਾਨਫਰੰਸ ਕਰਦਿਆਂ ਨਾ ਸਿਰਫ਼ ਇੰਨ੍ਹਾਂ ਚਰਚਾਵਾਂ ਨੂੰ ਰੱਦ ਕੀਤਾ, ਬਲਕਿ ਕਿਹਾ ਕਿ ਇਕਬਾਲ ਸਿੰਘ ਝੂੰਦਾਂ ਦੀ ਸਬ ਕਮੇਟੀ ਦੀ ਰਿਪੋਰਟ ਸਮੇਤ ਸਾਰੇ ਮਾਮਲਿਆਂ ’ਤੇ ਪਾਰਟੀ ਦੇ ਅੰਦਰ ਹੀ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਰਿਪੋਰਟ ’ਤੇ ਪਹਿਲਾਂ ਵੀ ਚਰਚਾ ਛਿੜੀ ਸੀ ਪਰ ਸੰਗਰੂਰ ਜ਼ਿਮਨੀ ਚੋਣ ਕਾਰਨ ਟਾਲ ਦਿੱਤੀ ਗਈ ਸੀ। ਅਕਾਲੀ ਦਲ ਦੇ ਜਨਰਲ ਸਕੱਤਰ ਨੇ ਪਾਰਟੀ ਦੇ ਆਗੂਆਂ ਤੇ ਕੇਡਰਾਂ ਵੱਲੋਂ ਸੰਗਰੂਰ ਜ਼ਿਮਨੀ ਚੋਣ ਵਿਚ ਅਣਥੱਕ ਮਿਹਨਤ ਕਰਨ ’ਤੇ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਾਰਟੀਆਂ ਨੂੰ ਕਦੇ ਚੰਗੇ ਤੇ ਕਦੇ ਮਾੜੇ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਗਰੂਰ ਜ਼ਿਮਨੀ ਚੋਣ ਦੀ ਗੱਲ ਕਰਦਿਆਂ ਸ: ਭੂੰਦੜ ਨੇ ਕਿਹਾ ਕਿ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਮੁਤਾਬਕ ਸਾਰੀਆਂ ਪੰਥਕ ਧਿਰਾਂ ਦੇ ਨਾਲ ਰਲ ਕੇ ਉਮੀਦਵਾਰ ਖੜ੍ਹਾ ਕੀਤਾ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਸੰਗਰੂਰ ਵਿਚ ਸਿਧਾਂਤਕ ਲੜਾਈ ਲੜੀ ਹੇ। ਇਸ ਮੌਕੇ ਸੀਨੀਅਰ ਆਗੂ ਹਰਚਰਨ ਬੈਂਸ ਤੇ ਚਰਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ।
ਕਿਸੇ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਨਹੀਂ ਮੰਗਿਆ : ਬਲਵਿੰਦਰ ਸਿੰਘ ਭੂੰਦੜ
12 Views