ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਗੁਰੂ ਗੋਬਿੰਦ ਸਿੰਘ ਜੀ ਦੇ 356ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵੀਰਵਾਰ ਨੂੰ ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ: ਜੀਵਨ, ਸਮਾਂ ਅਤੇ ਸਿੱਖਿਆਵਾਂ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਆਯੋਜਿਤ ਇਸ ਪ੍ਰੋਗਰਾਮ ਦਾ ਸੰਚਾਲਨ ਸੀਯੂਪੀਬੀ ਦੇ ਪੰਜਾਬੀ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਨੌਜਵਾਨ ਸਿੱਖ ਇਤਿਹਾਸਕਾਰ, ਲੇਖਕ ਅਤੇ ਪੰਜਾਬੀ ਗਲੋਬਲ ਫਾਊਂਡੇਸ਼ਨ, ਓਡੀਸ਼ਾ ਦੇ ਪ੍ਰਧਾਨ ਸ਼੍ਰੀ ਅਬਿਨਾਸ਼ ਮਹਾਪਾਤਰਾ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਾਲ ਨਾਲ ਪਿੰਡ ਘੁੱਦਾ ਤੋਂ ਆਏ ਪਤਵੰਤੇ ਸੱਜਣਾਂ ਨੇ ਭਾਗ ਲਿਆ।ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਬਿਨਾਸ਼ ਮਹਾਪਾਤਰਾ ਨੇ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਕਿਹਾ ਕਿ ਉਹਨਾਂ ਦੀਆਂ ਸਿਖਿਆਵਾਂ ਨੇ ਮਨੁੱਖ ਨੂੰ ਧਾਰਮਿਕਤਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਖੜੇ ਰਹਿਣ ਲਈ ਪ੍ਰੇਰਿਆ ਹੈ। ਗੁਰੂ ਜੀ ਨੇ ਉਸ ਸਮੇਂ ਦੇ ਮੁਗਲ ਸ਼ਾਸਕਾਂ ਦੇ ਅਨਿਆਂ ਵਿਰੁੱਧ ਲੜਦੇ ਹੋਏ ਆਪਣਾ ਜੀਵਨ ਮਨੁੱਖਤਾ ਦੇ ਭਲੇ ਲਈ ਲਗਾ ਦਿੱਤਾ ਸੀ। ਸ੍ਰੀ ਮਹਾਪਾਤਰਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ “ਸਰਬੰਸ ਦਾਨੀ” ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਜ਼ੁਲਮ ਵਿਰੁੱਧ ਲੜਦਿਆਂ ਆਪਣੀ ਸਾਰਾ ਵੰਸ਼ (ਪਿਤਾ, ਮਾਤਾ ਅਤੇ ਚਾਰ ਜਵਾਨ ਪੁੱਤਰਾਂ) ਦੀ ਕੁਰਬਾਨੀ ਦਿੱਤੀ ਸੀ। ਗੁਰੂ ਸਾਹਿਬ ਦਾ ਜੀਵਨ ਫਲਸਫਾ ਪਿਆਰ ‘ਤੇ ਕੇਂਦ੍ਰਿਤ ਹੈ ਅਤੇ ਇਹ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਅਤੇ ਸਾਰਿਆਂ ਨਾਲ ਸਮਾਨਤਾ ਨਾਲ ਪੇਸ਼ ਆਉਣ ਦਾ ਸਬਕ ਸਿਖਾਉਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਮਹਾਨ ਯੋਧਾ, ਦਾਰਸ਼ਨਿਕ, ਕਵੀ ਅਤੇ ਆਗੂ ਸਨ। ਉਨ੍ਹਾਂ ਨੇ 1699 ਈ. ਵਿਚ ਨਿਰਦੋਸ਼ ਲੋਕਾਂ ਨੂੰ ਧਾਰਮਿਕ ਅਤਿਆਚਾਰ ਤੋਂ ਬਚਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਆਪਣੇ ਪੈਰੋਕਾਰਾਂ ਨੂੰ ਸੰਤ-ਸਿਪਾਹੀ (ਸੰਤ ਦਾ ਮਨ ਅਤੇ ਇੱਕ ਸਿਪਾਹੀ ਦੀ ਸ਼ਕਤੀ) ਬਣਨ ਲਈ ਪ੍ਰੇਰਿਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ, ਅਰਬੀ, ਫ਼ਾਰਸੀ, ਬ੍ਰਜ ਅਤੇ ਪੰਜਾਬੀ ਆਦਿ ਕਈ ਭਾਸ਼ਾਵਾਂ ਵਿੱਚ ਬਾਣੀ ਰਚਨਾ ਕੀਤੀ ਹੈ। ਉਹਨਾਂ ਦੱਸਿਆ ਕਿ ਸਿੱਖਾਂ ਦੇ ਰੋਜ਼ਾਨਾ ਦੇ ਨਿਤਨੇਮ ਦੀਆਂ ਤਿੰਨ ਬਾਣੀਆਂ ਜਾਪੁ ਸਾਹਿਬ, ਤ੍ਵਪ੍ਰਸਾਦਿ ਸਵੱਯੇ ਅਤੇ ਬੇਨਤੀ ਚੌਪਈ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਰਚਨਾ ਹਨ ਅਤੇ ਸਿੱਖ ਅਰਦਾਸ ਦਾ ਪਹਿਲਾ ਹਿੱਸਾ ਵੀ ਗੁਰੂ ਸਾਹਿਬ ਦੀ ਰਚਨਾ ਹੈ। ਗੁਰੂ ਗੋਬਿੰਦ ਸਾਹਿਬ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਤਮ ਰੂਪ ਦਿੱਤਾ ਅਤੇ ਜੋਤੀ-ਜੋਤਿ ਸਮਾਉਣ ਵੇਲੇ ਇਸ ਨੂੰ ਸਿੱਖ ਧਰਮ ਦੇ ਮੁਢਲੇ ਗ੍ਰੰਥ ਅਤੇ ਸਦੀਵੀ ਗੁਰੂ ਦਾ ਦਰਜ ਦਿੱਤਾ। ਸ੍ਰੀ ਅਬਿਨਾਸ਼ ਮਹਾਪਾਤਰਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਜਿਵੇਂ ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ, ਚੰਡੀ ਚਰਿਤਰ ਆਦਿ ਸਾਨੂੰ ਸੱਚ ਦੇ ਮਾਰਗ ਤੇ ਚੱਲਣ, ਅਕਾਲ ਪੁਰਖ ਵਿੱਚ ਵਿਸ਼ਵਾਸ਼ ਰੱਖਣ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ ਹੈ।
ਵਾਈਸ ਚਾਂਸਲਰ, ਪ੍ਰੋ: ਰਾਘਵੇਂਦਰ ਪੀ. ਤਿਵਾਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਧਿਆਤਮਕ ਆਗੂ, ਸੈਨਾਪਤੀ ਤੇ ਅਮਰ ਸਾਹਿਤਕਾਰ ਦੱਸਦੇ ਹੋਏ ਸਾਰਿਆਂ ਨੂੰ ਖਾਲਸਾ ਪੰਥ ਦੀ ਮਰਿਆਦਾ ਦੀ ਪਾਲਣਾ ਕਰਦੇ ਹੋਏ ਹਿੰਮਤ ਅਤੇ ਬਹਾਦਰੀ ਨਾਲ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗੁਰੂ ਸਾਹਿਬ ਦੀ ਇੱਕ ਪ੍ਰਸਿੱਧ ਬਾਣੀ ਦੀਆਂ ਇਹ ਸਤਰਾਂ, “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ। ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ” ਦੇ ਹਵਾਲੇ ਨਾਲ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮਨੁੱਖ ਨੂੰ ਚੰਗੇ ਕੰਮ ਕਰਦੇ ਹੋਏ ਨਿਡਰ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ, ਜੋ ਮੌਜੂਦਾ ਸੰਘਰਸ਼-ਗ੍ਰਸਤ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਸੰਗਿਕ ਹਨ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ: ਹਰਪਾਲ ਸਿੰਘ ਪੰਨੂ, ਚੇਅਰ ਪ੍ਰੋਫੈਸਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੇਅਰ ਦੇ ਸਵਾਗਤੀ ਭਾਸ਼ਣ ਨਾਲ ਹੋਈ। ਡਾ. ਰਮਨਪ੍ਰੀਤ ਕੌਰ ਨੇ ਪ੍ਰੋਗਰਾਮ ਦੇ ਵਿਸ਼ੇ ‘ਤੇ ਚਾਨਣਾ ਪਾਇਆ ਅਤੇ ਮੰਚ ਦਾ ਸੰਚਾਲਨ ਕੀਤਾ। ਅੰਤ ਵਿੱਚ, ਡਾ. ਵਿਪਲ ਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕੰਟਰੋਲਰ ਪਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ, ਅਤੇ ਡੀਨ ਸਕੂਲ ਭਾਸ਼ਾਵਾ, ਸਾਹਿਤ ਤੇ ਸਭਿਆਚਾਰ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ: ਜ਼ਮੀਰ ਪਾਲ ਕੌਰ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਮੁਖੀ, ਅਧਿਕਾਰੀ, ਅਧਿਆਪਕ, ਨਾਨ-ਟੀਚਿੰਗ ਸਟਾਫ਼, ਖੋਜਾਰਥੀ ਅਤੇ ਵਿਦਿਆਰਥੀ ਸ਼ਾਮਲ ਹੋਏ।
Share the post "ਕੇਂਦਰੀ ਯੂਨੀਵਰਸਿਟੀ ਚ”ਸ਼੍ਰੀ ਗੁਰੂ ਗੋਬਿੰਦ ਸਿੰਘ ਜੀ:ਜੀਵਨ,ਸਮਾਂ ਅਤੇ ਸਿੱਖਿਆਵਾਂ” ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ"