ਸੁਖਜਿੰਦਰ ਮਾਨ
ਬਠਿੰਡਾ , 31 ਮਈ : ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਸਰਪ੍ਰਸਤੀ ਹੇਠ ਆਯੋਜਿਤ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਫਾਈਨਲ ਰਾਊਂਡ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੇ ਭਾਸ਼ਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਵਰਸਿਟੀ ਕੈੰਪਸ ਵਿਖੇ ਇਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸੰਸਦ ਦੀ ਕਾਰਜ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਉਣਾ ਹੈ।ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਸਾਬਕਾ ਰਾਜ ਸਭਾ ਮੈਂਬਰ ਸ੍ਰੀ ਬ੍ਰਤਿਨ ਸੇਨ ਗੁਪਤਾ, ਸੰਸਦੀ ਮਾਮਲਿਆਂ ਦੇ ਮੰਤਰਾਲੇ ਦੇ ਡਿਪਟੀ ਸਕੱਤਰ ਸ਼੍ਰੀ ਏ.ਬੀ.ਅਚਾਰੀਆ, ਅੰਮ੍ਰਿਤਸਰ ਲਾਅ ਕਾਲਜ ਦੇ ਫਾਊਂਡਰ ਪ੍ਰਿੰਸੀਪਲ ਡਾ. ਏਵਨ ਕੁਮਾਰ ਵੈਦ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਏ। ਜਿਊਰੀ ਮੈਂਬਰਾਂ ਨੇ ਦਿਲਚਸਪ ਸੰਸਦੀ ਸੈਸ਼ਨ ਦਾ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।ਜ਼ਿਕਰਯੋਗ ਹੈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਵਿੱਤੀ ਸਾਲ 2019-20 ਵਿੱਚ ਹੋਈ 15ਵੀਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੀ ਨੈਸ਼ਨਲ ਚੈਮਪੀਅਨ ਅਤੇ ਵਿੱਤੀ ਸਾਲ 2017-18 ਵਿੱਚ ਹੋਈ 14ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੀ ਗਰੁੱਪ ਲੈਵਲ ਚੈਮਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਜਿਊਰੀ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦੀ ਇਹ ਪਹਿਲਕਦਮੀ ਲੋਕਤੰਤਰੀ ਮੁੱਲ ਪ੍ਰਣਾਲੀ ਬਾਰੇ ਜਾਗਰੂਕਤਾ ਫੈਲਾਏਗੀ ਅਤੇ ਨੌਜਵਾਨਾਂ ਨੂੰ ਸੰਸਦੀ ਪ੍ਰਕਿਰਿਆਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰੇਗੀ।
Share the post "ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੁਵਾ ਸੰਸਦ ਮੁਕਾਬਲੇ ਦੇ ਮੁਕਾਬਲੇ ਵਿੱਚ ਆਪਣੇ ਹੁਨਰ ਦਾ ਕੀਤਾ ਪ੍ਰਦਰਸ਼ਨ"