ਸੁਖਜਿੰਦਰ ਮਾਨ
ਬਠਿੰਡਾ, 7 ਜੂਨ:ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਤਾਵਰਨ ਦੀ ਸੰਭਾਲ ਪ੍ਰਤੀ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਬੁੱਧਵਾਰ ਨੂੰ ‘ਵਾਤਾਵਰਣ ਸਬੰਧੀ ਜਾਗਰੂਕਤਾ ਲਈ ਸਮੂਹਿਕ ਸਹਿਮਤੀ: ਪਵਿੱਤਰ ਵੇਈਂ ਦੀ ਸੰਭਾਲ ਤੋਂ ਸਿੱਖਣਾ’ ਵਿਸ਼ੇ ’ਤੇ ਇੱਕ ਪ੍ਰੇਰਣਾਤਮਕ ਲੈਕਚਰ ਕਰਵਾਇਆ ਗਿਆ। ਸੀਯੂਪੀਬੀ ਦੇ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੁਆਰਾ ਆਯੋਜਿਤ ਇਸ ਸਮਾਗਮ ਵਿੱਚ ਪ੍ਰਸਿੱਧ ਵਾਤਾਵਰਣ ਪ੍ਰੇਮੀ, ਪਦਮ ਸ਼੍ਰੀ ਐਵਾਰਡੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮਹਿਮਾਨ ਬੁਲਾਰੇ ਵਜੋਂ ਸ਼ਾਮਲ ਹੋਏ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ: ਰਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਡਾ: ਰੂਬਲ ਕਨੌਜੀਆ ਨੇ ਮੁੱਖ ਬੁਲਾਰੇ ਦੀ ਜਾਣ-ਪਛਾਣ ਕਰਾਉਂਦੇ ਹੋਏ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਇੱਕ ਸਤਿਕਾਰਤ ਵਾਤਾਵਰਣ ਪ੍ਰੇਮੀ ਹਨ, ਜਿਨ੍ਹਾਂ ਨੇ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਪਵਿੱਤਰ ਵੇਈਂ ਦੀ ਸੰਭਾਲ ਨਾਲ ਸੰਬੰਧਤ ਅੰਦੋਲਨ ਦੀ ਅਗਵਾਈ ਕਰਨ ਸਦਕਾ ਅਤੇ ਹੋਰ ਵਾਤਾਵਰਨ ਸੰਭਾਲ? ਦੇ ਕਾਰਜਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਹਨ।ਆਪਣੇ ਲੈਕਚਰ ਦੌਰਾਨ ਸੰਤ ਸੀਚੇਵਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਾਲ ਹੀ ਦੇ ਦਹਾਕਿਆਂ ਦੌਰਾਨ ਦੇਖੀਆਂ ਗਈਆਂ ਵਾਤਾਵਰਨ ਤਬਦੀਲੀਆਂ ਕੁਦਰਤੀ ਸੋਮਿਆਂ ਦੀ ਵਰਤੋਂ ਅਤੇ ਵਾਤਾਵਰਨ ਪ੍ਰਦੂਸ਼ਣ ਦਾ ਨਤੀਜਾ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥” ਦਾ ਹਵਾਲਾ ਦੇ ਕੇ ਸਾਡੇ ਜੀਵਨ ਵਿੱਚ ਸ਼ੁੱਧ ਹਵਾ, ਪਾਣੀ ਅਤੇ ਧਰਤ ਦੀ ਮਹੱਤਤਾ ਨੂੰ ਉਜਾਗਰ ਕੀਤਾ। ਹਾਲਾਂਕਿ, ਮਨੁੱਖ ਇਨ੍ਹਾਂ ਤਿੰਨਾਂ ਜ਼ਰੂਰੀ ਤੱਤਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।ਸੰਤ ਬਲਬੀਰ ਸਿੰਘ ਨੇ ਪਵਿੱਤਰ ਵੇਈਂ ਬਚਾਓ ਅੰਦੋਲਨ ਨਾਲ ਸਬੰਧਤ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ’ਤੇ ਵਹਿੰਦੀ ਵੇਈਂ ਇੱਕ ਪਵਿੱਤਰ ਇਤਿਹਾਸਕ ਨਦੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਰਹਿਣ ਦੌਰਾਨ ਰੋਜ਼ਾਨਾ ਇਸ਼ਨਾਨ ਕਰਦੇ ਸਨ ਅਤੇ ਇਕ ਦਿਨ ਜਦੋਂ ਇਸ਼ਨਾਨ ਕਰਕੇ ਬਾਹਰ ਨਿਕਲੇ ਤਾਂ ਉਹਨਾਂ ਨੇ ਸੰਸਾਰ ਨੂੰ ਕਰਮਕਾਂਡਾਂ ਰੂਪੀ ਅਗਿਆਨਤਾ ਦੇ ਹਨੇਰੇ ਵਿਚੋਂ ਕੱਢਣ ਦਾ ਨਿਰਣਾ ਕੀਤਾ। ਸਮਾ ਬਦਲਿਆ ਅਤੇ ਹਰੀ ਕ੍ਰਾਂਤੀ ਦੇ ਮਾਰੂ ਪ੍ਰਭਾਵਾਂ ਦੇ ਫਲਸਰੂਪ ਇਹ ਪਵਿੱਤਰ ਵੇਈਂ ਪ੍ਰਦੂਸ਼ਿਤ ਹੋ ਕੇ ਕਾਲੀ ਵੇਈਂ ਵਿੱਚ ਬਦਲ ਗਈ। ਪਵਿੱਤਰ ਵੇਈਂ ਨੂੰ ਮੁੜ ਸੁਰਜੀਤ ਕਰਨ ਲਈ ਸਾਲ 2000 ਵਿੱਚ “ਪਵਿੱਤਰ ਵੇਈਂ ਸੰਭਾਲ ਅੰਦੋਲਨ”ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਆਪਣਾ ਵਿਸ਼ੇਸ਼ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੈ। ਸੰਤ ਸੀਚੇਵਾਲ ਨੇ ਇਸ ਅੰਦੋਲਨ ਵਿੱਚ ਦਰਪੇਸ਼ ਚੁਣੌਤੀਆਂ, ਰੁਕਾਵਟਾਂ ਨੂੰ ਦੂਰ ਕਰਨ ਲਈ ਅਪਣਾਈਆਂ ਗਈਆਂ ਰਣਨੀਤੀਆਂ ਅਤੇ ਵਾਤਾਵਰਣ ਅਤੇ ਸਥਾਨਕ ਭਾਈਚਾਰੇ ’ਤੇ ਇਸ ਦੇ ਮਹੱਤਵਪੂਰਨ ਪ੍ਰਭਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਪਿੰਡ ਸੀਚੇਵਾਲ ਦੇ ਮਾਡਲ ਬਾਰੇ ਚਾਨਣਾ ਪਾਇਆ ਅਤੇ ਟਰੀਟ ਕੀਤੇ ਗੰਦੇ ਪਾਣੀ ਦੀ ਸਿੰਚਾਈ ਅਤੇ ਹੋਰ ਕੰਮਾਂ ਲਈ ਮੁੜ ਵਰਤੋਂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਕੁਦਰਤ ਪ੍ਰਤੀ ਕੁਝ ਸਮਾਂ ਲਗਾ ਕੇ ਆਪਣੇ ਵਾਤਾਵਰਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਲੈਣ ਲਈ ਪ੍ਰੇਰਿਤ ਕੀਤਾ। ਲੈਕਚਰ ਦੀ ਸਮਾਪਤੀ ਸਵਾਲ-ਜਵਾਬ ਦੇ ਸੈਸ਼ਨ ਨਾਲ ਹੋਈ।ਭਾਗ ਲੈਣ ਵਾਲਿਆਂ ਨੂੰ ਪ੍ਰੇਰਿਤ ਕਰਨ ਲਈ ਸੰਤ ਸੀਚੇਵਾਲ ਦਾ ਧੰਨਵਾਦ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਨੌਜਵਾਨਾਂ ਵਿੱਚ ਟਿਕਾਉ ਜੀਵਨ ਸ਼ੈਲੀ ਅਪਣਾਉਣ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਹਾਜ਼ਰ ਸਰੋਤਿਆਂ ਨੂੰ ਸੰਤ ਸੀਚੇਵਾਲ ਵੱਲੋਂ ਸ਼ੁਰੂ ਕੀਤੀ ਪਵਿੱਤਰ ਵੇਈਂ ਬਚਾਓ ਲਹਿਰ ਤੋਂ ਪ੍ਰੇਰਨਾ ਲੈਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੀ ਸੰਭਾਲ ਲਈ ਇਸ ਦੇ ਸਿਧਾਂਤਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ।ਇਸ ਮੌਕੇ ਕਾਰਜਕਾਰੀ ਰਜਿਸਟਰਾਰ ਅਤੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਬੀ.ਪੀ. ਗਰਗ, ਮਾਸ ਕਮਿਊਨੀਕੇਸ਼ਨ ਐਂਡ ਮੀਡੀਆ ਸਟੱਡੀਜ਼ ਵਿਭਾਗ ਦੇ ਮੁਖੀ ਪ੍ਰੋ. ਵੀ.ਕੇ ਗਰਗ ਅਤੇ ਵਿਭਾਗ ਦੇ ਫੈਕਲਟੀ ਮੈਂਬਰ ਹਾਜ਼ਰ ਸਨ। ਸਮਾਗਮ ਵਿੱਚ ਵਿਦਿਆਰਥੀਆਂ, ਅਧਿਕਾਰੀਆਂ ਅਤੇ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
Share the post "ਕੇਂਦਰੀ ਯੂਨੀਵਰਸਿਟੀ ਵਿਖੇ ਆਯੋਜਿਤ ਵਿਸ਼ੇਸ਼ ਲੈਕਚਰ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸੰਤ ਸੀਚੇਵਾਲ"