ਸੁਖਜਿੰਦਰ ਮਾਨ
ਬਠਿੰਡਾ, 15 ਜੁਲਾਈ :ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਾਊਥ ਐਂਡ ਸੈਂਟਰਲ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ ‘ਮੱਧ ਏਸ਼ੀਆ ਵਿੱਚ ਚੀਨ ਦੀ ਰਣਨੀਤਕ ਪਹੁੰਚ: ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਜਗਮੀਤ ਬਾਵਾ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ।ਆਪਣੇ ਭਾਸ਼ਣ ਵਿੱਚ ਪ੍ਰੋ. ਜਗਮੀਤ ਬਾਵਾ ਨੇ ਮੱਧ ਏਸ਼ੀਆ ਅਤੇ ਭਾਰਤ ਦਰਮਿਆਨ ਮਜ਼ਬੂਤ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਤੀਸਰੀ ਸਦੀ ਈਸਾ ਪੂਰਵ ਤੋਂ ਲੈ ਕੇ 15ਵੀਂ ਸਦੀ ਤੱਕ ਇੱਥੇ ਮੌਜੂਦ ਸਿਲਕ ਰੂਟ ਨੇ ਦੋਵਾਂ ਖਿੱਤਿਆਂ ਦੇ ਆਰਥਿਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ, 15ਵੀਂ ਸਦੀ ਤੋਂ ਬਾਅਦ ਰਾਜਨੀਤਿਕ ਅਸਥਿਰਤਾ, ਨਵੇਂ ਦੇਸ਼ਾਂ ਦੇ ਗਠਨ ਅਤੇ ਸਿਲਕ ਰੂਟ ਦੇ ਖੇਤਰਾਂ ਵਿੱਚ ਟਕਰਾਅ ਨੇ ਇਸ ਰਸਤੇ ਨੂੰ ਵਪਾਰਕ ਉਦੇਸ਼ਾਂ ਲਈ ਅਸੁਰੱਖਿਅਤ ਬਣਾ ਦਿੱਤਾ।ਮੱਧ ਏਸ਼ੀਆ ਦੀ ਰਣਨੀਤਕ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ, ਪ੍ਰੋ. ਬਾਵਾ ਨੇ ਦੱਸਿਆ ਕਿ ਇਸ ਖੇਤਰ ਵਿੱਚ ਇਸ ਸਮੇਂ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਕਿਰਗਿਸਤਾਨ ਸਮੇਤ ਪੰਜ ਮੱਧ ਏਸ਼ੀਆਈ ਦੇਸ਼ ਸ਼ਾਮਲ ਹਨ। ਉਨ੍ਹਾਂ ਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਰਾਹੀਂ ਮੱਧ ਏਸ਼ੀਆ ਵਿੱਚ ਚੀਨ ਦੀ ਵਧ ਰਹੀ ਮੌਜੂਦਗੀ ਬਾਰੇ ਚਰਚਾ ਕੀਤੀ ਅਤੇ ਖੇਤਰ ਵਿੱਚ ਚੀਨ ਦੀ ਸ਼ਮੂਲੀਅਤ ਦੇ ਆਰਥਿਕ, ਸਿਆਸੀ ਅਤੇ ਸੁਰੱਖਿਆ ਪਹਿਲੂਆਂ ਤੇ ਚਾਨਣਾ ਪਾਇਆ।ਇਸ ਦੇ ਨਾਲ ਹੀ ਪ੍ਰੋ. ਬਾਵਾ ਨੇ ਭਾਰਤ ਵੱਲੋਂ ਮੱਧ ਏਸ਼ੀਆਈ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਨੇ ਮੱਧ ਏਸ਼ੀਆ ਵਿੱਚ ਚੀਨ ਦੀਆਂ ਗਤੀਵਿਧੀਆਂ ਦੀ ਕਰੜੀ ਨਿਗਰਾਨੀ ਦੀ ਲੋੜ ਅਤੇ ਖੇਤਰ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਭਾਰਤ ਵੱਲੋਂ ਢੁਕਵੇਂ ਕਦਮ ਚੁੱਕਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ ਦੀ ਡੀਨ ਡਾ. ਨਿਸ਼ਠਾ ਕੌਸ਼ਿਕੀ ਨੇ ਪ੍ਰੋ. ਬਾਵਾ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਡਾ. ਬਾਵਾ ਸਿੰਘ, ਡਾ. ਵਿਪਨ ਪਾਲ ਸਿੰਘ, ਡਾ. ਮਨਭੰਜਨ ਮੇਹਰ, ਡਾ. ਸੰਦੀਪ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
Share the post "ਕੇਂਦਰੀ ਯੂਨੀਵਰਸਿਟੀ ਵਿਖੇ ‘ਮੱਧ ਏਸ਼ੀਆ ਵਿੱਚ ਚੀਨ ਦੀ ਰਣਨੀਤਕ ਪਹੁੰਚ: ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਆਯੋਜਿਤ"