ਕੇਂਦਰ ਸਰਕਾਰ ਕੁਦਰਤੀ ਆਫ਼ਤ ਦੀ ਮਾਰ ਦਾ ਬੋਝ ਕਿਸਾਨਾਂ ਤੇ ਪਾਉਣ ਦੀ ਬਜਾਏ ਖੁਦ ਝੱਲੇ – ਰਾਮਾ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਦੋ ਹਫ਼ਤੇ ਪਹਿਲਾਂ ਹੋਈ ਭਾਰੀ ਬਾਰਸ਼, ਝੱਖੜ-ਝੋਲੇ ਅਤੇ ਗੜੇਮਾਰੀ ਕਾਰਨ ਪੰਜਾਬ ਵਿੱਚ ਕਣਕ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਨੂੰ ਦੇਖਦਿਆਂ ਕੇਂਦਰ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਮੇਂ ਰੇਟ ’ਚ ਕਟੌਤੀ ਨਾਲ ਦਿੱਤੀਆਂ ਰਿਆਇਤਾਂ ਦਾ ਕਿਸਾਨ ਜਥੈਬੰਦੀਆਂ ਨੇ ਵਿਰੋਧ ਕੀਤਾ ਹੈ। ਇੱਥੇ ਜਾਰੀ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਜਿੱਥੇ ਕਿਸਾਨ ਕਣਕ ਦੀ ਫਸਲ ’ਤੇ ਪਈ ਕੁਦਰਤੀ ਆਫ਼ਤ ਦੀ ਮਾਰ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜੇ ਦੀ ਮੰਗ ਕਰ ਰਹੇ ਸਨ, ਓੱਥੇ ਹੀ ਕੇਂਦਰ ਸਰਕਾਰ ਨੇ ਮੁਆਵਜ਼ਾ ਦੇਣ ਦੀ ਬਜਾਏ ਉਲਟਾ ਕਣਕ ਖਰੀਦ ਚ ਸ਼ਰਤਾਂ ਲਗਾ ਕੇ ਘੱਟੋ ਘੱਟ ਸਮਰਥਨ ਮੁੱਲ ਵਿਚ ਕਟੌਤੀ ਕਰ ਦਿੱਤੀ। ਕਿਸਾਨ ਆਗੂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਖਰੀਦ ਵਿੱਚ ਸ਼ਰਤਾਂ ਲਗਾਈਆਂ ਹਨ, ਜਿਸਦੇ ਨਾਲ ਪਹਿਲਾਂ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਕਿਸਾਨਾਂ ਉਪਰ ਵੱਡਾ ਬੋਝ ਪਏਗਾ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਲਗਾਈਆਂ ਬੇਲੋੜੀਆਂ ਕਣਕ ਖਰੀਦ ਸਬੰਧੀ ਸ਼ਰਤਾਂ ਨੂੰ ਤੁਰੰਤ ਹਟਾਇਆ ਜਾਵੇ, ਕੁਦਰਤੀ ਆਫ਼ਤ ਦੀ ਮਾਰ ਦਾ ਬੋਝ ਕਿਸਾਨਾਂ ਉਪਰ ਨਾ ਪਾਇਆ ਜਾਵੇ ਤੇ ਇਸਨੂੰ ਕੇਂਦਰ ਸਰਕਾਰ ਖੁਦ ਝੱਲੇ। ਰਾਮਾ ਨੇ ਕਿਹਾ ਕਿ ਕੁਦਰਤੀ ਆਫਤਾਂ ਨਾਲ ਹੁੰਦੇ ਫਸਲਾਂ ਦੇ ਨੁਕਸਾਨ ਦਾ ਮੁਆਵਜੇ ਦਾ ਪ੍ਰਬੰਧ ਕੇਂਦਰ ਅਤੇ ਪੰਜਾਬ ਸਰਕਾਰ ਬਜਟ ਵਿੱਚ ਵੱਖਰਾ ਰੱਖੇ ਤਾਂ ਜੋ ਹੋਏ ਨੁਕਸਾਨ ਦੀ ਭਰਪਾਈ ਸਮੇਂ ਸਿਰ ਹੋ ਸਕੇ।
Share the post "ਕੇਂਦਰ ਸਰਕਾਰ ਵੱਲੋਂ ਕਣਕ ਖਰੀਦ ਚ ਰੇਟ ਦੀ ਕਟੌਤੀ ਦੇ ਫ਼ੈਸਲੇ ਵਿਰੁਧ ਡਟੇ ਕਿਸਾਨ ਆਗੂ"