ਜੈਜੀਤ ਜੌਹਲ ਵਲੋਂ ਕੇਜ਼ਰੀਵਾਲ ’ਤੇ ਮਾਣਹਾਣੀ ਦਾ ਕੇਸ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਮਾਲਵਾ ਪੱਟੀ ਤੇ ਖ਼ਾਸਕਰ ਬਠਿੰਡਾ ’ਚ ‘ਫੁੱਟਬਾਲ’ ਦੀ ਤਰ੍ਹਾਂ ਅਪਣਿਆਂ ਤੇ ਸਿਆਸੀ ਵਿਰੋਧੀਆਂ ਦਾ ਨਿਸ਼ਾਨਾ ਬਣਦੇ ਆ ਰਹੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ਼ ਜੋ ਜੋ ਉਪਰ ਅੱਜ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਵੀ ਵੱਡੇ ਦੋਸ਼ ਲਗਾਏ ਹਨ। ਸਥਾਨਕ ਇੱਕ ਪੈਲੇਸ ’ਚ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਕੇਜ਼ਰੀਵਾਲ ਨੇ ਜੈਜੀਤ ਸਿੰਘ ਜੌਹਲ ਉਪਰ ਅਸਿੱਧੇ ਢੰਗ ਨਾਲ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ‘‘ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਬਠਿੰਡਾ ’ਚ ਜੋਜੋ ਟੈਕਸ ਲੱਗ ਰਿਹਾ। ਵਪਾਰੀ ਡਰਿਆ ਹੋਇਆ, ਚਾਰ ਕਤਲ ਹੋ ਚੁੱਕੇ ਹਨ। ’’ ਕੇਜਰੀਵਾਲ ਮੁਤਾਬਕ ਅਜਿਹੇ ਮਾਹੌਲ ਵਿਚ ਵਪਾਰੀ ਤੇ ਵਪਾਰ ਪ੍ਰਫੁੱਲਤ ਨਹੀਂ ਹੋ ਸਕਦਾ ਜਿਸਦੇ ਚੱਲਦੇ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਹਰ ਵਪਾਰੀ ਦੀ ਸੁਰੱਖਿਆ ਸਰਕਾਰ ਦੀ ਹੋਵੇਗੀ ਅਤੇ ਵਪਾਰੀਆਂ ਨੂੰ ਡਰਨ ਦੀ ਜਰੂਰਤ ਨਹੀਂ ਹੋਵੇਗੀ। ਉਧਰ ਕੇਜ਼ਰੀਵਾਲ ਦੇ ਇਸ ਬਿਆਨ ਦੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਜੌਹਲ ਨੇ ਵੀ ਧਮਾਕਾ ਕਰਦਿਆਂ ਐਲਾਨ ਕੀਤਾ ਕਿ ਉਹ ਅਗਲੇ ਦੋ ਦਿਨਾਂ ਵਿਚ ਅਰਵਿੰਦ ਕੇਜ਼ਰੀਵਾਲ ਵਿਰੁਧ ਮਾਣਹਾਣੀ ਦਾ ਕੇਸ ਕਰਨਗੇ। ਜੌਹਲ ਨੇ ਇਹ ਵੀ ਦਾਅਵਾ ਕੀਤਾ ਕਿ ਕੇਜ਼ਰੀਵਾਲ ਇੱਕ ਕਮਜੌਰ ਤੇ ਮੁਆਫ਼ੀ ਮੰਗਣ ਵਾਲਾ ਵਿਅਕਤੀ ਹੈ ਪ੍ਰੰਤੂ ਉਹ ਮੁਆਫ਼ੀ ਸਵੀਕਾਰ ਨਹੀਂ ਕਰਨਗੇ। ਅਜਿਹਾ ਕਹਿ ਕੇ ਉਨ੍ਹਾਂ ਅਸਿੱਧੇ ਢੰਗ ਨਾਲ ਕੇਜ਼ਰੀਵਾਲ ਵਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਕੋਲੋ ਮੁਆਫ਼ੀ ਮੰਗਣ ਦਾ ਜਿਕਰ ਕੀਤਾ ਹੈ। ਦਸਣਾ ਬਣਦਾ ਹੈ ਕਿ ਨਸ਼ਿਆਂ ਦੇ ਮਾਮਲੇ ਵਿਚ ਬਿਕਰਮ ਸਿੰਘ ਮਜੀਠਿਆ ਨੂੰ ਘਸੀੜਣ ਦੇ ਚੱਲਦਿਆਂ ਉਨ੍ਹਾਂ ਕੇਜ਼ਰੀਵਾਲ ਤੇ ਹੋਰਨਾਂ ਵਿਰੁਧ ਮਾਣਹਾਣੀ ਦਾ ਕੇਸ ਕੀਤਾ ਸੀੇ। ਜੌਹਲ ਨੇ ਅਪਣਾ ਟਵੀਟ ਆਲ ਇੰਡੀਆ ਕਾਂਗਰਸ, ਨਵਜੋਤ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਟੈਗ ਕੀਤਾ ਹੈ।
Share the post "ਕੇਜ਼ਰੀਵਾਲ ਨੇ ਵਿਤ ਮੰਤਰੀ ਦੇ ਰਿਸ਼ਤੇਦਾਰ ’ਤੇ ‘ਗੁੰਡਾ ਟੈਕਸ’’ ਵਸੂਲਣ ਦਾ ਲਗਾਇਆ ਦੋਸ਼"