ਚੰਡੀਗੜ੍ਹ ‘ਚ ਰਿਹਾਇਸ਼ ’ਤੇ ਤਿੰਨ ਘੰਟੇ ਵੱਡੇ ਬਾਦਲ ਨੂੰ ਕੀਤੇ ਸਵਾਲ-ਜਵਾਬ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਕਤੂਬਰ: ਸੱਤ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਤੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਜਤਾ ਰਹੇ ਸਿੱਖਾਂ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਬਾਦਲ ਪ੍ਰਵਾਰ ਮੁੜ ਸਵਾਲਾਂ ਦੇ ਘੇਰੇ ਵਿਚ ਹੈ। ਇਸ ਮਾਮਲੇ ’ਚ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸੇਸ ਜਾਂਚ ਟੀਮ (ਐੱਸਆਈਟੀ) ਵਲੋਂ ਬੁੱਧਵਾਰ ਨੂੰ ਮੁੜ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਕੋਲੋ ਕਰੀਬ ਤਿੰਨ ਘੰਟੇ ਡੂੰਘਾਈ ਨਾਲ ਪੁਛਪੜਤਾਲ ਕੀਤੀ ਗਈ। ਉਮਰ ਦੇ 9 ਦਹਾਕਿਆਂ ਨੂੰ ਹੰਢਾ ਚੁੱਕੇ ਸ: ਬਾਦਲ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਸਾਰੀ ਉਮਰ ਪੰਥਕ ਮੁੱਦਿਆਂ ’ਤੇ ਸਿਆਸਤ ਕਰਦੇ ਆ ਰਹੇ ਬਾਦਲ ਪ੍ਰਵਾਰ ਨੂੰ ਇਸ ਪੰਥਕ ਮਾਮਲੇ ’ਚ ਇਸ ਤਰ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਏਗਾ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਹੀ ਇਹ ਜਾਂਚ ਟੀਮ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ 14 ਸਤੰਬਰ ਨੂੰ ਪੁਛਗਿਛ ਲਈ ਸੱਦ ਚੁੱਕੀ ਹੈ। ਸੂਤਰਾਂ ਮੁਤਾਬਕ ਟੀਮ ਨੇ ਕਰੀਬ ਤਿੰਨ ਘੰਟੇ ਸਾਬਕਾ ਮੁੱਖ ਮੰਤਰੀ ਤੋਂ ਉਨ੍ਹਾਂ ਦੀ ਸੈਕਟਰ 9 ਸਥਿਤ ਰਿਹਾਇਸ ਵਿਖੇ ਦਰਜ਼ਨਾਂ ਸਵਾਲ-ਜਵਾਬ ਕੀਤੇ। ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਇਸ ਟੀਮ ਨੇ 2015 ’ਚ ਸ: ਬਾਦਲ ਕੋਲੋ ਉਨ੍ਹਾਂ ਦੀ ਸਰਕਾਰ ਦੌਰਾਨ ਸਿੱਖਾਂ ’ਤੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ’ਚ ਗੋਲੀਬਾਰੀ ਦੇ ਹੁਕਮਾਂ ਸਬੰਧੀ ਜਾਣਕਾਰੀ ਲਈ। ਸੂਤਰਾਂ ਮੁਤਾਬਕ ਸਿਆਸਤ ਦੀ ਖੇਡ ’ਤੇ ਮਾਹਰ ਖਿਲਾੜੀ ਮੰਨੇ ਜਾਂਦੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਜਿਆਦਾਤਰ ਸਵਾਲਾਂ ਦੇ ਜਵਾਬ ’ਚ ਗੇਂਦ ਜਾਂਚ ਟੀਮ ਦੇ ਪਾਲੇ ’ਚ ਸੁੱਟਦਿਆਂ ਕਿਹਾ ਕਿ ‘‘ ਉਹ ਖ਼ੁਦ ਆਪ ਚਾਹੁੰਦੇ ਹਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਜਾ ਮਿਲੇ ਤੇ ਸਾਰਾ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਆਵੇ। ’’ ਉਜ ਪਤਾ ਚੱਲਿਆ ਹੈ ਕਿ ਉਨ੍ਹਾਂ ਪੂਰੇ ਠਰੰਮੇ ਨਾਲ ਸਿੱਟ ਦੇ ਸਾਰੇ ਸਵਾਲ ਦੇ ਜਵਾਬ ਦਿੱਤੇ। ਹਾਲਾਂਕਿ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਾਂਚ ਟੀਮ ਆਉਣ ਵਾਲੇ ਸਮੇਂ ’ਚ ਮੁੜ ਬਾਦਲ ਪ੍ਰਵਾਰ ਕੋਲੋ ਪੁਛਗਿਛ ਕਰ ਸਕਦੀ ਹੈ। ਇੱਥੇ ਦਸਣਾ ਬਣਦਾ ਹੈ ਕਿ 14 ਅਕਤੂਬਰ 2015 ੂਵਾਪਰੇ ਇਸ ਗੋਲੀ ਕਾਂਡ ’ਚ ਦੋ ਸਿੱਖਾਂ ਦੀ ਮੌਤ ਹੋ ਗਈ ਸੀ ਅਤੇ ਦਰਜ਼ਨਾਂ ਦੀ ਤਾਦਾਦ ਵਿਚ ਜਖ਼ਮੀ ਹੋ ਗਏ ਸਨ। ਜਿਸਤੋਂ ਬਾਅਦ ਪੂਰੇ ਪੰਜਾਬ ’ਚ ਬਾਦਲ ਸਰਕਾਰ ਵਿਰੁਧ ਰੋਹ ਭੜਕ ਉਠਿਆ ਸੀ। ਇਸ ਕਾਂਡ ਦਾ ਮੁੱਖ ਕਾਰਨ ਸ਼੍ਰੋਮਣੀ ਅਕਾਲੀ ਦਲ ਵਲੋਂ ਡੇਰਾ ਸਿਰਸਾ ਦੇ ਮੁਖੀ ਨਾਲ ਕਥਿਤ ਸਾਂਢ-ਗਾਂਢ ਦੱਸੀ ਜਾ ਰਹੀ ਸੀ, ਜਿਸਦੀ ਫ਼ਿਲਮ ਪੰਜਾਬ ਵਿਚ ਚਲਾਉਣ ਦੀ ਵੀ ਇਜਾਜਤ ਦੇਣ ਤੋਂ ਇਲਾਵਾ ਉਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀਨਾਮਾ ਵੀ ਦਿਵਾਇਆ ਗਿਆ ਸੀ।
Share the post "ਕੋਟਕਪੂਰਾ ਗੋਲੀ ਕਾਂਡ ’ਚ ਵਿਸੇਸ ਜਾਂਚ ਟੀਮ ਵਲੋਂ ਮੁੜ ਪ੍ਰਕਾਸ਼ ਸਿੰਘ ਬਾਦਲ ਕੋਲੋ ਪੁਛਗਿਛ"