ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਅੱਜ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਕਚੁਅਲ ਵਰਕਰ ਯੂਨੀਅਨ ਪੰਜਾਬ ਵਲੋਂ ਸਬ ਡਿਵੀਜ਼ਨ ਸੰਗਤ ਵਿਖੇ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ ਅਤੇ ਸੰਗਤ ਮੰਡੀ ਵਿਚ ਮਾਰਚ ਕੀਤਾ ਗਿਆ। ਪ੍ਰਧਾਨ ਦਿਨੇਸ਼ ਕੁਮਾਰ ਅਤੇ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਵੇਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਅਧੀਕਾਰੀ ਸਮੂਹ ਆਊਟਸੋਰਸਡ ਮੁਲਾਜ਼ਮਾਂ ਨਾਲ ਇਕਸਾਰ ਕਾਨੂੰਨੀ ਵਿਹਾਰ ਦੇ ਦਾਅਵੇ ਕਰਦੇ ਹਨ ਪਰ ਅਸਲ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਆਪ ਬਣਾਏ ਕਾਨੂੰਨ ਨੂੰ ਵੀ ਪੈਰਾਂ ਹੇਠ ਦਰੜਨ ਤੋਂ ਵੀ ਗੁਰੇਜ਼ ਨਹੀਂ ਕਰਦੇ।ਇਸ ਦੀ ਇਕ ਉਦਾਹਰਣ ਪੇਸ਼ ਕਰਦੇਂ ਹੋਏ ਆਗੂਆਂ ਵੱਲੋਂ ਦੱਸਿਆ ਗਿਆ ਕਿ ਕਾਨੂੰਨ ਮੁਤਾਬਿਕ ਬਿਜਲੀ ਖੇਤਰ ਵਿਚ ਤੈਨਾਤ ਹਰ ਉਹ ਕਰਮਚਾਰੀ ਜਿਹੜਾ ਸੇਵਾ ਦੋਰਾਨ ਫ਼ੀਲਡ ਵਿਚ ਆਪਣੇ ਵਹੀਕਲਜ਼ ਦੀ ਵਰਤੋਂ ਕਰਦਾ ਹੈ, ਉਹ ਵਹੀਕਲ ਅਲਾਉਂਸ ਅਤੇ ਤੇਲ ਭੱਤੇ ਦਾ ਹੱਕਦਾਰ ਹੈ।ਪਰ ਸੱਚ ਇਹ ਹੈ ਕਿ ਆਊਟਸੋਰਸਡ ਮੁਲਾਜ਼ਮਾਂ ਦਾ ਇੱਕ ਹਿੱਸਾ ਜਿਹੜਾ ਇਸ ਕੰਮ ਤੇ ਤੈਨਾਤ ਹੈ ਉਸਨੂੰ ਇਨ੍ਹਾਂ ਭੱਤਿਆਂ ਦੀ ਅਦਾਇਗੀ ਹੋ ਰਹੀ ਹੈ ਜਦਕਿ ਪੈਸਕੋ ਕੰਪਣੀ ਵੱਲੋ ਭਰਤੀ ਮੁਲਾਜ਼ਮਾਂ ਪਾਸੋਂ ਬਰਾਬਰ ਕੰਮ ਲੈਣ ਦੇ ਬਾਵਜੂਦ ਇਨ੍ਹਾਂ ਭੱਤਿਆਂ ਦੀ ਅਦਾਇਗੀ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਇਨ੍ਹਾਂ ਨਿਗੁਣੀਆਂ ਤਨਖਾਹਾਂ ਤੇ ਸੇਵਾ ਕਰਦੇ ਇਨ੍ਹਾਂ ਕਾਮਿਆਂ ਦੀ ਨੰਗੇ ਚਿੱਟੇ ਰੂਪ ਵਿਚ ਲੁੱਟ ਜਾਰੀ ਰੱਖੀ ਜਾ ਰਹੀ ਹੈ। ਇਵੇਂ ਹੀ ਟੈਕਨੀਕਲ ਅਲਾਊਂਸ, ਰਿਸਕ ਅਲਾਊਂਸ, ਸ਼ਿਫਟ ਅਲਾਊਂਸ,ਡਿਊਟੀ ਅਲਾਊਂਸ, ਪ੍ਰੋਜੈਕਟ ਅਲਾਊਂਸ, ਆਦਿ ਦੇ ਰੂਪ ਵਿੱਚ ਜਾਰੀ ਹੈ। ਜਿਸ ਦਾ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਵਿਰੋਧ ਕਰਦੇ ਆ ਰਹੇ ਹਨ ਪਰ ਮੈਨੇਜਮੈਂਟ ਨੇ ਝੂਠੇ ਲਾਰਿਆਂ ਨਾਲ ਹੀ ਹਮੇਸ਼ਾ ਡੰਗ ਟਪਾਊ ਰੁਖ਼ ਜਾਰੀ ਰਖਿਆ ਹੈ। ਸਬ ਡਵੀਜ਼ਨ ਵਿਚ ਰੈਲੀਆਂ ਕਰਨ ਉਪਰੰਤ ਉਪ ਮੰਡਲ ਅਫਸਰ ਨੂੰ ਆਪਣੇ ਮੰਗ ਪੱਤਰ ਨੂੰ ਪਾਵਰਕੌਮ ਦੀ ਮੈਨੇਜਮੈਂਟ ਨੂੰ ਭੇਜਣ ਅਤੇ ਭੱਤਿਆਂ ਦੀ ਵਾਜਬੀਅਤ ਲਈ ਸਿਫਾਰਸ਼ ਭੇਜਣ ਦੀ ਅਪੀਲ ਕੀਤੀ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਮੈਨੇਜਮੈਂਟ ਨੂੰ ਤਿੱਖਾ ਸੰਘਰਸ਼ ਕਰਨ ਦੀ ਸੁਣਾਉਣੀ ਕੀਤੀ ਗਈ। ਇਸ ਸਮੇਂ ਸੀ.ਐਚ.ਬੀ ਤੋਂ ਹਰਦੀਪ ਸਿੰਘ ਲੱਡੂ, ਗੁਰਪ੍ਰੀਤ ਸਿੰਘ,ਬਲਦੇਵ ਸਿੰਘ ਡਵੀਜ਼ਨ ਪ੍ਰਧਾਨ, ਟੈਕਨੀਕਲ ਸਰਵਿਸ ਯੂਨੀਅਨ ਤੋ ਸਰਕਲ ਪ੍ਰਧਾਨ ਚੰਦਰ ਪ੍ਰਕਾਸ਼, ਵੇਰਕਾ ਮਿਲਕ ਪਲਾਂਟ ਤੋਂ ਜਸਵੀਰ ਸਿੰਘ, ਨੋਜਵਾਨ ਭਾਰਤ ਸਭ ਤੋਂ ਗੋਰਾ ਸਿੰਘ ਹਾਜ਼ਰ ਸਨ
Share the post "ਕੱਚੇ ਕਾਮਿਆਂ ਨੇ ਪਾਵਰਕੌਮ ਅਤੇ ਟਰਾਸਕੋ ਦੀ ਮੈਨੇਜਮੈਂਟ ਅਤੇ ਸੰਗਤ ਉਪ ਮੰਡਲ ਅਫ਼ਸਰ ਦੇ ਖਿਲਾਫ ਰੋਸ ਰੈਲੀ ਕੀਤੀ"