ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਸਥਾਨਕ ਸ਼ਹਿਰ ਦੀ ਇਤਿਹਾਸਕ ਤੇ ਪੁਰਾਤਨ ਸੰਸਥਾ ਖ਼ਾਲਸਾ ਦੀਵਾਨ ਸ਼੍ਰੀ ਸਿੰਘ ਸਭਾ ਇੱਕ ਵਾਰ ਮੁੜ ਸੁਰਖੀਆਂ ਵਿਚ ਆ ਗਈ ਹੈ। ਸੰਸਥਾ ਅਧੀਨ ਚੱਲ ਰਹੇ ਖ਼ਾਲਸਾ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅੱਜ ਮੈਨੇਜਮੈਂਟ ਵਿਰੁਧ ਮੋਰਚਾ ਖੋਲਦਿਆਂ ਕਲਾਸਾਂ ਦਾ ਬਾਈਕਾਟ ਕਰ ਦਿੱਤਾ। ਇਸ ਦੌਰਾਨ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਇੰਨ੍ਹਾਂ ਵਿਦਿਆਰਥਣਾਂ ਨੇ ਮੈਨੇਜਮੈਂਟ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਉਨ੍ਹਾਂ ਕਾਲਜ ਕਮੇਟੀ ਦਾ ਪ੍ਰਧਾਨ ਬਦਲਣ ਦੀ ਮੰਗ ਰੱਖਦਿਆਂ ਦੋਸ਼ ਲਗਾਇਆ ਕਿ ਕਾਲਜ ਮੈਨੇਜਮੈਂਟ ਵੱਲੋਂ ਜਿੱਥੇ ਫੀਸਾਂ ਨੂੰ ਲੈ ਕੇ ਵਿਦਿਆਰਥਣਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਉਥੇ ਕਾਲਜ ਵਿਚ ਖਾਣ-ਪੀਣ ਲਈ ਕੰਟੀਨ ਹੈ ਅਤੇ ਨਾ ਹੀ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਪ੍ਰਬੰਧ ਹੈ। ਇਸਤੋਂ ਇਲਾਵਾ ਮਾੜੇ ਪ੍ਰਬੰਧਾਂ ਦਾ ਹਾਲ ਇਹ ਹੈ ਕਿ ਵਿਦਿਆਰਥਣਾਂ ਦੇ ਬਾਥਰੂਮ ’ਤੇ ਗੇਟ ਵੀ ਨਹੀਂ ਲਗਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਬੰਧਕੀ ਕਮੇਟੀ ਦੇ ਇਸ਼ਾਰੇ ’ਤੇ ਚੱਲਦੇ ਸੈਸ਼ਨ ਵਿਚਕਾਰੋਂ ਹੀ ਪ੍ਰੋਫੈਸਰਾਂ ਨੂੰ ਹਟਾ ਦਿੱਤਾ ਜਾਂਦਾ ਜਿਸ ਕਾਰਨ ਪੜ੍ਹਾਈ ਦਾ ਵੀ ਬੁਰਾ ਹਾਲ ਹੈ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਕਿ ਵਿਦਿਆਰਥਣਾਂ ਦੇ ਧਰਨੇ ਦੀ ਹਿਮਾਇਤ ਕਾਲਜ ਦੀ ਪਿ੍ਰੰਸੀਪਲ ਨੀਲਮ ਬਾਂਸਲ ਅਤੇ ਹੋਰਨਾਂ ਸਟਾਫ਼ ਵਲੋਂ ਵੀ ਕੀਤੀ ਗਈ। ਉਧਰ ਇਸ ਮਾਮਲੇ ’ਤੇ ਪੱਖ ਰੱਖਦਿਆਂ ਖਾਲਸਾ ਦੀਵਾਨ ਸ਼੍ਰੀ ਸਿੰਘ ਸਭਾ ਦੇ ਪ੍ਰਧਾਨ ਵਰਿੰਦਰ ਸਿੰਘ ਬੱਲਾਂ ਨੇ ਦਾਅਵਾ ਕੀਤਾ ਕਿ ਵਿਦਿਆਰਥਣਾਂ ਨੂੰ ਹੱਲਾਸ਼ੇਰੀ ਦੇ ਕੇ ਇਹ ਧਰਨਾ ਕਾਲਜ ਦੀ ਪਿ੍ਰੰਸੀਪਲ ਨੀਲਮ ਬਾਂਸਲ ਵੱਲੋਂ ਲਗਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿਚ ਵਿਦਿਆਰਥਣਾਂ ਨੂੰ ਸਾਰੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।