ਚੋਣਾਂ ਕਰਵਾਉਣ ਦੀ ਵਿੱਢੀ ਤਿਆਰੀ, ਕੈਬਨਿਟ ਵਿਚ ਆਰਡੀਨੈਂਸ ਲਿਆਉਣ ਨੂੰ ਦਿੱਤੀ ਮੰਨਜੂਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਅਕਤੂਬਰ – ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਹਰਿਆਣਾ ’ਚ ਅਲੱਗ ਗੁਰਦੂਆਰਾ ਪ੍ਰਬੰਧਕ ਕਮੇਟੀ ਨੂੰ ਮੰਨਜੂਰੀ ਦੇਣ ਤੋਂ ਬਾਅਦ ਹੁਣ ਸੂਬਾ ਸਰਕਾਰ ਨੇ ਹਰਿਆਣਾ ਵਿਚ ਪੈਂਦਿਆਂ ਗੁਰਦੂਆਰਿਆਂ ਦੇ ਪ੍ਰਬੰਧਾਂ ਲਈ ਨਵੀਂ ਐਡਹਾਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਹੋਈ ਮੀਟਿੰਗ ਵਿਚ ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ) ਐਕਟ 2014 ਵਿਚ ਸੋਧ ਲਈ ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ)-2022 ਨਾਂਅ ਨਾਲ ਇਕ ਆਰਡੀਨੈਂਸ ਲਿਆਉਣ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਆਰਡੀਨੈਂਸ ਦੇ ਲਾਗੂ ਹੋਣ ਤੋਂ ਬਾਅਦ ਸਰਕਾਰ ਵਲੋਂ ਅਗਲੇ ਡੇਢ ਸਾਲ ਲਈ ਸੂਬੇ ਵਿਚ ਪੈਂਦੇ ਇਤਿਹਾਸਕ ਗੁਰਦੂਆਰਿਆਂ ਲਈ ਨਵੀਂ 41 ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਦੌਰਾਨ ਹੀ ਚੋਣਾਂ ਕਰਵਾਉਣ ਲਈ ਸਰਕਾਰ ਵਲੋਂ ਤਿਆਰੀ ਵਿੱਢੀ ਜਾਵੇਗੀ ਤੇ ਹਰਿਆਣਾ ਦੇ ਸਿੱਖਾਂ ਵਲੋਂ ਚੁਣੀ ਜਾਣ ਵਾਲੀ ਨਵੀਂ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਸ ਕਮੇਟੀ ਦੀ ਹੋਂਦ ਖ਼ਤਮ ਹੋ ਜਾਵੇਗੀ। ਇੱਥੇ ਦਸਣਾ ਬਣਦਾ ਹੈ ਕਿ ਹਰਿਆਣਾ ’ਚ ਭੁਪਿੰਦਰ ਸਿੰਘ ਹੱੂਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ ’ਚ ਵੱਖਰੀ ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ) ਐਕਟ, 2014 ਬਣਾਉਂਦਿਆਂ 14 ਜੁਲਾਈ, 2014 ਨੂੰ ਜਾਰੀ ਨੋਟੀਫਿਕੇਸ਼ਨ ਤਹਿਤ ਰਾਜ ਵਿਚ ਸਿੱਖ ਗੁਰੂਦੁਆਰਾ ਅਤੇ ਗੁਰੂਦੁਆਰਾ ਸੰਪਤੀਆਂ ਦੇ ਬਿਹਤਰ ਆਟੋਨੋਮਸ ਪ੍ਰਬੰਧਨ ਅਤੇ ਪ੍ਰਭਾਵਾਂ ਸੁਪਰਵਿਜਨ ਪ੍ਰਦਾਨ ਕਰਨ ਦੇ ਉਦੇਸ਼ ਨਾਲ 18 ਮਹੀਨਿਆਂ ਲਈ ਇੱਕ 41 ਮੈਂਬਰੀ ਐਡਹਾਕ ਕਮੇਟੀ ਬਣਾਈ ਗਈ ਸੀ। ਹਾਲਾਂਕਿ ਇਹ ਕਮੇਟੀ ਦੀ ਮਿਆਦ ਡੇਢ ਸਾਲ ਬਾਅਦ ਖ਼ਤਮ ਹੋ ਗਈ ਸੀ ਪ੍ਰੰਤੂ ਇਹ ਹੁਣ ਤੱਕ ਕੰਮ ਕਰਦੀ ਆ ਰਹੀ ਹੈ, ਜਿਸਦੇ ਪਹਿਲੇਂ ਪ੍ਰਧਾਨ ਜਥੇਦਾਰ ਝੀਂਡਾ ਸਨ ਪ੍ਰੰਤੁੂ ਬਾਅਦ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਇਹ ਜਿੰਮੇਵਾਰੀ ਸੋਂਪੀ ਗਈ ਸੀ। ਗੌਰਤਲਬ ਹੈ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅਧੀਨ ਪੂਰੇ ਹਰਿਆਣਾ ਵਿਚ 52 ਇਤਿਹਾਸਕ ਗੁਰਦੂਆਰਾ ਸਾਹਿਬ ਸਨ, ਜਿੰਨ੍ਹਾਂ ਦਾ ਪ੍ਰਬੰਧ ਦੇਖਿਆਂ ਜਾਂਦਾ ਸੀ ਪ੍ਰੰਤੂ 2014 ਵਿਚ ਹਰਿਆਣਾ ਸਰਕਾਰ ਵਲੋਂ ਵੱਖਰੀ ਕਮੇਟੀ ਹੋਂਦ ਵਿਚ ਆਉਣ ਤੋਂ ਬਾਅਦ ਸਿਰਫ਼ 4 ਗੁਰੂ ਘਰ ਹੀ ਉਸਦੇ ਪ੍ਰਬੰਧ ਹੇਠ ਆ ਸਕੇ ਸਨ ਤੇ ਹੁਣ ਵੀ ਹਰਿਆਣਾ ’ਚ 48 ਗੁਰੂ ਘਰਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ।
Share the post "ਖੱਟਰ ਸਰਕਾਰ ਵਲੋਂ ਹਰਿਆਣਾ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਬਣਾਉਣ ਦਾ ਐਲਾਨ"