ਸੁਖਜਿੰਦਰ ਮਾਨ
ਬਠਿੰਡਾ, 13 ਅਪ੍ਰੈਲ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਐਂਡ ਪਲੈਨਿੰਗ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਵਾਤਾਵਰਨ ਸਿੱਖਿਆ ਨੂੰ ਸਮਰਪਿਤ ਮਿਸ਼ਨ ਲਾਈਫ਼ ਤਹਿਤ ਪੇਂਟਿੰਗ, ਪੋਸਟਰ ਮੇਕਿੰਗ, ਮਾਡਲ ਮੇਕਿੰਗ ਅਤੇ ਪ੍ਰਦਰਸ਼ਨੀਆਂ ਦੇ ਮੁਕਾਬਲੇ ਆਯੋਜਿਤ ਕੀਤੇ ਗਏ । ਸਮਾਗਮ ਦਾ ਆਯੋਜਨ ਆਰਕੀਟੈਕਚਰ ਵਿਭਾਗ ਦੇ ਮੁਖੀ ਪ੍ਰੋ: ਭੁਪਿੰਦਰਪਾਲ ਸਿੰਘ ਢੋਟ ਦੀ ਅਗਵਾਈ ਹੇਠ ਕੀਤਾ ਗਿਆ। ਯੂਨੀਵਰਸਿਟੀ ਦੇ ਡੀਨ ਖੋਜ ਅਤੇ ਵਿਕਾਸ ਪ੍ਰੋ: ਆਸ਼ੀਸ਼ ਬਾਲਦੀ ਨੇ ਸਮਾਗਮ ਦਾ ਉਦਘਾਟਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਸੁਚੇਤ ਕਰਦਿਆਂ ਸੁਚੱਜੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਆਰਕੀਟੈਕਟ ਮੀਨੂੰ ਚੌਧਰੀ, ਆਰਕੀਟੈਕਟ ਜਸਲੀਨ ਕੌਰ ਅਤੇ ਪ੍ਰੋ: ਹਰਦਰਸ਼ਨ ਸਿੰਘ ਸੋਹਲ ਨੇ ਵੱਖ-ਵੱਖ ਮੁਕਾਬਲਿਆਂ ਦੀ ਸਾਰੀ ਵਿਉਂਤਬੰਦੀ ਅਤੇ ਪ੍ਰਬੰਧ ਕੀਤੇ ਗਏ। ਇਸ ਪ੍ਰੋਗਰਾਮ ਦਾ ਫੋਕਸ ‘ਵਾਤਾਵਰਣ ਲਈ ਜੀਵਨ ਸ਼ੈਲੀ’ ਸੀ। ਵਿਦਿਆਰਥੀਆਂ ਨੇ ਊਰਜਾ ਦੀ ਬੱਚਤ, ਪਾਣੀ ਦੀ ਬੱਚਤ, ਪਲਾਸਟਿਕ ਨੂੰ ਘਟਾਉਣਾ, ਟਿਕਾਊ ਭੋਜਨ ਪ੍ਰਣਾਲੀ, ਸਿਹਤਮੰਦ ਜੀਵਨ ਸ਼ੈਲੀ ਅਤੇ ਰਹਿੰਦ-ਖੂੰਹਦ ਨੂੰ ਘਟਾਉਣ ਵਰਗੇ ਦਿੱਤੇ ਵਿਸ਼ਿਆਂ ਨੂੰ ਦਰਸਾਉਂਦੇ ਹੋਏ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਉਦੈ ਕੁਮਾਰ, ਹਰਮਨਪ੍ਰੀਤ ਕੌਰ ਅਤੇ ਪੰਕਜ ਨੇ ਪਹਿਲਾ, ਦੂਜਾ ਅਤੇ ਤੀਜਾ ਇਨਾਮ ਹਾਸਿਲ ਕੀਤਾ। ਜਦੋਂ ਕਿ ਪੇਂਟਿੰਗ ਮੁਕਾਬਲੇ ਵਿੱਚ ਭਿੰਦਰ ਸਿੰਘ, ਕਰਨਦੀਪ ਕੌਰ ਅਤੇ ਜਯੋਤਿਲੀਨਾ ਦਾਸ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਤਰੁਨਪ੍ਰੀਤ ਸਿੰਘ, ਸ੍ਰਿਸ਼ਟੀ ਅਤੇ ਕਿਰਨ, ਸਾਹਿਲ ਅਤੇ ਸ਼ਰਫਰਾਜ਼ ਨੇ ਮਾਡਲ ਮੇਕਿੰਗ ਵਿੱਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ ਜਦੋਂਕਿ ਤਰੁਨਪ੍ਰੀਤ ਸਿੰਘ, ਸੁਮੰਤ ਅਤੇ ਅਕਸ਼ੈ ਕੁਮਾਰ, ਅੰਜਲੀ ਅਤੇ ਸਨੇਹਾ ਨੇ ਪ੍ਰਦਰਸ਼ਨੀ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ। ਡਾ: ਆਸ਼ੀਸ਼ ਬਾਲਦੀ ਅਤੇ ਡਾ: ਭੁਪਿੰਦਰਪਾਲ ਸਿੰਘ ਢੋਟ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
Share the post "ਗਿਆਨੀ ਜ਼ੈਲ ਸਿੰਘ ਸਕੂਲ ਵੱਲੋਂ ਮਿਸ਼ਨ ਲਾਈਫ ਤਹਿਤ ਪੇਂਟਿੰਗ, ਪੋਸਟਰ ਅਤੇ ਮਾਡਲ ਮੇਕਿੰਗ ਮੁਕਾਬਲੇ ਆਯੋਜਿਤ…"