ਜੀ.ਕੇ.ਯੂ ਬਣੀ ਆਲ ਇੰਡੀਆ ਕਬੱਡੀ ਚੈਂਪੀਅਨ
ਸੁਖਜਿੰਦਰ ਮਾਨ
ਬਠਿੰਡਾ, 29 ਮਈ: ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਯੁਵਾ ਤੇ ਖੇਡ ਵਿਭਾਗ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਖੇਲੋ ਇੰਡੀਆ ਖੇਡ ਮਹਾਂ-ਓਤਸਵ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਬੱਡੀ ਖਿਡਾਰੀਆਂ ਦੀ ਝੰਡੀ ਰਹੀ। ਇਸ ਬਾਰੇ ਜਾਣਕਾਰੀ ਦਿੰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਤੇ ਕੋਚ ਰਾਮ ਸਿੰਘ ਦੀ ਅਗਵਾਈ ਹੇਠ ਜੀ.ਕੇ.ਯੂ ਦੀ ਟੀਮ ਨੇ ਗੌਤਮ ਬੁੱਧ ਨਗਰ ਵਿਖੇ ਹੋਏ ਫਾਇਨਲ ਮੁਕਾਬਲੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੂੰ 44-36 ਦੇ ਫ਼ਰਕ ਨਾਲ ਹਰਾਇਆ। ਉਨ੍ਹਾਂ ’ਵਰਸਿਟੀ ਅਧਿਕਾਰੀਆਂ, ਕੋਚ ਅਤੇ ਖਿਡਾਰੀਆਂ ਨੂੰ ਵਧਾਈ ਸੰਦੇਸ਼ ਵਿੱਚ ਕਿਹਾ ਕਿ ਆਉਣ ਵਾਲਾ ਕੱਲ ਤੁਹਾਡਾ ਹੈ। ਉਨ੍ਹਾਂ ਖਿਡਾਰੀਆਂ ਦੇ ਉਜਵੱਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਉੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖਿਡਾਰੀਆਂ ਨੇ ਸਖ਼ਤ ਮਿਹਨਤ, ਉੱਤਮ ਕੋਚਿੰਗ, ਪੂਰਣ ਸਮਰਪਣ ਅਤੇ ’ਵਰਸਿਟੀ ਵੱਲੋਂ ਦਿੱਤੀਆਂ ਸੁਵਿਧਾਵਾਂ ਸਦਕਾ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਡਾਇਰੈਕਟਰ ਸਪੋਰਟਸ ਡਾ. ਸ਼ਰਮਾ ਨੇ ਦੱਸਿਆ ਕਿ ਫਾਇਨਲ ਮੁਕਾਬਲੇ ਵਿੱਚ ਵਰਸਿਟੀ ਦੇ ਖਿਡਾਰੀ ਰਿੰਕੂ ਸ਼ਰਮਾ ਨੂੰ ਬੈਸਟ ਸਟਾਪਰ ਤੇ ਹਿਮਾਂਸ਼ੂ ਨੂੰ ਬੈਸਟ ਰੇਡਰ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੀ ਏਸ਼ੀਆਈ ਤੇ ਓਲੰਪਿਕ ਖੇਡਾਂ ਵਿੱਚ ’ਵਰਸਿਟੀ ਦੇ ਕਈ ਖਿਡਾਰੀ ਭਾਰਤ ਦੀ ਨੁੰਮਾਇੰਦਗੀ ਕਰਨਗੇ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਸਿਰ ਸਜਿਆ ਖੇਲੋ ਇੰਡੀਆ ਕਬੱਡੀ ਦਾ ਤਾਜ"