ਸੁਖਜਿੰਦਰ ਮਾਨ
ਬਠਿੰਡਾ, 13 ਮਈ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੋਜ ਅਤੇ ਵਿਕਾਸ ਵਿਭਾਗ ਵੱਲੋਂ “ਗੁਣਵੱਤਾ ਪੂਰਣ ਖੋਜ ਵਾਤਾਵਰਣ ਬਣਾਉਣਾ: ਇੱਕ ਟਿਕਾਊ ਪਹੁੰਚ” ਵਿਸ਼ੇ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ. ਬਾਵਾ ਨੇ ਬਤੌਰ ਮੁੱਖ ਮਹਿਮਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਭਾਰਤ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਖੋਜ ਨੂੰ ਪਹਿਲ ਦੇ ਰਹੀ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੱਧਰ ਦੀ ਸਿੱਖਿਆ ਵਿੱਚ ਇੱਕ ਸਾਲ ਖੋਜ ਲਈ ਹੋਵੇਗਾ। ਉਹਨਾਂ ਦੱਸਿਆ ਕਿ ਖੋਜ ਨੂੰ ਹੁਲਾਰਾ ਦੇਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਇਲਾਕੇ ਦੀਆਂ 6 ਹੋਰ ਨਾਮਵਰ ਸਿੱਖਿਆ ਸੰਸਥਾਵਾਂ ਵੱਲੋਂ ਆਪਣੇ ਵਿਦਿਅਕ ਸਰੋਤਾਂ, ਪ੍ਰਯੋਗਸ਼ਾਲਾਵਾਂ, ਫੈਕਲਟੀ ਮੈਂਬਰਾਂ ਦੇ ਗਿਆਨ ਦੇ ਆਦਾਨ-ਪ੍ਰਦਾਨ ਲਈ ਕੰਸੋਰਟੀਅਮ ਦਾ ਗਠਨ ਕੀਤਾ ਗਿਆ ਹੈ। ਪ੍ਰੋ. ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਰਤਮਾਨ ਸਮੇਂ ਭਾਰਤ ਦੀ ਨੌਜਵਾਨ ਪੀੜ੍ਹੀ ਆਪਣੀਆਂ ਖੋਜਾਂ ਰਾਹੀਂ ਸੰਸਾਰ ਨੂੰ ਹੈਰਾਨ ਕਰ ਰਹੀ ਹੈ। ਇਸ ਮੌਕੇ ਪਹਿਲੇ ਸੈਸ਼ਨ ਦੇ ਕੁੰਜੀਵੱਤ ਬੁਲਾਰੇ ਡਾ. ਸੁਮਿੰਦਰ ਸਿੰਘ ਨੇ ਆਈ. ਆਈ.ਟੀ. ਦਿੱਲੀ ਵਿੱਚ ਖੋਜਾਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਖੋਜ ਪ੍ਰਸਤਾਵ ਦੀਆਂ ਪ੍ਰੀਕਿਰਿਆਵਾਂ ਵਾਰੇ ਚਾਨਣਾ ਪਾਇਆ। ਦੂਜੇ ਸੈਸ਼ਨ ਦੇ ਕੁੰਜੀਵੱਤ ਬੁਲਾਰੇ ਡੀਨ ਖੋਜ ਯੂਨੀਵਰਸਿਟੀ ਕਾਲਜ ਆੱਫ ਇੰਜੀਨਅਰਿੰਗ ਐਂਡ ਟੈਕਨੋਲੋਜੀ ਰੁੜਕੀ, ਡਾ. ਮੁਨੀਸ਼ ਸੇਠੀ ਨੇ ਵੱਖ-ਵੱਖ ਖੋਜ ਰਸਾਲਿਆਂ ਅਤੇ ਉਹਨਾਂ ਵੱਲੋਂ ਚੁਣੇ ਜਾਣ ਵਾਲੇ ਖੋਜ ਪੱਤਰਾਂ ਲਈ ਨਿਰਧਾਰਿਤ ਮਾਪਦੰਡਾ ਬਾਰੇ ਜਾਣਕਾਰੀ ਦਿੱਤੀ। ਡਾ. ਵਿਨੋਦ ਕੁਮਾਰ ਨੇ ਪੇਟੈਂਟ ਸਬੰਧੀ ਨੁਕਤੇ ਸਾਂਝੇ ਕੀਤੇ। ਡਾ. ਜੀਨੀਅਸ ਵਾਲੀਆ ਨੇ ਖੋਜ ਪ੍ਰਕਾਸ਼ਨ ਅਤੇ ਸਾਹਿਤਕ ਚੋਰੀ ਤੋਂ ਬਚਣ ਦੇ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ।ਮੰਚ ਸੰਚਾਲਕ ਡਾ. ਆਰ.ਕੇ ਗੁਪਤਾ ਨੇ ਖੋਜ ਖੇਤਰ ਤੇ ਖੋਜ ਪ੍ਰਕਾਸ਼ਨ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਪੂਰਨ ਪਾਲਣਾ ਕਰਨ ਦੀ ਹਾਜ਼ਰੀਨ ਨੂੰ ਸਲਾਹ ਦਿੱਤੀ। ਸੈਮੀਨਾਰ ਵਿੱਚ ਖੋਜਾਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੈਮੀਨਾਰ ਵਿੱਚ ਡਾ. ਸਤਨਾਮ ਸਿੰਘ ਜੱਸਲ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਤੇ ਲੱਗਭੱਗ 150 ਖੋਜਾਰਥੀਆਂ ਨੇ ਸ਼ਿਰਕਤ ਕੀਤੀ। ਡਾ. ਕੁਮੁਦ ਪਾਂਡੇ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਖੋਜਾਰਥੀਆਂ ਨੂੰ ਵਿਦਿਅਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਹਮੇਸ਼ਾ ਤੱਤਪਰ ਹੈ।
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸੈਮੀਨਾਰ ਆਯੋਜਿਤ
12 Views