ਬਠਿੰਡਾ, 25 ਸਤਬੰਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਨਰਮੇ ਦੀ ਫਸਲ ਵਾਸਤੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਐਲਾਲ ਕਰਨ ਅਤੇ ਉਹਨਾਂ ਦੱਸਿਆ ਕਿ ਸੂਬੇ ਦੀ ਮਾਲਵਾ ਪੱਟੀ ਵਿਚ ਲੱਖਾਂ ਏਕੜ ਜ਼ਮੀਨ ਵਿਚ ਫਸਲ ਤਬਾਹ ਹੋ ਗਈ ਹੈ। ਸਰਦਾਰ ਬਾਦਲ ਨੇ ਕਿਸਾਨਾਂ ਨੂੰ ਬੀ ਟੀ ਕਾਟਨ ਦੇ ਨਕਲੀ ਬੀਜ਼ ਸਪਲਾਈ ਕਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ।
ਉਹਨਾਂ ਇਹ ਵੀ ਮੰਗ ਕੀਤੀ ਕਿ ਖੇਤ ਮਜ਼ਦੂਰ ਜਿਹਨਾਂ ਦਾ ਜੀਵਨ ਨਿਰਬਾਹ ਨਰਮੇ ਦੀ ਫਸਲ ਤਬਾਹ ਹੋਣ ਕਾਰਨ ਪ੍ਰਭਾਵਤ ਹੋਵੇਗਾ, ਨੂੰ ਵੀ 15 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਪ੍ਰਭਾਵਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ਮੁਆਵਜ਼ੇ ਦਾ ਐਲਾਨ ਨਾ ਕੀਤਾ ਤਾਂ ਫਿਰ ਅਕਾਲੀ ਦਲ 3 ਅਕਤੂਬਰ ਨੂੰ ਬਠਿੰਡਾ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕਰੇਗਾ। ਉਹਨਾਂ ਨੇ ਕਿਸਾਨਾ ਨੂੰ ਇਹ ਵੀ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਾਰੇ ਕਿਸਾਨਾਂ ਵਾਸਤੇ ਸਾਰੀਆਂ ਫਸਲਾਂ ਦੇ ਬੀਮੇ ਦੀ ਸਕੀਮ ਸ਼ੁਰੂ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਬਠਿੰਡਾ ਦਿਹਾਤੀ, ਤਲਵੰਡੀ ਸਾਬੋ ਤੇ ਸਰਦੂਲਗੜ੍ਹ ਵਿਧਾਨ ਸਭਾ ਹਲਕਿਆਂ ਦੇ ਛੇ ਪਿੰਡਾਂ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਕਿਵੇਂ ਨਰਮੇ ਦੀ ਫਸਲ ਤਬਾਹ ਹੋ ਗਈ ਹੈ। ਉਹਨਾਂ ਨੇ ਆਪ ਟੀਂਡੇ ਤੋੜ ਕੇ ਚੈਕ ਕੀਤਾ ਕਿ ਕਿਵੇਂ ਗੁਲਾਬੀ ਸੁੰਡੀ ਨੇ ਸਾਰੀ ਫਸਲ ਹੀ ਬਰਬਾਦ ਕਰ ਦਿੱਤੀ ਹੈ।
ਸਰਦਾਰ ਬਾਦਲ ਨੇ ਚੱਕ ਰੁਲਦੂ ਸਿੰਘ ਵਾਲਾ, ਸੇਖੂ, ਜੱਜਲ, ਜਗਾ ਰਾਮ ਤੀਰਥ, ਝੰਡਾ ਖੁਰਦ ਅਤੇ ਝੰਡਾ ਕਲਾਂ ਵਿਖੇ ਪਿੰਡ ਵਾਲਿਆਂ ਨਾਲ ਆਪ ਗੱਲਬਾਤ ਕੀਤੀ। ਇਹਨਾਂ ਸਾਰਿਆਂ ਨੇ ਸਰਦਾਰ ਬਾਦਲ ਨੂੰ ਦੱਸਿਆ ਕਿ ਉਹਨਾਂ ਨੇ ਨਰਮੇ ਵਾਸਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਨਿਵੇਸ਼ ਕੀਤਾ ਹੈ ਜਦਕਿ ਇਹਨਾਂ ਵਿਚੋਂ ਬਹੁ ਗਿਣਤੀ ਨੇ ਵਿਆਜ਼ ’ਤੇ ਲੈ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਕੀਤਾ ਹੈ। ਪਿੰਡ ਵਾਲਿਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਜੇਕਰ ਉਹਨਾਂ ਦੇ ਨੁਕਸਾਨ ਲਈ ਉਹਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਫਿਰ ਉਹ ਅਗਲੀ ਫਸਲ ਬੀਜਣ ਦੀ ਸਥਿਤੀ ਵਿਚ ਨਹੀਂ ਹਨ। ਉਹਨਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਯੂਨੀਵਰਸਿਟੀ ਦਾ ਕੋਈ ਵੀ ਮਾਹਿਰ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਕੋਈ ਵੀ ਉਹਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਜਾਂ ਉਹਨਾਂ ਨੂੰ ਅੰਤਰਿਮ ਰਾਹਤ ਦੇਣ ਵਾਸਤੇ ਨਹੀਂ ਆਇਆ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਬੀ ਟੀ ਕਾਟਨ ਦੇ ਨਕਲੀ ਬੀਜ ਸਪਲਾਈ ਕਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਨਕਲੀ ਬੀ ਟੀ ਕਾਟਨ ਦੇ ਬੀਜ ਕਿਸਾਨਾਂ ਨੂੰ ਵੇਚੇ ਗਏ ਜੋ ਕਿ ਨਰਮੇ ਦੀ ਫਸਲ ਤਬਾਹ ਕਰਨ ਵਾਸਤੇ ਗੁਲਾਬੀ ਗੁੰਡੀ ਦੇ ਪਸਾਰ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਬੀਜ ਘੁਟਾਲੇ ਲਈ ਜ਼ਿੰਮੇਵਾਰ ਸਨ ਅਤੇ ਜੇਕਰ ਸਰਕਾਰ ਨੇ ਪਹਿਲਾਂ ਸਖ਼ਤੀ ਨਾਲ ਕਾਰਵਾਈ ਕੀਤੀ ਹੁੰਦੀ ਤਾਂ ਮੌਜੂਦਾ ਸੰਕਟ ਟਾਲਿਆ ਜਾ ਸਕਦਾ ਸੀ।
ਬਾਅਦ ਵਿਚ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਮੁਤਾਬਕ ਕੰਮ ਨਹੀਂ ਕੀਤਾ ਤੇ ਖਿੱਤੇ ਵਿਚ ਨਰਮੇ ਦੀ ਪ੍ਰੋਸੈਸਿੰਗ ਲਈ ਜ਼ੋਰ ਨਹੀਂ ਦਿੱਤਾ। ਉਹਨਾਂ ਕਿਹਾ ਕਿ ਸਿਰਫ ਇਸੇ ਸਦਕਾ ਹੀ ਕਿਸਾਨਾਂ ਨੂੰ ਵਾਜਬ ਭਾਅ ਮਿਲ ਸਕਦਾ ਸੀ ਤੇ ਕਿਸਾਨ ਕਰਜ਼ੇ ਦੇ ਜੰਜਾਲ ਤੋਂ ਮੁਕਤ ਹੋ ਸਕਦੇ ਸਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਵਿਚ ਗੈਰ ਕਾਂਗਰਸੀ ਤੇ ਗੈਰ ਭਾਜਪਾ ਸਰਕਾਰ ਸਮੇਂ ਦੀ ਜ਼ਰੂਰਤ ਹਨ ਅਤੇ ਅੱਜ ਦੀ ਜੀਂਦ ਰੈਲੀ ਇਸ ਦਿਸ਼ਾ ਵਿਚ ਇਸ਼ਾਰਾ ਹੈ। ਉਹਨਾਂ ਕਿਹਾ ਕਿ ਕੇਂਦਰੀ ਪਾਰਟੀਆਂ ਲੋਕਾਂ ਦੀਆਂ ਮੁਸ਼ਕਿਲਾਂ ਨਹੀਂ ਸਮਝ ਸਕ ਰਹੀਆਂ ਤੇ ਇਹ ਸਿਰਫ ਖੇਤਰੀ ਪਾਰਟੀਆਂ ਹਨ ਜੋ ਆਪੋ ਆਪਣੇ ਸੂਬੇ ਦੀਆਂ ਇੱਛਾਵਾਂ ਨੂੰ ਸਮਝ ਕੇ ਕੰਮ ਕਰ ਰਹੀਆਂ ਹਨ।
ਅਕਾਲੀ ਦਲ ਦੇ ਪ੍ਰਧਾਨ ਨਾਲ ਜੀਤ ਮਹਿੰਦਰ ਸਿੰਘ ਸਿੱਧੂ, ਬਲਕਾਰ ਸਿੰਘ, ਪ੍ਰਕਾਸ਼ ਸਿੰਘ ਭੱਟੀ, ਦਿਲਰਾਜ ਸਿੰਘ ਭੁੰਦੜ, ਡਾ. ਨਿਸ਼ਾਨ ਸਿੰਘ ਤੇ ਪ੍ਰੇਮ ਅਰੋੜਾ ਵੀ ਮੌਜੂਦ ਸਨ।
ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫਸਲ ਲਈ ਮੁੱਖ ਮੰਤਰੀ 50 ਹਜ਼ਾਰ ਰੁਪਏ ਏਕੜ ਮੁਆਵਜ਼ਾ ਦੇਣ : ਸੁਖਬੀਰ
8 Views
ਕਿਸਾਨਾਂ ਨੂੰ ਬੀ ਟੀ ਕਾਟਨ ਦੇ ਨਕਲੀ ਬੀਜ ਸਪਲਾਈ ਕਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ
ਖੇਤ ਮਜ਼ਦੂਰਾਂ ਲਈ ਵੀ 15000 ਰੁਪਏ ਮੁਆਵਜ਼ਾ ਮੰਗਿਆ
ਕਿਹਾ ਕਿ ਜੇਕਰ ਮੁਆਵਜ਼ਾ ਨਾ ਐਲਾਨਿਆ ਗਿਆ ਤਾਂ ਅਕਾਲੀ ਦਲ 3 ਅਕਤੂਬਰ ਨੁੰ ਬਠਿੰਡਾ ਵਿਚ ਵਿਸ਼ਾਲ ਰੋਸ ਮੁਜ਼ਾਹਰਾ ਕਰੇਗਾ
ਸੁਖਜਿੰਦਰ ਮਾਨ