ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਨਰਮੇ ਦੀ ਫਸਲ ਉਪਰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ ਪਾਖਰ ਸਿੰਘ ਦੇ ਦਿਸਾ ਨਿਰਦੇਸ ਅਧੀਨ ਖੇਤੀਬਾੜੀ ਅਫਸਰ ਬਲਾਕ ਬਠਿੰਡਾ ਡਾ ਜਗਦੀਸ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਵਿਰਕ ਕਲਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸਰਕਲ ਬੱਲੂਆਣਾ ਡਾ. ਲਵਪ੍ਰੀਤ ਕੌਰ ਨੇ ਸਭ ਤੋਂ ਪਹਿਲਾਂ ਕੈਂਪ ਵਿੱਚ ਆਏ ਹੋਏ ਕਿਸਾਨਾਂ ਦਾ ਸੁਆਗਤ ਕੀਤਾ ਗਿਆ ਅਤੇ ਹਾੜੀ ਦੀਆਂ ਮੁੱਖ ਫਸਲਾਂ ਕਣਕ ਅਤੇ ਸਰੋਂ ਵਿਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀਆਂ ਨਿਸਾਨੀਆਂ ਅਤੇ ਰੋਕਥਾਮ ਸਬੰਧੀ ਵਿਚਾਰ ਚਰਚਾ ਕੀਤੀ। ਕੈਂਪ ਦੌਰਾਨ ਉਨ੍ਹਾਂ ਕਿਸਾਨ ਭਰਾਵਾਂ ਨੂੰ ਗੁਲਾਬੀ ਸੁੰਡੀ ਦੀਆਂ ਨਿਸਾਨੀਆਂ ਅਤੇ ਰੋਕਥਾਮ ਬਾਰੇ ਦੱਸਿਆ। ਉਨ੍ਹਾਂ ਅੱਗੇ ਦੱਸਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ ਭਰਾ ਨਰਮੇ ਦੀ ਬਿਜਾਈ ਤੋਂ ਪਹਿਲਾਂ ਛਿਟੀਆਂ ਦੀ ਸਾਂਭ-ਸੰਭਾਲ ਜ਼ਰੂਰ ਕਰ ਲੈਣ ਕਿਉਂਕਿ ਇਨ੍ਹਾਂ ਛਿਟੀਆਂ ਦੇ ਢੇਰਾ ਵਿਚ ਗੁਲਾਬੀ ਸੁੰਡੀ ਸੁਸਤੀ ਦੀ ਹਾਲਤ ਪਈ ਰਹਿੰਦੀ ਹੈ। ਇਸ ਕੈਂਪ ਵਿੱਚ ਡਾ. ਰਮਨਦੀਪ ਕੌਰ ਏ.ਡੀ.ਓ (ਮਾਰਕਿਟਿੰਗ) ਨੇ ਕਿਸਾਨਾਂ ਨੂੰ ਫਸਲਾਂ ਦਾ ਸੁਚੱਜੇ ਢੰਗ ਨਾਲ ਮੰਡੀਕਰਨ ਅਤੇ ਐਗਮਾਰਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਕੈਂਪ ਵਿੱਚ ਸੋਸਾਇਟੀ ਪ੍ਰਧਾਨ ਸ. ਬਿੰਦਰ ਸਿੰਘ ਸਮੇਤ ਕਿਸਾਨ ਵੱਡੀ ਗਿਣਤੀ ਵਿਚ ਮੌਜੂਦ ਸਨ।
ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ
8 Views