ਡੀਜੀਪੀ ਗੌਰਵ ਯਾਦਵ ਨੇ ਚਾਰ ਪੁਲਿਸ ਰੇਂਜਾਂ ਦੇ ਆਪਣੇ ਖੇਤਰੀ ਦੌਰੇ ਦੌਰਾਨ ਕੀਤੀਆਂ ਉੱਚ ਪੱਧਰੀ ਮੀਟਿੰਗਾਂ
ਡੀਜੀਪੀ ਨੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਇਆ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੀਪੀਜ਼/ਐਸਐਸਪੀਜ਼ ਨੂੰ ਵਧੇਰੇ ਚੌਕਸ ਰਹਿਣ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਵਾਸਤੇ ਕਿਹਾ
ਡੀਜੀਪੀ ਵੱਲੋਂ ਦਹਿਸ਼ਤ ਦੇ ਹਾਲਾਤਾਂ ਨਾਲ ਨਜਿੱਠਣ ਲਈ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਕਿਊ.ਆਰ.ਟੀ.ਅਤੇ ਆਰਮਡ ਰਿਜ਼ਰਵ ਤਾਇਨਾਤ ਕਰਨ ਦੀ ਤਜਵੀਜ਼
ਪੰਜਾਬੀ ਖ਼ਬਰਸਾਰ ਬਿਉਰੋ
ਰੂਪਨਗਰ/ਲੁਧਿਆਣਾ/ਜਲੰਧਰ/ਅੰਮ੍ਰਿਤਸਰ, 27 ਜੁਲਾਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸਾਰੇ ਸੀਪੀਜ਼ ਅਤੇ ਐਸਐਸਪੀਜ਼ ਨੂੰ ਆਦੇਸ਼ ਦਿੱਤੇ ਹਨ ਕਿ ਉਹ ਪੁਲਿਸ ਮੁਲਾਜ਼ਮਾਂ ਨੂੰ ਨਾਨ-ਕੋਰ ਡਿਊਟੀਆਂ ਤੋਂ ਹਟਾ ਕੇ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਸਾਰੇ ਥਾਣਿਆਂ ਵਿੱਚ ਕਰਮਚਾਰੀਆਂ ਦੀ ਗਿਣਤੀ ਵਧਾਉਣ।ਸੂਬੇ ਭਰ ਵਿੱਚ ਰੇਂਜ ਪੱਧਰੀ ਮੀਟਿੰਗਾਂ ਕਰਦਿਆਂ ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਜ਼ਿਲ੍ਹਿਆਂ ਵਿੱਚ ਤਾਇਨਾਤ ਕੁੱਲ ਪੁਲਿਸ ਮੁਲਾਜ਼ਮਾਂ ਵਿੱਚੋਂ ਘੱਟੋ-ਘੱਟ 50 ਫੀਸਦ ਮੁਲਾਜ਼ਮ ਪੁਲਿਸ ਥਾਣਿਆਂ ਵਿੱਚ ਤਾਇਨਾਤ ਕੀਤੇ ਜਾਣ।
ਡੀਜੀਪੀ ਨੇ ਆਪਣੇ ਖੇਤਰੀ ਦੌਰੇ ਦੌਰਾਨ ਰੂਪਨਗਰ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ ਚਾਰ ਪੁਲਿਸ ਰੇਂਜਾਂ ਨੂੰ ਕਵਰ ਕੀਤਾ ਅਤੇ ਸਬੰਧਤ ਪੁਲਿਸ ਰੇਂਜਾਂ ਦੇ ਸੀਪੀਜ਼, ਆਈਜੀਪੀਜ਼/ਡੀਆਈਜੀਜ਼, ਐਸਐਸਪੀਜ਼, ਗਜ਼ਟਿਡ ਅਫਸਰਾਂ ਅਤੇ ਐਸਐਚਓਜ਼ ਨਾਲ ਅਪਰਾਧ ਸਮੀਖਿਆ ਮੀਟਿੰਗਾਂ ਕੀਤੀਆਂ।ਉਨ੍ਹਾਂ ਨੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੀ ਤਰਜ਼ ‘ਤੇ ਹਰੇਕ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਕੁਇਕ ਰਿਐਕਸ਼ਨ ਟੀਮ (ਕਿਊ.ਆਰ.ਟੀ.) ਅਤੇ 2 ਆਰਮਡ ਰਿਜ਼ਰਵ, ਜਿਸ ਵਿੱਚ ਉੱਚ ਸਿਖਲਾਈ ਪ੍ਰਾਪਤ ਅਤੇ ਪੂਰੀ ਤਰ੍ਹਾਂ ਲੈਸ ਪੁਲਿਸ ਕਰਮਚਾਰੀ ਸ਼ਾਮਲ ਹੋਣ, ਤਾਇਨਾਤ ਕਰਨ ਦਾ ਵੀ ਪ੍ਰਸਤਾਵ ਦਿੱਤਾ ।
ਉਨ੍ਹਾਂ ਨੇ ਸੀਪੀਜ਼/ਐਸਐਸਪੀਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਪੁਲਿਸ ਸਟੇਸ਼ਨ ਦੇ ਖੇਤਰਾਂ ਨੂੰ ਬੀਟਾਂ ਵਿੱਚ ਵੰਡਣ ਅਤੇ ਹਰੇਕ ਬੀਟ ਖੇਤਰ ਵਿੱਚ ਇੱਕ ਬੀਟ ਅਫ਼ਸਰ ਲਗਾਇਆ ਜਾਵੇ ਤਾਂ ਜੋ ਪੁਲਿਸ ਅਧਿਕਾਰੀ ਦੀ ਵਿਸ਼ੇਸ਼ ਖੇਤਰਾਂ ਲਈ ਜਵਾਬਦੇਹੀ ਤੈਅ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਅਧਿਕਾਰੀ ਐਸ.ਐਚ.ਓਜ਼ ਨੂੰ ਮਾੜੇ ਅਨਸਰਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਖੋਲ੍ਹਣ ਅਤੇ ਉਨ੍ਹਾਂ ਦੀ ਸੂਚੀ ਬਣਾਉਣ ਦੇ ਨਿਰਦੇਸ਼ ਦੇਣ ਤਾਂ ਜੋ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਐਸ.ਐਚ.ਓਜ਼ ਨੂੰ ਵੱਡੇ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਦੀ ਨਿੱਜੀ ਤੌਰ ‘ਤੇ ਜਾਂਚ ਕਰਨ ਲਈ ਵੀ ਕਿਹਾ।
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਨੇ ਸੀਪੀਜ਼/ਐਸਐਸਪੀਜ਼ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਾਲ-ਨਾਲ ਸਾਰੀਆਂ ਸੰਵੇਦਨਸ਼ੀਲ ਥਾਵਾਂ ‘ਤੇ ਚੌਕਸੀ ਰੱਖਣ ਦੇ ਆਦੇਸ਼ ਦਿੱਤੇ।ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜ਼ਿਲ੍ਹਾ ਪੱਧਰ ‘ਤੇ ਮਹੀਨਾਵਾਰ ਅਪਰਾਧ ਸਮੀਖਿਆ ਮੀਟਿੰਗਾਂ ਕਰਨ ਅਤੇ ਸੋਮਵਾਰ ਦੀ ਪਰੇਡ ਨੂੰ ਮੁੜ ਬਹਾਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਲੋਕ-ਪੱਖੀ ਪੁਲਿਸਿੰਗ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਲਈ ਸੰਚਾਰ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਿਆ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।
ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਸਮੂਹ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਵਰਦੀ ਵਿੱਚ ਕਾਲੀਆਂ ਭੇਡਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗਲਤ ਕਾਰਵਾਈ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।ਡੀਜੀਪੀ ਨੇ ਬੁਨਿਆਦੀ ਪੁਲਿਸਿੰਗ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸੀਆਰਪੀਸੀ ਦੀਆਂ ਧਾਰਾਵਾਂ 107, 109 ਅਤੇ 110 ਤਹਿਤ ਰੋਕਥਾਮ ਦੀਆਂ ਕਾਰਵਾਈਆਂ ਕਰਨ ਅਤੇ ਪੁਲਿਸ ਸਟੇਸ਼ਨਾਂ ਦੇ ਰਿਕਾਰਡ ਨੂੰ ਅਪਡੇਟ ਰੱਖਣ ਲਈ ਵੀ ਕਿਹਾ।
Share the post "ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਜੰਗ: ਡੀਜੀਪੀ ਵੱਲੋਂ ਕੁੱਲ ਪੁਲਿਸ ਫੋਰਸ ‘ਚੋਂ 50 ਫੀਸਦ ਕਰਮਚਾਰੀ ਥਾਣਿਆਂ ਵਿੱਚ ਤਾਇਨਾਤ ਕਰਨ ਦੇ ਹੁਕਮ"