ਗਿ੍ਰਫਤਾਰ ਕੀਤੇ ਮੁਲਜਮਾਂ ’ਚ ਪਿਊ-ਪੁੱਤ ਦੀ ਜੋੜੀ ਤੋਂ ਇਲਾਵਾ ਹੋਮਗਾਰਡ ਦੇ ਜਵਾਨ ਦਾ ਪੁੱਤਰ ਵੀ ਸ਼ਾਮਲ
ਪੁਲਿਸ ਨੂੰ ਮੁਢਲੀ ਪੁਛਗਿਛ ਦੌਰਾਨ ਦਰਜ਼ਨਾਂ ਫ਼ਿਰੌਤੀਆਂ ਦੇ ਕੇਸਾਂ ਦਾ ਲੱਗਿਆ ਪਤਾ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਮਹਰੂਮ ਪੰਜਾਬੀ ਗਾਇਕ ਸਿੱਧੂ ਮੁੂਸੇਵਾਲਾ ਦੇ ਕਾਤਲਾਂ ਨੂੰ ਕਰੋਲਾ ਗੱਡੀ ਮੁਹੱਈਆ ਕਰਵਾਉਣ ਅਤੇ ਗੈਂਗਸਟਰ ਕੁਲਵੀਰ ਨਰੂਆਣਾ ਦਾ ਕਤਲ ਕਰਨ ਵਾਲੇ ਗੈਂਗਸਟਰ ਮਨਪ੍ਰੀਤ ਮੰਨਾ ਨਾਲ ਮਿਲਕੇ ਤਲਵੰਡੀ ਸਾਬੋ ਤੇ ਰਾਮਾ ਮੰਡੀ ’ਚ ਫ਼ਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਪੁਲਿਸ ਨੇ ਅੱਧੀ ਦਰਜ਼ਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਕੋਲੋ ਫ਼ਿਰੌਤੀ ਦੇ ਰੂਪ ’ਚ ਵਸੂਲੀ ਗਈ ਕਰੀਬ 20 ਲੱਖ ਰੁਪਏ ਦੀ ਨਗਦੀ, ਤਿੰਨ ਪਿਸਤੌਲ ਅਤੇ ਇੱਕ ਬੰਦੂਕ ਬਰਾਮਦ ਕੀਤੀ ਗਈ ਹੈ। ਇਸਤੋਂ ਇਲਾਵਾ ਇਸ ਕੇਸ ਵਿਚ ਨਾਮਜਦ ਕੀਤੇ ਗਏ ਨਗਰ ਕੋਂਸਲ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਅਤੇ ਕੋਂਸਲਰ ਸਤਿੰਦਰ ਸਿੰਘ ਹਾਲੇ ਤੱਕ ਫ਼ਰਾਰ ਦੱਸੇ ਜਾ ਰਹੇ ਹਨ। ਅੱਜ ਇੱਥੇ ਜਾਣਕਾਰੀ ਦਿੰਦਿਆਂ ਬਠਿੰਡਾ ਜੋਨ ਦੇ ਇੰਸਪੈਕਟਰ ਜਨਰਲ ਮੁਖਵਿੰਦਰ ਸਿੰਘ ਛੀਨਾ ਅਤੇ ਬਠਿੰਡਾ ਦੇ ਐਸ.ਐਸ.ਪੀ ਜੇ.ਇਲਨਚੇਲੀਅਨ ਨੇ ਦੱਸਿਆ ਕਿ 09.10.2022 ਨੂੰ ਵਿਜੈ ਕੁਮਾਰ ਪੁੱਤਰ ਰਘੂ ਨਾਥ ਰਾਏ ਵਾਸੀ ਨੱਤ ਰੋਡ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਦੇ ਬਿਆਨ ਉਪਰ ਮੁੱਕਦਮਾ ਨੰਬਰ- 179,ਮਿਤੀ- 09.10.2022 ,ਅ/ਧ- 384,386,387,506,120-ਬੀ ਹਿੰ.ਦੰ.,ਥਾਣਾ- ਤਲਵੰਡੀ ਸਾਬੋ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਉਕਤ ਵਿਅਕਤੀ ਦੀ ਇੱਕ ਮੁਲਜਮ ਵਲੋਂ ਮਨਪ੍ਰੀਤ ਸਿੰਘ ਉਰਫ ਮੰਨਾ ਨਾਲ ਗੱਲਬਾਤ ਕਰਵਾਈ ਗਈ, ਜਿਸ ਵਿਚ ਉਸ ਕੋਲੋ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸਦੇ ਚੱਲਦੇ ਮੁਦਈ ਨੇ ਤਲਵੰਡੀ ਸਾਬੋ ਦੇ ਕੋਂਸਲਰ ਸਤਿੰਦਰ ਸਿੰਘ ਰਾਹੀਂ ਪਹਿਲਾਂ 07.10.2022 ਨੂੰ 4,00,000/- ਰੁਪਏ ਅਤੇ ਫਿਰ ਮਿਤੀ- 08.10.2022 ਨੂੰ 6,00,000/- ਰੁਪਏ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਭੇਜੇ ਵਿਅਕਤੀ ਨੂੰ ਦਿੱਤੇ। ਇਸਤੋਂ ਬਾਅਦ ਪੁਲਿਸ ਵਲੋਂ ਮਾਮਲਾ ਦਾ ਪਤਾ ਚੱਲਣ ’ਤੇ ਪਰਚਾ ਦਰਜ਼ ਕਰਕੇ ਪੜਤਾਲ ਸ਼ੁਰੂ ਕੀਤੀ ਗਈ ਅਤੇ ਨਾਲ ਹੀ ਐਸ.ਐਸ.ਪੀ ਜੇ.ਇਲਨਚੇਲੀਅਨ ਵਲੋਂ ਡੀਐਸਪੀ ਦਵਿੰਦਰ ਸਿੰਘ, ਡੀਐਸਪੀ ਤਲਵੰਡੀ ਸਾਬੋ ਬੂਟਾ ਸਿੰਘ, ਸੀ.ਆਈ.ਏ-1 ਬਠਿੰਡਾ ਦੇ ਇੰਚਾਰਜ਼ ਐਸ ਆਈ ਤਰਜਿੰਦਰ ਸਿੰਘ , ਸੀ ਆਈ ਏ-2 ਬਠਿੰਡਾ ਦੇ ਇੰਚਾਰਜ ਐਸ ਆਈ ਕਰਨਦੀਪ ਸਿੰਘ ਅਤੇ ਮੁੱਖ ਅਫਸਰ ਥਾਣਾ ਤਲਵੰਡੀ ਸਾਬੋ ਐਸ ਆਈ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲਾ ਬਠਿੰਡਾ ਵਿੱਚ ਸਪੈਸ਼ਲ ਟੀਮਾਂ ਬਣਾਈਆਂ ਗਈਆਂ। ਇੰਨ੍ਹਾਂ ਟੀਮਾਂ ਨੇ ਸਾਂਝਾ ਅਪਰੇਸ਼ਨ ਕਰਦਿਆਂ ਇੱਕ ਸਕਾਰਪੀਓ ਗੱਡੀ ਵਿਚੋਂ ਕਰਨਦੀਪ ਸਿੰਘ ਉਰਫ ਝੰਡਾ, ਗੁਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਉਰਫ ਬੋਬੀ, ਕਾਲਾ ਸਿੰਘ, ਤਾਜਵੀਰ ਸਿੰਘ ਉਰਫ ਸਪੋਟੀ ਅਤੇ ਪਰਮਵੀਰ ਸਿੰਘ ਉਰਫ ਪਰਮ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਗੁਰਪ੍ਰੀਤ ਸਿੰਘ ਦੇ ਹੱਥ ਵਿੱਚ ਫੜੇ ਕਿੱਟ ਬੈਗ ਵਿੱਚੋਂ 5,85,000 ਰੁਪਏ ਬਰਾਮਦ ਹੋਏ। ਜ਼ਸਨਦੀਪ ਸਿੰਘ ਉਰਫ ਬੌਬੀ ਦੀ ਤਲਾਸ਼ੀ ਕੀਤੀ ਤਾਂ ਉਸਦੇ ਡੱਬ ਵਿੱਚੋ ਇੱਕ ਪਿਸਟਲ 30 ਬੋਰ ਮਿਲਿਆ। ਕਾਲਾ ਸਿੰਘ ਉਕਤ ਦੀ ਤਲਾਸ਼ੀ ਕਰਨ ’ਤੇ ਉਸਦੇ ਕੋਲੋਂ ਇੱਕ ਪਿਸਟਲ 32 ਬੋਰ ਮਿਲਿਆ। ਤਾਜਵੀਰ ਸਿੰਘ ਦੀ ਤਲਾਸ਼ੀ ਦੌਰਾਨ ਵੀ ਇੱਕ ਪਿਸਟਲ 32 ਬੋਰ ਮਿਲਿਆ। ਜਦੋਂਕਿ ਪਰਮਵੀਰ ਸਿੰਘ ਉਰਫ਼ ਪਰਮ ਕੋਲੋ 12 ਬੋਰ ਬੰਦੂਕ ਬਰਾਮਦ ਅਤੇ 50 ਹਜ਼ਾਰ ਰੁਪਏ ਬਰਾਮਦ ਹੋਏ। ਪੁੱਛਗਿੱਛ ਦੌਰਾਨ ਤਾਜਵੀਰ ਸਿੰਘ ਦੇ ਇੰਕਸਾਫ ’ਤੇ ਉਸਦੇ ਘਰ ਵਿੱਚੋਂ 13,80,000/- ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ, ਜੋ ਇਸ ਤਰਾਂ ਹੁਣ ਤੱਕ ਇਸ ਮੁੱਕਦਮਾ ਵਿੱਚ ਇਹਨਾਂ ਪਾਸੋਂ ਫਿਰੋਤੀ ਦੇ 20,15,000/- ਰੁਪਏ ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਮੁਤਾਬਕ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ’ਤੇ ਜਿਸ ਵਪਾਰੀ ਪਾਸੋਂ ਉਸਨੇ ਫਿਰੋਤੀ ਹਾਸਿਲ ਕਰਨੀ ਹੁੰਦੀ ਹੈ ਉਸ ਨਾਲ ਆਪਣੀ ਪਹਿਚਾਣ ਨੂੰ ਛਪਾਉਂਦੇ ਹੋਏ ਆਪਣੇ ਫੋਨ ਤੋਂ ਗੱਲ ਕਰਵਾਉਂਦੇ ਸੀ ਅਤੇ ਜੇਕਰ ਕੋਈ ਵਾਰੀ ਮਨਪ੍ਰੀਤ ਸਿੰਘ ਉਰਫ ਮੰਨਾ ਦੀ ਗੱਲ ਨਹੀ ਮੰਨਦਾ ਸੀ ਤਾਂ ਉਸ ਵਪਾਰੀ ਦੇ ਘਰ ਦੇ ਸਾਹਮਣੇ ਹਵਾਈ ਫਾਇਰ ਕਰਦੇ ਸੀ ਅਤੇ ਰੋੜੇ ਵਗੈਰਾ ਵੀ ਮਾਰ ਦਿੰਦੇ ਸੀ ਅਤੇ ਸਮਾਨ ਵਗੈਰਾ ਤੋੜ ਦਿੰਦੇ ਸੀ। ਜਦੋਂ ਵਪਾਰੀ ਸਾਨੂੰ ਪੈਸੇ ਪਹੁੰਚਾ ਦਿੰਦੇ ਸੀ ਤਾਂ ਅਸੀਂ ਕੁਝ ਪੈਸੇ ਆਪਣੇ ਖਰਚੇ ਲਈ ਰੱਖ ਕੇ ਬਾਕੀ ਪੈਸੇ ਤਾਜਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਪਣੇ ਪਾਸ ਰੱਖਦੇ ਸੀ ਅਤੇ ਉਹ ਅੱਗੇ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ’ਤੇ ਇਹ ਪੈਸੇ ਅੱਗੇ ਪਹੁੰਚਾ ਦਿੰਦੇ ਸੀ। ਇੱਥੇ ਦਸਣਾ ਬਣਦਾ ਹੈ ਕਿ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਕੁਲਵੀਰ ਸਿੰਘ ਨਰੂਆਣਾ ਅਤੇ ਉਸਦੇ ਸਾਥੀ ਕਤਲ ਦੇ ਸਬੰਧ ਵਿੱਚ ਅਗਸਤ-2021 ਤੋਂ ਫਿਰੋਜ਼ਪੁਰ ਜੇਲ ਵਿੱਚ ਬੰਦ ਹੈ ਅਤੇ ਉਸਦਾ ਸਬੰਧ ਗੋਲਡੀ ਬਰਾੜ ਅਤੇ ਲੋਰੈਂਸ ਬਿਸ਼ਨੋਈ ਨਾਲ ਹੈ ਅਤੇ ਇਹ ਉਹਨਾਂ ਦੇ ਗੈਂਗ ਦਾ ਹੀ ਮੈਂਬਰ ਹੈ। ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇਸਨੇ ਕਰੋਲਾ ਗੱਡੀ ਮੁਹੱਈਆ ਕਰਵਾਈ ਸੀ। ਇਸਤੋਂ ਇਲਾਵਾ ਰਾਮਾਂ ਮੰਡੀ ਵਿਖੇ ਇੱਕ ਵਪਾਰੀ ਤੋਂ ਗੋਲਡੀ ਬਰਾੜ ਨਾਲ ਰਲ ਕੇ 01 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ, ਜਿਸਦੇ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਸਮੇਤ 04 ਦੋਸ਼ੀਆਂ ਦੀ ਗਿ੍ਰਫਤਾਰੀ ਹੋ ਚੁੱਕੀ ਹੈ, ਜਿੰਨਾਂ ਪਾਸੋਂ 03 ਹਥਿਆਰ ਵੀ ਬਰਾਮਦ ਹੋ ਚੁੱਕੇ ਹਨ ਅਤੇ ਗੋਲਡੀ ਬਰਾੜ ਦੀ ਗਿ੍ਰਫਤਾਰੀ ਹਾਲੇ ਬਾਕੀ ਹੈ।
ਗੈਂਗਸਟਰ ਮਨਪ੍ਰੀਤ ਮੰਨਾ ਦੇ ਨਾਲ ਮਿਲਕੇ ਫ਼ਿਰੌਤੀਆਂ ਮੰਗਣ ਵਾਲਾ ਗਿਰੋਹ ਕਾਬੂ
11 Views