ਗੈਂਗਸਟਰ ਰਾਜਵੀਰ ਸਿੰਘ ਦੀ ਜੇਲ੍ਹ ਅੰਦਰ ਕੁੱਟਮਾਰ ਕਰਨ ਅਤੇ ਕੇਸ ਕਤਲ ਕਰਨ ਦਾ ਮਾਮਲਾ ਭਖਿਆ

0
36
0

ਸਿੱਖ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਕੇ ਇਨਸਾਫ਼ ਦੇਣ ਲਈ ਦਿੱਤਾ ਅਲਟੀਮੇਟਮ
ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਸਥਾਨਕ ਕੇਂਦਰੀ ਜੇਲ੍ਹ ’ਚ ਬੰਦ ਇੱਕ ਸਿੱਖ ਨੌਜਵਾਨ ਰਾਜਵੀਰ ਸਿੰਘ ਦੀ ਜੇਲ੍ਹ ਅੰਦਰ ਕਥਿਤ ਕੁੱਟਮਾਰ ਕਰਨ ਅਤੇ ਉਸਦੇ ਕੇਸ ਕਤਲ ਕਰਨ ਦਾ ਮਾਮਲਾ ਦਿਨ-ਬ-ਦਿਨ ਭਖਦਾ ਜਾ ਰਿਹਾ ਹੈ। ਅੱਜ ਇਸ ਮਾਮਲੇ ਨੂੰ ਲੈ ਕੇ ਕੈਦੀ ਰਾਜਵੀਰ ਸਿੰਘ ਦੀ ਮਾਤਾ ਅਤੇ ਸਿੱਖ ਜਥੇਬੰਦੀਆਂ ਦੇ ਆਗੂ, ਜਿੰਨ੍ਹਾਂ ਵਿੱਚ ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਖਾਲਸਾ , ਸਤਿਕਾਰ ਸਭਾ ਵੱਲੋਂ ਲਖਵੀਰ ਸਿੰਘ ਮਾਲਮ, ਬਲਦੇਵ ਸਿੰਘ ਸਿਰਸਾ ਆਦਿ ਦੀ ਅਗਵਾਈ ਹੇਠ ਦਰਜ਼ਨਾਂ ਆਗੂਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ। ਡਿਪਟੀ ਕਮਿਸ਼ਨਰ ਦਫ਼ਤਰ ’ਚ ਹੋਈ ਇਸ ਮੀਟਿੰਗ ਵਿਚ ਡੀਸੀ ਅਹਿਮਦ ਪਾਰੇ ਤੋਂ ਇਲਾਵਾ ਐਸ.ਐਸ.ਪੀ ਜੇ.ਇਲਨਚੇਲੀਅਨ ਅਤੇ ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ ਆਦਿ ਉਚ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਸਿੱਖ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦੇ ਹੋਏ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਵੀਰ ਸਿੰਘ ਦੀ ਮਾਤਾ ਨੇ ਐਲਾਨ ਕੀਤਾ ਜਿੰਨੀ ਦੇਰ ਤਕ ਉਸ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲਦਾ ਉੁਹ ਟਿਕ ਕੇ ਨਹੀਂ ਬੈਠਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਜੇਲ੍ਹ ਅੰਦਰ ਉਸਦੇ ਪੁੱਤਰ ਨਾਲ ਇਸ ਕਾਰਨ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਕਿ ਉਹ ਜੇਲ੍ਹ ਅੰਦਰ ਚੱਲ ਰਹੇ ਭਿ੍ਰਸਟਾਚਾਰ ਤੇ ਭਾਈ-ਭਤੀਜ਼ਾ ਖਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਹੈ। ਜਿਸਦੇ ਚੱਲਦੇ ਪਿਛਲੇ ਦਿਨੀਂ ਜੇਲ੍ਹ ਪ੍ਰਸ਼ਾਸਨ ਦੀ ਸਹਿ ’ਤੇ ਰਾਜਵੀਰ ਦੀ ਭਾਰੀ ਕੁੱਟਮਾਰ ਕਰਨ ਅਤੇ ਤਸੀਹੇ ਦੇਣ ਦੇ ਤੋਂ ਇਲਾਵਾ ਜੇਲ੍ਹ ਦੇ ਦੋ ਮੁਲਾਜਮਾਂ ਨੇ ਉਸਦੇ ਕੇਸ ਕਤਲ ਕਰ ਦਿੱਤੇ ਸਨ। ਇਸ ਮੌਕੇ ਹਰਦੀਪ ਸਿੰਘ ਖ਼ਾਲਸਾ ਤੇ ਬਲਦੇਵ ਸਿੰਘ ਸਿਰਸਾ ਨੇ ਵੀ ਐਲਾਨ ਕੀਤਾ ਕਿ ਉਹ ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਸਿੱਖਾਂ ਨਾਲ ਹੋਰ ਰਹੀਆਂ ਧੱਕੇਸ਼ਾਹੀਆਂ ਵਿਰੁਧ ਚੁੱਪ ਕਰਕੇ ਨਹੀਂ ਬੈਠਣਗੇ।

0

LEAVE A REPLY

Please enter your comment!
Please enter your name here