ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ :-ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ) ਵੱਲੋਂ ਅੱਜ ਗੈਂਗਸਟਰਵਾਦ ਕਲਚਰ ਨੂੰ ਠੱਲ ਪਾਉਣ ਲਈ ਪੰਜਾਬ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਵਿਚ ਕੀਤੀ ਛਾਪੇਮਾਰੀ ਤਹਿਤ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਦੋ ਗੈਂਗਸਟਰਾਂ ਦੇ ਘਰ ਛਾਪੇਮਾਰੀ ਕੀਤੀ ਗਈ। ਸੂਚਨਾ ਮੁਤਾਬਕ ਕੇਂਦਰੀ ਜਾਂਚ ਏਜੰਸੀ ਦੀ ਟੀਮ ਅੱਜ ਸਵੇਰ ਦਿਨ ਚੜ੍ਹਦੇ ਹੀ ਇਲਾਕੇ ਦੇ ਚਰਚਿਤ ਗੈਂਗਸਟਰ ਰੰਮੀ ਮਛਾਣਾ ਅਤੇ ਮਨਜਿੰਦਰ ਮਿੰਦੀ ਦੇ ਘਰ ਪੁੱਜੀ। ਇੰਨ੍ਹਾਂ ਦੋਨਾਂ ਗੈਂਗਸਟਰਾਂ ਦੇ ਘਰ ਸੰਗਤ ਅਤੇ ਤਲਵੰਡੀ ਸਾਬੋ ਵਿਚ ਪੈਂਦੇ ਹਨ। ਏਜੰਸੀ ਦੇ ਅਧਿਕਾਰੀਆਂ ਨੇ ਕਰੀਬ ਚਾਰ ਘੰਟੇ ਤੱਕ ਦੋਨਾਂ ਗੈਂਗਸਟਰਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਇਸ ਦੌਰਾਨ ਨਾਂ ਹੀ ਕਿਸੇ ਨੂੰ ਘਰ ਦੇ ਅੰਦਰ ਆਉਣ ਦਿੱਤਾ ਅਤੇ ਨਾਂ ਹੀ ਘਰ ਵਿਚ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਬਾਹਰ ਜਾਣ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ ਵਿਚ ਮੀਡੀਆ ਕਰਮਚਾਰੀ ਵੀ ਪੁੱਜੇ ਹੋਏ ਸਨ ਪ੍ਰੰਤੂ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਕਿਸੇ ਦੇ ਨਾਲ ਕੋਈ ਗੱਲ ਨਹੀਂ ਕੀਤੀ। ਪੁਲਿਸ ਵਲੋਂ ਵੀ ਏਜੰਸੀ ਦੇ ਨਾਲ ਵੱਡੀ ਗਿਣਤੀ ਵਿਚ ਸਥਾਨਕ ਥਾਣਿਆਂ ਦੇ ਕਰਮਚਾਰੀ ਘਰਾਂ ਦੇ ਬਾਹਰ ਤੈਨਾਤ ਕੀਤੇ ਹੋਏ ਸਨ। ਸੂਚਨਾ ਮੁਤਾਬਕ ਏਜੰਸੀ ਦੀ ਟੀਮ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੋਰ ਸਿੰਘ ਵਾਲਾ ਵਿਖੇ ਮਨਜਿੰਦਰ ਸਿੰਘ ਮਿੰਦੀ ਅਤੇ ਸੰਗਤ ਵਿਚ ਪੈਂਦੇ ਪਿੰਡ ਮਛਾਣਾ ਦੇ ਰਹਿਣ ਵਾਲੇ ਗੈਂਗਸਟਰ ਰੰਮੀ ਮਛਾਣਾ ਦੇ ਘਰ ਸਵੇਰੇ ਕਰੀਬ 5.30 ਵਜੇ ਪੁੱਜ ਗਈ ਸੀ। ਪਤਾ ਲੱਗਿਆ ਹੈ ਕਿ ਟੀਮ ਦੇ ਅਧਿਕਾਰੀਆਂ ਨੇ ਜਾਂਦਿਆਂ ਹੀ ਘਰ ਵਿਚ ਮੌਜੂਦ ਵਿਅਕਤੀਆਂ ਦੇ ਮੋਬਾਇਲ ਫ਼ੋਨ ਕਬਜੇ ਵਿਚ ਲੈ ਲਏ ਤੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਘਰ ਦੀ ਫਰੋਲਾ ਫਰਾਲੀ ਕੀਤੀ ਅਤੇ ਸ਼ੱਕੀ ਕਾਗ਼ਜ਼ ਪੱਤਰਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਦਸਣਾ ਬਣਦਾ ਹੈ ਕਿ ਗੈਂਗਸਟਰ ਰੰਮੀ ਮਛਾਣਾ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ ਜਦੋਂਕਿ ਮਨਜਿੰਦਰ ਸਿੰਘ ਮਿੰਦੀ ਹਰਿਆਣਾ ਦੀ ਇੱਕ ਜੇਲ੍ਹ ਵਿਚ ਸਜਾ ਭੁਗਤ ਰਿਹਾ ਹੈ। ਰੰਮੀ ਮਛਾਣਾ ਦੀ ਮਾਤਾ ਪਰਮਜੀਤ ਕੌਰ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦਾ ਪੁੱਤਰ ਕਰੀਬ ਅੱਠ ਸਾਲਾਂ ਤੋਂ ਜੇਲ੍ਹ ਅੰਦਰ ਬੰਦ ਹੈ ਪ੍ਰੰਤੂ ਜਾਣਬੁੱਝ ਕੇ ਪ੍ਰਵਾਰ ਨੂੰ ਤੰਗ ਕੀਤਾ ਜਾ ਰਿਹਾ।
ਗੈਂਗਸਟਰ ਰੰਮੀ ਮਛਾਣਾ ਅਤੇ ਮਨਜਿੰਦਰ ਮਿੰਦੀ ਦੇ ਘਰ ਐਨ.ਆਈ.ਏ ਦੀ ਛਾਪੇਮਾਰੀ
26 Views