ਵਪਾਰੀ ਤੋਂ ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਕਰੇਗੀ ਪੁਛਗਿਛ
ਕੇਸ ’ਚ ਗੋਲਡੀ ਬਰਾੜ ਵੀ ਹੈ ਨਾਮਜਦ, ਮਨਪ੍ਰੀਤ ਮੰਨਾ ਸਹਿਤ ਕਈ ਗੈਗਸਟਰਾਂ ਨੂੰ ਪੁਲਿਸ ਕਰ ਚੁੱਕੀ ਹੈ ਗ੍ਰਿਫਤਾਰ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਕਥਿਤ ਮੁੱਖ ‘ਪਲੇਨਰ’ ਮੰਨੇ ਜਾਂਦੇ ਚਰਚਿਤ ਗੈਗਸਟਰ ਲਾਰੇਂਸ ਬਿਸਨੋਈ ਹੁਣ ਮੁੜ ਬਠਿੰਡਾ ਪੁਲਿਸ ਦੀ ਹਿਰਾਸਤ ’ਚ ਵਿਚ ਆ ਗਿਆ ਹੈ। ਕੁੱਝ ਹਫ਼ਤੇ ਰਾਜਸਥਾਨ ਪੁਲਿਸ ਦੀ ਹਿਰਾਸਤ ਵਿਚ ਰਹਿਣ ਤੋਂ ਬਾਅਦ ਜੇਪੂੁਰ ਦੀ ਜੇਲ੍ਹ ’ਚ ਬੰਦ ਲਾਰੇਂਸ ਬਿਸਨੋਈ ਨੂੰ ਅੱਜ ਬਠਿੰਡਾ ਪੁਲਿਸ ਨੇ 6 ਮਹੀਨੇ ਪਹਿਲਾਂ ਰਾਮਾ ਮੰਡੀ ਦੇ ਇੱਕ ਵਪਾਰੀ ਤੋਂ ਇੱਕ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਤਲਵੰਡੀ ਸਾਬੋ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਪੁਲਿਸ ਨੂੰ ਸੋਂਪ ਦਿੱਤਾ। ਬੀਤੇ ਕੱਲ ਹੀ ਰਾਜਸਥਾਨ ਪੁਲਿਸ ਉਸਨੂੰ ਬਠਿੰਡਾ ਛੱਡ ਕੇ ਗਈ ਸੀ, ਜਿੱਥੇ ਸੀਆਈਏ ਸਟਾਫ਼ ’ਚ ਰੱਖਣ ਤੋਂ ਬਾਅਦ ਉਸਨੂੰ ਬਠਿੰਡਾ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। 19 ਸਤੰਬਰ 2022 ਨੂੰ ਥਾਣਾ ਰਾਮਾ ਮੰਡੀ ’ਚ ਦਰਜ਼ ਇਸ ਮੁਕੱਦਮੇ ਵਿਚ ਪੁਲਿਸ ਵਲੋਂ ਕੈਨੇਡਾ ਰਹਿ ਰਹੇ ਗੈਗਸਟਰ ਗੋਲਡੀ ਬਰਾੜ ਸਹਿਤ ਕਈਆਂ ਨੂੰ ਨਾਮਜਦ ਕੀਤਾ ਹੋਇਆ ਹੈ। ਕੇਸ ਵਿਚ ਹੁਣ ਤੱਕ ਇਕੱਲਾ ਗੋਲਡੀ ਬਰਾੜ ਹੀ ਬਾਹਰ ਹੋਣ ਕਾਰਨ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਦੋਂਕਿ ਸਿੱਧੂ ਮੂਸੇਵਾਲਾ ਕਾਂਡ ’ਚ ਕਰੋਲਾ ਕਾਰ ਮੁਹੱਈਆ ਕਰਵਾਉਣ ਵਾਲਾ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਵੀ ਪੁਲਿਸ ਗ੍ਰਿਫਤਾਰ ਕਰਕੇ ਪੁਛਗਿਛ ਕਰ ਚੁੱਕੀ ਹੈ। ਇਸ ਫ਼ਿਰੌਤੀ ਮਾਮਲੇ ਵਿਚ ਵਪਾਰੀ ਅੰਕਿਤ ਗਰਗ ਵਲੋਂ ਪੈਸੇ ਦੇਣ ਤੋਂ ਨਾਹ ਕਰਨ ਤੋਂ ਬਾਅਦ ਗੈਗਸਟਰਾਂ ਨੇ ਉਸਨੂੰ ਡਰਾਉਣ ਲਈ ਉਸਦੇ ਘਰ ਅੱਗੇ ਹਵਾਈ ਫ਼ਾਈਰ ਵੀ ਕੀਤੇ ਸਨ। ਇਸ ਕੇਸ ਵਿਚ ਲਾਰੇਂਸ ਬਿਸਨੋਈ ਨੂੰ ਨਾਮਜਦ ਕਰਨ ਦੇ ਬਾਵਜੂਦ ਹਾਲੇ ਤੱਕ ਉਸਤੋਂ ਪੁਛਗਿਛ ਨਹੀਂ ਕਰ ਸਕੀ ਹੈ। ਜਿਸਦੇ ਚੱਲਦੇ ਰਾਜਸਥਾਨ ਤੋਂ ਵਾਪਸ ਬਠਿੰਡਾ ਜੇਲ੍ਹ ਵਿਚ ਲਿਆਉਣ ਤੋਂ ਬਾਅਦ ਅੱਜ ਉਸਨੂੰ ਸਖਤ ਸੁਰੱਖਿਆ ਹੇਠ ਤਲਵੰਡੀ ਸਾਬੋ ਦੇ ਐਡੀਸ਼ਨਲ ਸਿਵਲ ਜੱਜ ਅਜੇ ਮਿੱਤਲ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਉਸਨੂੰ ਪੁਲਿਸ ਕੋਲ ਪੁਛਗਿਛ ਲਈ ਸੋਂਪਿਆ ਗਿਆ।
ਗੈਗਸਟਰ ਲਾਰੇਂਸ ਬਿਸਨੋਈ ਮੁੜ ਬਠਿੰਡਾ ਪੁਲਿਸ ਦੀ ਹਿਰਾਸਤ ’ਚ
1 Views